ਸੰਗਰੂਰ, 16 ਅਗਸਤ: ਨਸ਼ਿਆਂ ਦੀ ਵਧ ਰਹੀ ਸਮੱਸਿਆ ਤੋਂ ਨੌਜਵਾਨ ਪੀੜ੍ਹੀ ਨੂੰ ਬਚਾਉਣ ਲਈ ਸੰਗਰੂਰ ਜ਼ਿਲ੍ਹੇ ਦੇ ਉਪਲੀ ਪਿੰਡ ਦੀ ਪੰਚਾਇਤ ਨੇ ਇਕ ਇਤਿਹਾਸਕ ਫੈਸਲਾ ਲੈਂਦਿਆਂ ਐਨਰਜੀ ਡ੍ਰਿੰਕਸ ਦੀ ਵਿਕਰੀ ਤੇ ਖਪਤ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ।
ਇਸ ਫ਼ੈਸਲੇ ਅਨੁਸਾਰ ਸਟਿੰਗ, ਚਾਰਜ, ਰੈੱਡ ਬੁੱਲ, ਹੈੱਲ ਵਰਗੇ ਸਾਰੇ ਐਨਰਜੀ ਡ੍ਰਿੰਕ ਹੁਣ ਪਿੰਡ ਵਿੱਚ ਨਾ ਹੀ ਵੇਚੇ ਜਾਣਗੇ ਅਤੇ ਨਾ ਹੀ ਵਰਤੇ ਜਾਣਗੇ। ਪਿੰਡ ਦੇ ਸਾਰੇ ਦਾਖਲਾ ਬਿੰਦੂਆਂ ’ਤੇ ਵੱਡੇ ਫਲੈਕਸ ਬੋਰਡ ਲਗਾ ਕੇ ਇਹ ਪਾਬੰਦੀ ਦਰਜ ਕਰ ਦਿੱਤੀ ਗਈ ਹੈ।
ਸਮਾਜਕ ਬਹਿਸ਼ਕਾਰ ਦੀ ਚੇਤਾਵਨੀ
ਪੰਚਾਇਤ ਨੇ ਸਾਰੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਐਨਰਜੀ ਡ੍ਰਿੰਕ ਦਾ ਸਟਾਕ ਨਾ ਰੱਖਣ ਤੇ ਨਾ ਹੀ ਵਿਕਰੀ ਕਰਨ। ਨਿਯਮ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਦੇ ਖਿਲਾਫ ਸਮਾਜਕ ਬਹਿਸ਼ਕਾਰ ਕੀਤਾ ਜਾਵੇਗਾ। ਸਥਾਨਕ ਦੁਕਾਨਦਾਰਾਂ ਨੇ ਵੀ ਇਸ ਫ਼ੈਸਲੇ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ।
ਸਰਪੰਚ ਨੇ ਕਿਹਾ ਕਿ ਐਨਰਜੀ ਡ੍ਰਿੰਕਸ, ਖਾਸ ਕਰਕੇ ਲਾਲ ਤੇ ਨੀਲੇ ਪੈਕੇਜ ਵਾਲੇ, ਵੱਧ ਕੈਫੀਨ ਵਾਲੇ ਹੁੰਦੇ ਹਨ, ਜੋ ਨੌਜਵਾਨਾਂ ਵਿੱਚ ਲਤ ਪੈਦਾ ਕਰ ਸਕਦੇ ਹਨ ਅਤੇ ਉਨ੍ਹਾਂ ਨੂੰ ਅੱਗੇ ਚੱਲ ਕੇ ਹੋਰ ਖਤਰਨਾਕ ਨਸ਼ਿਆਂ ਵੱਲ ਧੱਕ ਸਕਦੇ ਹਨ।
ਨੌਂ ਸਖ਼ਤ ਹਦਾਇਤਾਂ ਵੀ ਜਾਰੀ
ਐਨਰਜੀ ਡ੍ਰਿੰਕਸ ’ਤੇ ਪਾਬੰਦੀ ਦੇ ਨਾਲ ਹੀ ਪੰਚਾਇਤ ਨੇ ਨਸ਼ਿਆਂ ਖਿਲਾਫ਼ ਤੇ ਅਨੁਸ਼ਾਸਨ ਬਣਾਈ ਰੱਖਣ ਲਈ ਨੌਂ ਸਖ਼ਤ ਨਿਯਮ ਵੀ ਲਾਗੂ ਕੀਤੇ ਹਨ:
-
ਕੋਈ ਵੀ ਦੁਕਾਨਦਾਰ ਐਨਰਜੀ ਡ੍ਰਿੰਕ ਨਹੀਂ ਵੇਚੇਗਾ; ਉਲੰਘਣਾ ਕਰਨ ’ਤੇ ਸਮਾਜਕ ਬਹਿਸ਼ਕਾਰ।
-
ਜੇ ਕੋਈ ਨਸ਼ੇ ਕਰਦਾ ਜਾਂ ਵੇਚਦਾ ਫੜਿਆ ਗਿਆ ਤਾਂ ਪਿੰਡ ਜਾਂ ਪੰਚਾਇਤ ਵੱਲੋਂ ਉਸ ਨੂੰ ਨਾ ਜ਼ਮਾਨਤ ਮਿਲੇਗੀ ਤੇ ਨਾ ਹੀ ਕੋਈ ਕਾਨੂੰਨੀ ਮਦਦ।
-
ਪਿੰਡ ਵਿੱਚ ਰਹਿ ਰਹੇ ਪ੍ਰਵਾਸੀਆਂ ਦੇ ਘਰ-ਮਾਲਕਾਂ ਨੂੰ ਪੁਲਿਸ ਵੈਰੀਫਿਕੇਸ਼ਨ ਕਰਵਾਉਣੀ ਲਾਜ਼ਮੀ ਹੋਵੇਗੀ ਅਤੇ ਉਸਦੀ ਕਾਪੀ ਪੰਚਾਇਤ ਨੂੰ ਦੇਣੀ ਹੋਵੇਗੀ।
ਸਰਪੰਚ ਨੇ ਜ਼ੋਰ ਦਿੱਤਾ ਕਿ ਇਹ ਸਾਰੇ ਨਿਯਮ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ, ਸਿਹਤਮੰਦ ਤੇ ਸੁਰੱਖਿਅਤ ਮਾਹੌਲ ਬਣਾਉਣ ਲਈ ਲਾਗੂ ਕੀਤੇ ਗਏ ਹਨ।