ਜਲੰਧਰ, 28 ਜੁਲਾਈ 2025:
ਸ਼ਹਿਰ ਦੇ ਸਿਵਲ ਹਸਪਤਾਲ ਦੇ ਟਰਾਮਾ ਵਾਰਡ ਵਿੱਚ ਆਕਸੀਜਨ ਦੀ ਸਪਲਾਈ ਵਿੱਚ ਆਏ ਅਚਾਨਕ ਵਿਘਨ ਕਾਰਨ ਤਿੰਨ ਗੰਭੀਰ ਮਰੀਜ਼ਾਂ ਦੀ ਮੌਤ ਹੋ ਗਈ। ਇਹ ਮਾਮਲਾ ਬੀਤੀ ਰਾਤ ਦੇਰ ਨੂੰ ਸਾਹਮਣੇ ਆਇਆ, ਜਿਸ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵਿੱਚ ਹੜਕੰਪ ਮਚ ਗਿਆ।
ਹਸਪਤਾਲ ਦੇ ਸੀਐਮਓ ਡਾ. ਵਿਨੇ ਕੁਮਾਰ ਅਨੁਸਾਰ, ਇਹ ਘਟਨਾ ਇੱਕ ਤਕਨੀਕੀ ਨੁਕਸ ਕਾਰਨ ਵਾਪਰੀ, ਜਿਸ ਕਾਰਨ 5 ਤੋਂ 10 ਮਿੰਟ ਲਈ ਆਕਸੀਜਨ ਦਾ ਦਬਾਅ ਘਟ ਗਿਆ। ਉਨ੍ਹਾਂ ਦੱਸਿਆ ਕਿ ਬੈਕਅੱਪ ਸਿਲੰਡਰ ਤੁਰੰਤ ਚਾਲੂ ਕਰ ਦਿੱਤੇ ਗਏ ਅਤੇ ਸਪਲਾਈ ਨੂੰ ਬਹੁਤ ਜਲਦੀ ਮੁੜ ਬਹਾਲ ਕਰ ਲਿਆ ਗਿਆ।
ਮ੍ਰਿਤਕ ਮਰੀਜ਼ ਪਹਿਲਾਂ ਹੀ ਗੰਭੀਰ ਹਾਲਤ 'ਚ:
ਡਾ. ਵਿਨੇ ਕੁਮਾਰ ਨੇ ਕਿਹਾ ਕਿ ਜਿਹੜੇ ਮਰੀਜ਼ ਮਾਰੇ ਗਏ ਹਨ, ਉਹ ਪਹਿਲਾਂ ਹੀ ਵੱਧ ਗੰਭੀਰ ਹਾਲਤ ਵਿੱਚ ਸਨ। ਇੱਕ ਮਰੀਜ਼ ਦੇ ਫੇਫੜਿਆਂ ਵਿੱਚ ਭੀੜ ਸੀ, ਦੂਜੇ ਦੇ ਕਈ ਅੰਗ ਫੇਲ੍ਹ ਹੋ ਚੁੱਕੇ ਸਨ ਅਤੇ ਤੀਜਾ ਨਸ਼ੇ ਦੀ ਲਤ ਕਾਰਨ ਆਈਸੀਯੂ 'ਚ ਦਾਖ਼ਲ ਕੀਤਾ ਗਿਆ ਸੀ।
ਸਿਹਤ ਮੰਤਰੀ ਨੇ ਦੌਰਾ ਕਰਕੇ ਜਾਂਚ ਦੇ ਆਦੇਸ਼ ਦਿੱਤੇ:
ਸੂਬੇ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸਵੇਰ ਵਕਤ ਹਸਪਤਾਲ ਪਹੁੰਚ ਕੇ ਘਟਨਾ ਦੀ ਜਾਣਕਾਰੀ ਲਈ ਜਾਇਜ਼ਾ ਲਿਆ। ਉਨ੍ਹਾਂ ਨੇ ਕਿਹਾ ਕਿ ਮੌਤਾਂ ਇੱਕੋ ਸਮੇਂ ਨਹੀਂ ਹੋਈਆਂ, ਬਲਕਿ 10-15 ਮਿੰਟ ਦੇ ਅੰਤਰਾਲ 'ਚ ਵਾਪਰੀਆਂ। ਉਨ੍ਹਾਂ ਸਾਫ਼ ਕੀਤਾ ਕਿ ਮਾਮਲੇ ਦੀ ਪੂਰੀ ਜਾਂਚ ਹੋਏ ਬਿਨਾਂ ਕਿਸੇ ਨਤੀਜੇ 'ਤੇ ਨਹੀਂ ਪਹੁੰਚਣਾ ਚਾਹੀਦਾ।
ਦੋ ਪੱਧਰੀ ਜਾਂਚ ਕਮੇਟੀਆਂ ਗਠਿਤ:
ਇਸ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ, ਚੰਡੀਗੜ੍ਹ ਤੋਂ ਡਾਕਟਰਾਂ ਦੀ ਇੱਕ ਵਿਸ਼ੇਸ਼ ਟੀਮ ਜਾਂਚ ਲਈ ਭੇਜੀ ਜਾ ਰਹੀ ਹੈ। ਨਾਲ ਹੀ, ਜਲੰਧਰ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵਲੋਂ ਵੀ ਇੱਕ ਆਜ਼ਾਦ ਜਾਂਚ ਕਮੇਟੀ ਬਣਾਈ ਗਈ ਹੈ। ਦੋਹਾਂ ਰਿਪੋਰਟਾਂ ਦੇ ਆਧਾਰ 'ਤੇ ਜੇਕਰ ਕਿਸੇ ਦੀ ਲਾਪਰਵਾਹੀ ਸਾਹਮਣੇ ਆਉਂਦੀ ਹੈ, ਤਾਂ ਸਖ਼ਤ ਕਾਰਵਾਈ ਹੋਣ ਦੀ ਸੰਭਾਵਨਾ ਹੈ।
ਲੋਕਾਂ ਵਿੱਚ ਗੁੱਸਾ:
ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਅਤੇ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਵਿੱਚ ਨਾਰਾਜਗੀ ਦੇ ਲਹਿਰ ਹੈ। ਉਹ ਹਸਪਤਾਲ ਪ੍ਰਸ਼ਾਸਨ ਤੋਂ ਜਵਾਬ ਮੰਗ ਰਹੇ ਹਨ ਕਿ ਐਮਰਜੈਂਸੀ ਸਥਿਤੀ ਵਿੱਚ ਐਸਾ ਕਿਵੇਂ ਹੋਇਆ।