ਭੈਣੀ ਮੀਆਂ ਖਾਂ, 28 ਜੁਲਾਈ 2025:
ਥਾਣਾ ਭੈਣੀ ਮੀਆਂ ਖਾਂ ਦੇ ਅਧੀਨ ਪਿੰਡ ਸੈਦੋਵਾਲ ਗੁਨੋਪੁਰ ਵਿਖੇ ਦਿਨ ਦਿਹਾੜੇ ਬਜ਼ੁਰਗ ਪਤੀ-ਪਤਨੀ ਨਾਲ ਵੱਡੀ ਠੱਗੀ ਦੀ ਘਟਨਾ ਸਾਹਮਣੇ ਆਈ ਹੈ। ਬਾਬੇ ਦੇ ਰੂਪ ਵਿੱਚ ਆਏ ਨੌਸਰਬਾਜ ਨੇ ਇੱਕ ਨੌਜਵਾਨ ਸਾਥੀ ਨਾਲ ਮਿਲ ਕੇ ਲਗਭਗ 3 ਲੱਖ ਤੋਂ ਵੱਧ ਦਾ ਸੋਨਾ ਅਤੇ 25 ਹਜ਼ਾਰ ਰੁਪਏ ਦੀ ਨਕਦੀ ਠੱਗ ਲਈ।
ਪੀੜਤ ਇਕਬਾਲ ਸਿੰਘ ਅਤੇ ਕੁਲਵਿੰਦਰ ਕੌਰ ਨੇ ਦੱਸਿਆ ਕਿ ਨੌਸਰਬਾਜਾਂ ਨੇ ਉਨ੍ਹਾਂ ਨੂੰ "ਮਨੋਕਾਮਨਾ ਪੂਰੀ ਕਰਨ" ਦੇ ਝਾਂਸੇ 'ਚ ਲੈ ਕੇ ਪਹਿਲਾਂ ਰਸਤੇ ਵਿੱਚ ਅਤੇ ਫਿਰ ਘਰ ਜਾ ਕੇ ਗਹਿਣੇ ਤੇ ਨਕਦੀ ਲੈ ਲਈ। ਉਨ੍ਹਾਂ ਨੂੰ ਕੱਪੜਿਆਂ ਦੀਆਂ ਗੁਠਲੀਆਂ ਦੇ ਕੇ ਕਿਹਾ ਗਿਆ ਕਿ "ਸੋਨਾ ਡਬਲ ਹੋ ਕੇ ਮਿਲੇਗਾ", ਪਰ ਅੰਦਰੋਂ ਭੰਗ ਦੇ ਪੱਤੇ ਤੇ ਕੂੜਾ ਨਿਕਲਿਆ।
ਇੰਸਪੈਕਟਰ ਦੀਪਕਾ ਨੇ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਤੇ ਦੋਸ਼ੀਆਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਅਜਿਹੀਆਂ ਘਟਨਾਵਾਂ ਦੀ ਤੁਰੰਤ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਵੇ।