ਅਦਾਲਤ ਵੱਲੋਂ ਆਖਰੀ ਵਾਰ 30 ਜੁਲਾਈ ਤੱਕ ਮੌਕਾ, ਵਾਰੰਟ ਹੋਣ ਬਾਵਜੂਦ ਡਿਊਟੀ 'ਤੇ ਰਹੇ ਇੰਸਪੈਕਟਰ
ਬਠਿੰਡਾ, 16 ਜੁਲਾਈ 2025 –
ਪੰਜਾਬ ਪੁਲਿਸ ਵਿੱਚ ਇੱਕ ਗੰਭੀਰ ਮਾਮਲੇ ਨੂੰ ਲੈ ਕੇ ਹਲਚਲ ਮਚੀ ਹੋਈ ਹੈ। ਲੱਖੀ ਜੰਗਲ ਪਿੰਡ ਦੇ ਨੌਜਵਾਨ ਦੀ ਪੁਲਿਸ ਹਿਰਾਸਤ ਵਿੱਚ ਹੋਈ ਮੌਤ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਏ ਗਏ ਸੀਆਈਏ ਸਟਾਫ ਬਠਿੰਡਾ ਦੇ ਤਤਕਾਲੀ ਇੰਸਪੈਕਟਰ ਨਵਪ੍ਰੀਤ ਸਿੰਘ ਤੇ ਹੋਰ ਚਾਰ ਪੁਲਿਸ ਕਰਮਚਾਰੀ ਮੰਗਲਵਾਰ ਨੂੰ ਅਦਾਲਤ ਵਿੱਚ ਫੇਰ ਹਾਜ਼ਰ ਨਹੀਂ ਹੋਏ। ਇਹ ਉਸਦੇ ਬਾਵਜੂਦ ਹੈ ਕਿ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਪਹਿਲਾਂ ਹੀ ਰੱਦ ਹੋ ਚੁੱਕੀ ਹੈ ਅਤੇ ਅਦਾਲਤ ਨੇ ਸਖ਼ਤ ਹੁਕਮ ਜਾਰੀ ਕਰਕੇ ਉਨ੍ਹਾਂ ਨੂੰ ਪੇਸ਼ ਹੋਣ ਲਈ ਕਿਹਾ ਸੀ।
ਮਾਮਲੇ ਦੀ ਪਿਛੋਕੜ
ਇਹ ਮਾਮਲਾ 17 ਅਕਤੂਬਰ 2024 ਦਾ ਹੈ, ਜਦੋਂ ਬਠਿੰਡਾ ਦੀ ਸੀਆਈਏ ਟੀਮ ਨੇ ਪਿੰਡ ਲੱਖੀ ਜੰਗਲ ਦੇ ਇੱਕ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਸੀ। ਅਗਲੇ ਦਿਨ 18 ਅਕਤੂਬਰ ਨੂੰ ਉਸ ਦੀ ਮੌਤ ਹੋ ਗਈ ਸੀ। ਪਰਿਵਾਰ ਨੇ ਪੁਲਿਸ 'ਤੇ ਹਿਰਾਸਤੀ ਤਸ਼ੱਦਦ ਅਤੇ ਕਤਲ ਦਾ ਦੋਸ਼ ਲਗਾਇਆ ਸੀ।
ਨੌਜਵਾਨ ਦੇ ਭਰਾ ਨੇ, ਜੋ ਕਿ ਜੇਲ੍ਹ ਵਿੱਚ ਹੈ, ਫਿਰੋਜ਼ਪੁਰ ਦੇ ਜ਼ਿਲ੍ਹਾ ਜੱਜ ਨੂੰ ਪੱਤਰ ਲਿਖ ਕੇ ਨਿਆਂ ਦੀ ਮੰਗ ਕੀਤੀ ਸੀ। ਇਸ 'ਤੇ ਜ਼ਿਲ੍ਹਾ ਸੈਸ਼ਨ ਜੱਜ ਬਠਿੰਡਾ ਵੱਲੋਂ ਏਰੀਆ ਮੈਜਿਸਟ੍ਰੇਟ ਕੁਲਦੀਪ ਸਿੰਘ ਨੂੰ ਜਾਂਚ ਸੌਂਪੀ ਗਈ। ਜਾਂਚ ਦੌਰਾਨ ਇਹ ਖੁਲਾਸਾ ਹੋਇਆ ਕਿ ਨੌਜਵਾਨ ਦੀ ਮੌਤ ਤਸ਼ੱਦਦ, ਖ਼ਾਸ ਕਰਕੇ ਵਾਟਰਬੋਰਡਿੰਗ ਕਾਰਨ ਹੋਈ ਸੀ। ਉਪਰੰਤ, ਲਾਸ਼ ਨੂੰ ਝੀਲ ਵਿੱਚ ਸੁੱਟ ਕੇ ਸਬੂਤ ਮਿਟਾਉਣ ਦੀ ਕੋਸ਼ਿਸ਼ ਵੀ ਕੀਤੀ ਗਈ।
ਦੋਸ਼ੀਆਂ ਵਿਰੁੱਧ ਕਾਰਵਾਈ ਅਤੇ ਅਦਾਲਤੀ ਕਾਰਵਾਈ
ਜਾਂਚ ਮੁਕੰਮਲ ਹੋਣ ਤੋਂ ਬਾਅਦ, ਇੰਸਪੈਕਟਰ ਨਵਪ੍ਰੀਤ ਸਿੰਘ ਸਮੇਤ ਪੰਜ ਪੁਲਿਸ ਕਰਮਚਾਰੀਆਂ ਵਿਰੁੱਧ ਹਿਰਾਸਤੀ ਕਤਲ ਅਤੇ ਸਬੂਤ ਨਸ਼ਟ ਕਰਨ ਦੇ ਦੋਸ਼ਾਂ ਅਧੀਨ ਕੇਸ ਦਰਜ ਕੀਤਾ ਗਿਆ। 11 ਜੁਲਾਈ ਨੂੰ ਵਧੀਕ ਸੈਸ਼ਨ ਜੱਜ ਨੇ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਸੀ ਅਤੇ ਤਤਕਾਲ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਸਨ।
ਫਿਰ ਵੀ, ਉਹ 27 ਫਰਵਰੀ 2025 ਤੋਂ ਲਗਾਤਾਰ ਗੈਰਹਾਜ਼ਰ ਹਨ। ਇੰਸਪੈਕਟਰ ਨਵਪ੍ਰੀਤ ਸਿੰਘ ਵਿਰੁੱਧ ਵਾਰੰਟ ਹੋਣ ਦੇ ਬਾਵਜੂਦ ਉਹ ਜੈਤੋ ਥਾਣੇ ਵਿੱਚ ਐਸਐਚਓ ਵਜੋਂ ਡਿਊਟੀ ਕਰ ਰਹੇ ਹਨ।
ਅਖੀਰਲਾ ਮੌਕਾ
ਮੰਗਲਵਾਰ ਨੂੰ ਏਰੀਆ ਮੈਜਿਸਟ੍ਰੇਟ ਰਸ਼ਲੀਨ ਕੌਰ ਦੀ ਅਦਾਲਤ ਵਿੱਚ ਸੁਣਵਾਈ ਹੋਣੀ ਸੀ ਪਰ ਦੋਸ਼ੀ ਫੇਰ ਨਹੀਂ ਪੇਸ਼ ਹੋਏ। ਹੁਣ ਅਦਾਲਤ ਨੇ ਉਨ੍ਹਾਂ ਨੂੰ 30 ਜੁਲਾਈ ਨੂੰ ਆਖਰੀ ਵਾਰ ਪੇਸ਼ ਹੋਣ ਦਾ ਮੌਕਾ ਦਿੱਤਾ ਹੈ।
ਦੱਸਣਯੋਗ ਹੈ ਕਿ ਦੋਸ਼ੀ ਪੁਲਿਸ ਕਰਮਚੀਆਂ ਨੇ ਪਹਿਲਾਂ ਜਾਂਚ ਨੂੰ ਚੁਣੌਤੀ ਦਿੰਦੇ ਹੋਏ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ, ਪਰ ਅਦਾਲਤ ਨੇ ਉਹ ਵੀ ਰੱਦ ਕਰ ਦਿੱਤੀ।