ਨਵਾਂ ਸ਼ਹਿਰ : ਡੀਜੀਪੀ ਪੰਜਾਬ ਪੁਲਿਸ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੀਐੱਸ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਅੰਮ੍ਰਿਤਸਰ ਨੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵਿਧਾਨ ਸਭਾ ਹਲਕਾ ਬਲਾਚੌਰ ਦੇ ਟਿੱਬਾ ਨੰਗਲ ਕੁਲਾਰ ਰੋਡ ਦੇ ਨੇੜੇ ਜੰਗਲੀ ਖੇਤਰ 'ਚੋਂ ਐੱਸਐੱਸਓਸੀ ਅੰਮ੍ਰਿਤਸਰ ਨੇ ਕੇਂਦਰੀ ਏਜੰਸੀ ਅਤੇ ਜ਼ਿਲ੍ਹਾ ਪੁਲਿਸ ਨਾਲ ਕੀਤੇ ਸਾਂਝੇ ਆਪ੍ਰੇਸ਼ਨ ਵਿਚ ਆਈਐੱਸਆਈ ਸਮਰਥਿਤ ਅੱਤਵਾਦੀ ਹਾਰਡਵੇਅਰ ਦਾ ਇੱਕ ਜ਼ਖੀਰਾ ਬਰਾਮਦ ਕੀਤਾ ਹੈ। ਇਸ ਵਿਚ 2 ਰਾਕੇਟ-ਪ੍ਰੋਪੇਲਡ ਗ੍ਰਨੇਡ (ਆਰਪੀਜੀ), 2 ਇੰਪਰੂਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ), 5 ਪੀ-86 ਹੈਂਡ ਗ੍ਰਨੇਡ, 1 ਵਾਇਰਲੈੱਸ ਸੰਚਾਰ ਸੈੱਟ ਬਰਾਮਦ ਕੀਤਾ ਗਿਆ ਹੈ।ਡੀਜੀਪੀ ਪੰਜਾਬ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿਚ ਪਾਕਿਸਤਾਨ ਦੇ ਆਈਐੱਸਆਈ ਅਤੇ ਸਹਿਯੋਗੀ ਅੱਤਵਾਦੀ ਸੰਗਠਨਾਂ ਦੁਆਰਾ ਪੰਜਾਬ ਵਿਚ ਸਲੀਪਰ ਸੈੱਲਾਂ ਨੂੰ ਮੁੜ ਸੁਰਜੀਤ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸ ਨਾਲ ਸੂਬੇ ਵਿਚ ਵੱਡੇ ਪੱਧਰ ਤੇ ਅਸਮਾਜਿਕ ਸਰਗਰਮੀਆਂ ਕਰਨ ਦੀ ਆਸ਼ੰਕਾ ਜਤਾਈ ਜਾ ਰਹੀ ਸੀ।ਜ਼ਿਕਰਯੋਗ ਹੈ ਕਿ ਪੀਐੱਸ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐੱਸਐੱਸਓਸੀ) ਅੰਮ੍ਰਿਤਸਰ ਵਿਖੇ ਇੱਕ ਐਫਆਈਆਰ ਦਰਜ ਕਰਦਿਆਂ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਹੈ। ਉਧਰ ਇਲਾਕੇ ਵਿਚ ਬਰਾਮਦ ਹੋਏ ਇੰਨੇ ਵੱਡੇ ਜ਼ਖੀਰੇ ਕਾਰਨ ਜਿਥੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ, ਉਥੇ ਲੋਕ ਐੱਸਐੱਸਓਸੀ ਅੰਮ੍ਰਿਤਸਰ ਅਤੇ ਜ਼ਿਲ੍ਹਾ ਪੁਲਿਸ ਦੀ ਕਾਰਗੁਜਾਰੀ ਦੀ ਸ਼ਲਾਘਾ ਕਰ ਰਹੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੂੰ ਇਸ ਮਾਮਲੇ ਵਿਚ ਸ਼ਾਮਲ ਅਣਪਛਾਤੇ ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਬਣਦੀ ਕਾਰਵਾਈ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ। ਉਧਰ ਇਸ ਸਬੰਧ ਵਿਚ ਐੱਸਐੱਸਪੀ ਡਾ. ਮਹਿਤਾਬ ਸਿੰਘ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦਾ ਫੋਨ ਬਿਜੀ ਚੱਲਦਾ ਰਿਹਾ।