ਸ਼ੇਰਪੁਰ, 5 ਮਈ (ਸੱਤਪਾਲ ਸਿੰਘ ਕਾਲਾਬੂਲਾ)-ਲਖਵਿੰਦਰ ਸਿੰਘ ਅੱਜਕੱਲ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ ਹੈ। ਉਹ ਇਕ ਸਫਲ ਫੋਟੋਗ੍ਰਾਫਰ ਹੈ। ਲਖਵਿੰਦਰ ਸਿੰਘ ਦਾ ਜਨਮ ਸ਼ੇਰਪੁਰ ਨੇੜਲੇ ਪਿੰਡ ਕਾਲਾਬੂਲਾ (ਸੰਗਰੂਰ) ਵਿੱਚ ਸ. ਭਰਭੂਰ ਸਿੰਘ ਦੇ ਘਰ ਮਾਤਾ ਗੁਰਦੇਵ ਕੌਰ ਦੀ ਕੁੱਖੋਂ ਹੋਇਆ। ਬਚਪਨ ਤੋਂ ਹੀ ਲਖਵਿੰਦਰ ਦਾ ਮੋਹ ਅਪਣੇ ਦਾਦਾ ਜੀ ਸ੍ਰ ਗੋਬਿੰਦ ਸਿੰਘ ਜੋ ਕਿ ਇਕ ਫਰੀਡਮ ਫਾਈਟਰ ਸਨ ਨਾਲ ਰਿਹਾ। ਹਰ ਇੱਕ ਇਨਸਾਨ ਦੇ ਦਿਮਾਗ਼ ਅੰਦਰ ਕੋਈ ਨਾ ਕੋਈ ਸ਼ੌਕ ਜਰੂਰ ਹੁੰਦਾ। ਇਸ ਤਰ੍ਹਾਂ ਹੀ ਲਖਵਿੰਦਰ ਸਿੰਘ ਨੂੰ ਫ਼ੋਟੋਗ੍ਰਾਫ਼ੀ ਦਾ ਬਹੁਤ ਸ਼ੌਕ ਸੀ। ਇਸ ਸ਼ੌਕ ਨੂੰ ਪੂਰਾ ਕਰਨ ਲਈ ਅਪਣੇ ਸਤਿਕਾਰਯੋਗ ਗੁਰੂ ਗੁਰਨਾਮ ਸਿੰਘ ਮਾਨ ਪ੍ਰੈਜੀਡੈਂਟ ਫੋਟੋਗ੍ਰਾਫਰ ਆਲ ਇੰਡੀਆ ਐਸੋਸੀਏਸ਼ਨ ਦੇ ਲੜ ਲੱਗ ਗਿਆ। ਲਖਵਿੰਦਰ ਸਿੰਘ ਨੇ ਇਸ ਕੰਮ ਨੂੰ ਬਹੁਤ ਹੀ ਮਿਹਨਤ ਅਤੇ ਸਿੱਦਤ ਨਾਲ ਕੀਤਾ ਅਤੇ ਆਪਣੇ ਉਸਤਾਦ ਕੋਲੋਂ ਅੱਗੇ ਵਧਣ ਦੀਆਂ ਕਾਫੀ ਬਰੀਕੀਆਂ ਸਿੱਖੀਆਂ। ਲੱਕੀ ਨੇ ਫੋਟੋਗ੍ਰਾਫਰੀ ਕਰਨ ਦੇ ਨਾਲ ਨਾਲ ਅੱਗੇ ਵਧਣ ਦੀ ਤਾਂਘ ਰੱਖੀ। ਲਖਵਿੰਦਰ ਸਿੰਘ ਨੇ ਅਪਣੇ ਇਸ ਹੁਨਰ ਨੂੰ ਪੰਜਾਬੀ ਸਿਨੇਮੇ ਵੱਲ ਲਿਜਾਣ ਦੀ ਸੋਚ ਲਈ ਇਹ ਸਭ ਕਰਨ ਲਈ ਇਕ ਸਾਥ ਦੀ ਜਰੂਰਤ ਸੀ ਤਾਂ ਉਸ ਸਮੇਂ ਲਖਵਿੰਦਰ ਸਿੰਘ ਦਾ ਮਿਲਾਪ ਬਹੁਤ ਹੀ ਪਿਆਰੇ ਗੀਤਕਾਰ (ਵੀਡੀਓ ਡਾਇਰੈਕਟਰ) ਸੋਨੀ ਠੁੱਲੇਵਾਲ ਨਾਲ ਹੋਇਆ। ਸੋਨੀ ਠੁੱਲੇਵਾਲ ਨੇ ਬਹੁਤ ਸਾਥ ਦਿੱਤਾ ਸੋਨੀ ਠੁੱਲੇਵਾਲ ਦੀ ਬਦੌਲਤ ਵੀਡੀਓ ਡਾਇਰੈਕਟਰ, ਮਿਊਜ਼ਿਕ ਡਾਇਰੈਕਟਰ, ਪ੍ਰੋਡਿਊਸਰ ਅਤੇ ਕਲਾਕਾਰਾਂ ਨਾਲ ਬੈਠਣ ਉੱਠਣ ਹੋਇਆ। ਇਸ ਤਰ੍ਹਾਂ ਹੀ ਸਤਿਕਾਰਯੋਗ ਬਾਈ ਰਾਜ ਕਾਕੜਾ ਜੀ ਨਾਲ ਮੁਲਾਕਾਤ ਹੋਈ। ਫਿਰ ਸ਼ੁਰੂ ਹੋਇਆ ਫਿਲਮੀ ਸਫ਼ਰ। ਪਹਿਲੀ ਫਿਲਮ ‘ਕੌਮ ਦੇ ਹੀਰੇ’ ਕਰਨ ਬਾਅਦ ਪਿੱਛੇ ਮੁੜਕੇ ਨਹੀਂ ਵੇਖਿਆ। ਫਿਰ ਦੁਨੀਆਂ ਭਰ ਵਿੱਚ ਮਸ਼ਹੂਰ ਕੰਪਨੀ ਨਾਲ ਵੱਡੇ ਪ੍ਰੋਜੈਕਟ ਕੀਤੇ, ਸਾਗਾ ਮਿਊਜਿਕ ਦੀ ਪੂਰੀ ਟੀਮ ਅਤੇ ਸਤਿਕਾਰ ਯੋਗ ਸੁਮੀਤ ਸਿੰਘ ਜੀ ਦਾ ਬਹੁਤ ਪਿਆਰ ਮਿਲਿਆ। ਜਿਨ੍ਹਾਂ ਨੇ ਲਖਵਿੰਦਰ ਸਿੰਘ ’ਤੇ ਵਿਸਵਾਸ਼ ਕੀਤਾ। ਲਖਵਿੰਦਰ ਸਿੰਘ ਨੇ ਛੋਟੀ ਕਿਸਾਨੀ ’ਚੋਂ ਉੱਠਕੇ ਵੱਡੇ ਉਤਰਾਵਾਂ ਚੜਾਵਾਂ ਦੇ ਬਾਵਜੂਦ ਮਿਹਨਤ ਦਾ ਪੱਲਾ ਨਹੀਂ ਛੱਡਿਆ। ਉਨ੍ਹਾਂ ਵੱਡੇ ਪ੍ਰਾਜੈਕਟ ਕਰਨ ਦੇ ਨਾਲ-ਨਾਲ ਵੱਡੇ ਕਲਾਕਾਰਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਜਿੰਨਾ ਵਿੱਚ ਬੱਬੂ ਮਾਨ, ਹਰਭਜਨ ਮਾਨ, ਸਤਿੰਦਰ ਸਰਤਾਜ, ਗਿੱਪੀ ਗਰੇਵਾਲ,ਬਾਦਸ਼ਾਹ, ਰਾਜਵੀਰ ਜਵੰਧਾ,ਕੁਲਵਿੰਦਰ ਬਿੱਲਾ,ਗੁਰਪ੍ਰੀਤ ਘੁੱਗੀ, ਯੋਗਰਾਜ ਸਿੰਘ, ਮਰਹੂਮ ਬਾਈ ਦੀਪ ਸਿੱਧੂ, ਰਘਬੀਰ ਬੋਲੀ,ਜੌਰਡਨ ਸੰਧੂ, ਦਿਲਰਾਜ ਗਰੇਵਾਲ,ਸਰਬਜੀਤ ਚੀਮਾ, ਗੀਤਾ ਜੈਲਦਾਰ, ਜਗਜੀਤ ਬਾਜਵਾ,ਕਰਤਾਰ ਚੀਮਾ ਮਹਾਵੀਰ ਭੁੱਲਰ ਤੋਂ ਇਲਾਵਾ ਹੋਰ ਕਲਾਕਾਰਾਂ ਨਾਲ ਵੀ ਕੰਮ ਕੀਤਾ। ਫਿਰ ਪੰਜਾਬੀ ਸਿਨੇਮੇ ਤੋਂ ਬਾਅਦ ਬਾਲੀਵੁੱਡ ਦੇ ਨੈਸ਼ਨਲ ਅਵਾਰਡ ਆਰਟ ਡਾਇਰੈਕਟਰ ਰਾਸ਼ਿਦ ਜੀ ਅਤੇ ਮੈਡਮ ਸੁਬਾਨਾ ਦੀ ਬਦੌਲਤ ਬਾਲੀਵੁੱਡ ਦੇ ਨਾਮਵਰ ਡਾਇਰੈਕਟਰ ਰਾਜੀਵ ਰਾਏ ਜੀ ਨਾਲ 4 ਜੁਲਾਈ ਨੂੰ ਰਲੀਜ਼ ਹੋਣ ਜਾ ਰਹੀ ਫਿਲਮ ‘ਜੋਰਾ’ ਵਿੱਚ ਐਂਟਰੀ ਕੀਤੀ। ਗੱਲਬਾਤ ਦੌਰਾਨ ਲਖਵਿੰਦਰ ਸਿੰਘ ਨੇ ਦੱਸਿਆ ਅੱਗੇ ਆ ਰਹੇ ਨਵੇ ਪ੍ਰਜੈਕਟ ਤੇ ਵੀ ਡੀਓਪੀ ਕੈਮਰਾਮੈਨ ਵਜੋਂ ਕੰਮ ਕਰਨ ਜਾ ਰਹੇ ਹਾਂ। ਅੱਜ ਕੱਲ੍ਹ ਲਖਵਿੰਦਰ ਸਿੰਘ ਆਪਣੇ ਭਰਾ ਬਲਜੀਤ ਕੁਮਾਰ ਬੱਲੀ ਦੇ ਯਤਨ ਸਦਕਾ ਇੰਗਲੈਂਡ, ਸਕਾਟਲੈਂਡ ਟੂਰ ਤੇ ਆਏ ਹੋਏ ਹਨ। ਲੱਕੀ ਨੇ ਕਿਹਾ ਕਿ ਜੇਕਰ ਪ੍ਰਮਾਤਮਾ ਦਾ ਉਨਾਂ ਉਪਰ ਹੱਥ ਰਿਹਾ ਤਾਂ ਉਹ ਦਿਨ ਦੂਰ ਨਹੀਂ ਹੋਵੇਗਾ ਜਦੋਂ ਉਹ ਆਪਣੇ ਪੰਜਾਬ ਅਤੇ ਪਿੰਡ ਦਾ ਨਾਮ ਇੱਕ ਦਿਨ ਬਾਲੀਵੁੱਡ ਦੀਆਂ ਅਨੇਕਾਂ ਫਿਲਮਾਂ ਅੰਦਰ ਰਸ਼ਨਾਉਣਗੇ।