ਬਠਿੰਡਾ : ਥਾਣਾ ਦਿਆਲਪੁਰਾ ਅਧੀਨ ਪੈਂਦੇ ਇਕ ਪਿੰਡ ਦੀ ਰਹਿਣ ਵਾਲੀ ਮਾਨਸਿਕ ਤੌਰ ’ਤੇ ਕਮਜ਼ੋਰ ਨਾਬਾਲਗ ਲੜਕੀ ਸਾਮੂਹਿਕ ਜਬਰ ਜਨਾਹ ਦੇ ਮਾਮਲੇ ’ਚ ਪੁਲਿਸ ਨੇ ਛੇ ਨੌਜਵਾਨਾਂ ਨੂੰ ਗਿ੍ਰਫ਼ਤਾਰ ਕੀਤਾ ਹੈ। ਇਹ ਵਾਰਦਾਤ 13 ਅਪ੍ਰੈਲ ਦਾ ਹੈ। ਲੜਕੀ ਦੀ ਮਾਂ ਦੀ ਸ਼ਿਕਾਇਤ ’ਤੇ ਪੁਲਿਸ ਨੇ ਕੇਸ ਦਰਜ ਕਰ ਕੇ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸਾਰੇ ਨੌਜਵਾਨ 22 ਤੋਂ 25 ਸਾਲ ਦੀ ਉਮਰ ਦੇ ਹਨ ਤੇ ਦਿਹਾੜੀਦਾਰ ਹਨ। ਪੁਲਿਸ ਮੁਲਜ਼ਮਾਂ ਨੂੰ ਪੁਲਿਸ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕਰ ਰਹੀ ਹੈ।ਥਾਣਾ ਦਿਆਲਪੁਰਾ ਦੇ ਇੰਚਾਰਜ ਐੱਸਆਈ ਹਰਬੰਸ ਸਿੰਘ ਨੇ ਦੱਸਿਆ ਕਿ ਪਿੰਡ ਦੀ ਇਕ ਔਰਤ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੇ ਤਿੰਨ ਬੱਚੇ ਹਨ। ਇਨ੍ਹਾਂ ’ਚ 15 ਸਾਲਾ ਧੀ ਮਾਨਸਿਕ ਤੌਰ ’ਤੇ ਕਮਜ਼ੋਰ ਹੈ। 13 ਅਪ੍ਰੈਲ ਨੂੰ ਉਸਦੇ ਗੁਆਂਢ ਦੀ ਇਕ ਕੁੜੀ ਉਸ ਦੀ ਧੀ ਨੂੰ ਦਿਆਲਪੁਰਾ ਭਾਈਕਾ ਪਿੰਡ ਦੇ ਮਾਈ ਰੱਜੀ ਮੇਲੇ ’ਚ ਲੈ ਗਈ ਪਰ ਸ਼ਾਮ ਤਕ ਉਸ ਦੀ ਧੀ ਘਰ ਵਾਪਸ ਨਹੀਂ ਆਈ। ਜਦੋਂ ਉਨ੍ਹਾਂ ਭਾਲ ਕੀਤੀ ਤਾਂ ਉਹ ਇਲਾਕੇ ਦੇ ਇਕ ਸਰਕਾਰੀ ਸਕੂਲ ’ਚ ਮਿਲੀ। ਉੱਥੇ ਕੁਝ ਨੌਜਵਾਨਾਂ ਨੇ ਉਸ ਨਾਲ ਜਬਰ ਜਨਾਹ ਕੀਤਾ ਤੇ ਫਿਰ ਉਸ ਨੂੰ ਛੱਡ ਕੇ ਭੱਜ ਗਏ। ਪੀੜਤਾ ਨੇ ਦੱਸਿਆ ਕਿ ਮੇਲੇ ਤੋਂ ਪਰਤਣ ਦੌਰਾਨ ਬੱਸ ਸਟਾਪ ’ਤੇ ਖੜ੍ਹੀ ਸੀ। ਇਸੇ ਦੌਰਾਨ ਛੇ ਨੌਜਵਾਨ ਵੱਖ-ਵੱਖ ਮੋਟਰ ਸਾਈਕਲਾਂ ’ਤੇ ਆਏ ਤੇ ਉਸ ਨੂੰ ਪਿੰਡ ਤੱਕ ਛੱਡਣ ਦਾ ਬਹਾਨਾ ਬਣਾ ਕੇ ਆਪਣੇ ਨਾਲ ਲੈ ਗਏ। ਜਬਰ ਜਨਾਹ ਤੋਂ ਬਾਅਦ ਮੁਲਜ਼ਮਾਂ ਨੇ ਕਿਸੇ ਨੂੰ ਨਾ ਦੱਸਣ ਦੀ ਧਮਕੀ ਦਿੱਤੀ।
ਐੱਸਆਈ ਹਰਬੰਸ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ’ਤੇ ਮਨਪ੍ਰੀਤ ਸਿੰਘ ਉਰਫ਼ ਪ੍ਰੀਤਾ, ਜਸਵੀਰ ਸਿੰਘ ਉਰਫ਼ ਜੱਸੋ, ਦਿਲਵਰ ਸਿੰਘ ਉਰਫ਼ ਭੀਮਾ, ਹਰਦੀਪ ਸਿੰਘ ਉਰਫ਼ ਲੱਖਾ, ਵਿਸ਼ਾਲ ਸਿੰਘ ਉਰਫ਼ ਕਲਾਚ ਅਤੇ ਮੰਗਲਜੀਤ ਸਿੰਘ ਵਾਸੀ ਭਗਤਾ ਭਾਈਕਾ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।