ਬਰਨਾਲਾ, 23 ਜਨਵਰੀ (ਚਮਕੌਰ ਸਿੰਘ ਗੱਗੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਜਿਹੜੀਆਂ ਵੋਟਾਂ ਦੀ ਕੱਚੀ ਸੂਚੀ ਛਪ ਕੇ ਬਾਹਰ ਆਈ ਹੈ,ਉਸਦੇ ਵਿੱਚ ਕਾਫੀ ਵੱਡੇ ਫਰਕ ਨਜ਼ਰ ਆ ਰਹੇ ਹਨ। ਇਹ ਦੋਸ਼ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਸ.ਜੱਸਾ ਸਿੰਘ ਮਾਣਕੀ ਨੇ ਪ੍ਰੈਸ ਨਾਲ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਗੁਰਦੁਆਰਾ ਐਕਟ 1925 ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੀ ਵੋਟ ਦਾ ਹੱਕਦਾਰ ਕੇਸਾਧਾਰੀ ਸਿੱਖ,ਜਿਹੜਾ ਆਪਣੀ ਦਾੜੀ ਕੇਸ ਨਾ ਕੱਟਦਾ ਹੋਵੇ,ਕਿਸੇ ਤਰ੍ਹਾਂ ਦਾ ਧੂਮਰਪਾਨ ਨਾ ਕਰਦਾ ਹੋਵੇ,ਨਾ ਹੀ ਕੁੱਠਾ ਮਾਸ ਭਾਵ ਹਲਾਲ ਮਾਸ ਖਾਂਦਾ ਹੋਵੇ,ਸ਼ਰਾਬ ਨਾ ਪੀਂਦਾ ਹੋਵੇ, ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਨੂੰ ਮੰਨਦਾ ਹੋਵੇ ਆਦਿ। ਉਕਤ ਰਹਿਤ ਗੁਰਦੁਆਰਾ ਐਕਟ 1925 ਦੀ ਧਾਰਾ 2(9) ਵਿੱਚ ਦਰਜ਼ ਹੈ, ਪ੍ਰੰਤੂ ਜਿਹੜੀਆਂ ਕੱਚੀਆਂ ਵੋਟਾਂ ਬਣਾਈਆਂ ਗਈਆਂ ਹਨ ਉਨ੍ਹਾਂ ਵਿੱਚ ਗੁਰਦੁਆਰਾ ਐਕਟ ਨੂੰ ਅੱਖੋ ਪਰੋਖੇ ਕਰਦਿਆਂ ਸਿੰਘ ਅਤੇ ਕੌਰ ਵਾਲੀਆਂ ਵੋਟਾਂ ਬਣਾ ਕੇ ਸਰਕਾਰ ਨੇ ਆਪਣੀ ਕੋਈ ਮਨਸ਼ਾ ਪੂਰੀ ਕੀਤੀ ਹੈ,ਜਿਸ ਵਿਚ ਵੱਡੀ ਗਿਣਤ ਪਤਿਤ ਸਿੱਖਾਂ ਦੀਆਂ ਵੋਟਾਂ ਬਣਾਈਆਂ ਗਈਆਂ ਹਨ, ਜਿਸਤੋਂ ਸਾਫ ਨਜ਼ਰ ਆਉਂਦਾ ਹੈ ਕਿ ਸਿੱਖ ਵਿਰੋਧੀ ਤਾਕਤਾਂ ਵੱਲੋਂ ਗੁਰਦੁਆਰਾ ਪ੍ਰਬੰਧ ਗੈਰ ਸਿੱਖ ਦੇ ਹੱਥਾਂ ਵਿੱਚ ਦੇਕੇ ਧਰਮ ਨੂੰ ਖੋਖਲਾ ਕਰਨ ਤੇ ਜੋਰ ਲੱਗਿਆ ਹੋਇਆ ਹੈ। ਉਨ੍ਹਾਂ ਸਮੂਹ ਨਾਨਕ ਨਾਮ ਲੇਵਾ ਸਿੱਖ ਸੰਗਤਾਂ, ਧਾਰਮਿਕ ਜਥੇਬੰਦੀਆਂ, ਸਿੱਖ ਸੰਸਥਾਵਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਸਿੱਖਾਂ ਦੇ ਏਸ ਧਾਰਮਿਕ ਮੁੱਦੇ ਤੇ ਆਪੋ ਆਪਣੀ ਪ੍ਰਤੀਕਿਰਿਆ ਜ਼ਰੂਰ ਜ਼ਾਹਰ ਕਰਦਿਆਂ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਨੂੰ ਲਿਖਣਾ ਚਾਹੀਦਾ ਹੈ ਤਾਂ ਕਿ ਗੁਰਦੁਆਰਾ ਪ੍ਰਬੰਧ ਯੋਗ ਹੱਥਾਂ ਵਿੱਚ ਜਾਵੇ। ਅਖੀਰ ਉਨ੍ਹਾਂ ਗੁਰਦੁਆਰਾ ਚੋਣ ਕਮਿਸ਼ਨ ਨੂੰ ਏਸ ਗੰਭੀਰ ਮੁੱਦੇ ਤੇ ਜਲਦ ਤੋਂ ਜਲਦ ਧਿਆਨ ਦੇਣ ਲਈ ਬੇਨਤੀ ਵੀ ਕੀਤੀ।