ਮੰਜਕੀ : ਸ਼ੁੱਕਰਵਾਰ ਤੜਕੇ 5:40 ਵਜੇ ਇਕ ਵਿਅਕਤੀ ਨੇ ਕੁੜਮਾਂ ਤੋਂ ਪਰੇਸ਼ਾਨ ਹੋ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ। ਰਾਜਕੁਮਾਰ ਪੁੱਤਰ ਸੁੱਚਾ ਰਾਮ ਉਮਰ 62 ਸਾਲ ਵਾਸੀ ਪਿੰਡ ਸਮਰਾਏ ਜ਼ਿਲ੍ਹਾ ਜਲੰਧਰ ਨੇ ਆਪਣੇ ਜੱਦੀ ਪਿੰਡ ਸਮਰਾਏ ਤੋਂ ਕਰੀਬ 2 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਜੰਡਿਆਲਾ ਮੰਜਕੀ ਵਿਖੇ ਦੁਕਾਨ [ਰਾਜ ਟਰੈਕਟਰ ਵਰਕਸ਼ਾਪ] 'ਤੇ ਪਹੁੰਚ ਕੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਦੀ ਖਬਰ ਮਿਲਦੇ ਹੀ ਚੌਕੀ ਜੰਡਿਆਲਾ ਦੇ ਇੰਚਾਰਜ ਜਸਵੀਰ ਚੰਦ ਘਟਨਾ ਸਥਾਨ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਦੇਹ ਨੇੜੇ 2 ਪੰਨਿਆਂ ਦਾ ਸੁਸਾਈਡ ਨੋਟ ਬਰਾਮਦ ਹੋਇਆ ਹੈ। ਸੁਸਾਈਡ ਨੋਟ 'ਚ ਮ੍ਰਿਤਕ ਨੇ ਸਪੱਸ਼ਟ ਤੌਰ 'ਤੇ ਜ਼ਿਕਰ ਕੀਤਾ ਹੈ ਕਿ ਉਨ੍ਹਾਂ ਨੂੰਹ ਮਨਪ੍ਰੀਤ ਕੌਰ ਦੇ ਪਰਿਵਾਰ ਤੋਂ ਤੰਗ ਆ ਕੇ ਖ਼ੁਦਕੁਸ਼ੀ ਕੀਤੀ ਹੈ। ਸੁਸਾਈਟ ਨੋਟ 'ਚ ਲਿਖਿਆ ਕਿ ਉਨ੍ਹਾਂ ਦੀ ਨੂੰਹ ਦੇ ਪਿਤਾ ਧਰਮਪਾਲ ਵਾਸੀ ਮਾਲੇਰਕੋਟਲਾ ਨੇ ਉਸ ਦੇ ਪਰਿਵਾਰ ਨੂੰ 50 ਲੱਖ ਰੁਪਏ ਦੇਣ ਲਈ ਉਕਸਾਇਆ ਜੋ ਉਨ੍ਹਾਂ ਆਪਣੀ ਧੀ ਮਨਪ੍ਰੀਤ ਕੌਰ ਅਤੇ ਜਵਾਈ ਵਿਕਾਸ ਕੁਮਾਰ ਦੇ ਵਿਆਹ ਸਮੇਂ ਨਿਵੇਸ਼ ਕੀਤੇ ਸੀ ਤੇ ਅਜਿਹਾ ਨਾ ਕਰਨ 'ਤੇ ਡੀਐਸਪੀ ਮਾਲੇਰਕੋਟਲਾ ਨੂੰ ਕਹਿ ਕੇ ਸਾਰੇ ਪਰਿਵਾਰ ਨੂੰ ਜੇਲ੍ਹ ਭੇਜਣ ਦੀ ਧਮਕੀ ਦਿੱਤੀ ਸੀ। ਕੁੜਮਾਂ ਵੱਲੋਂ ਲਗਾਤਾਰ ਤੰਗ ਕੀਤੇ ਜਾਣ ਕਰਕੇ ਮ੍ਰਿਤਕ ਰਾਜ ਕੁਮਾਰ ਨੇ ਇਹ ਵੱਡਾ ਕਦਮ ਚੁੱਕਣ ਦਾ ਫੈਸਲਾ ਕੀਤਾ। ਮ੍ਰਿਤਕ ਰਾਜਕੁਮਾਰ ਨੇ ਸੁਸਾਈਡ ਨੋਟ 'ਚ ਆਪਣੀ ਨੂੰਹ ਮਨਪ੍ਰੀਤ ਕੌਰ, ਮਨਪ੍ਰੀਤ ਦੇ ਪਿਤਾ ਧਰਮਪਾਲ, ਬਲਵਿੰਦਰ ਸਿੰਘ ਜੋ ਕਿ ਧਰਮ ਪਾਲ ਦਾ ਦੋਸਤ ਹੈ, ਵਿਰੁੱਧ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਬਾਕੀ ਮ੍ਰਿਤਕ ਦੇ ਪਰਿਵਾਰ ਵੱਲੋਂ ਕੋਈ ਵੀ ਬਿਆਨ ਜਾਹਿਰ ਨਹੀਂ ਕੀਤਾ ਗਿਆ ਕਿਉਂਕਿ ਉਹ ਇਸ ਘਟਨਾ ਤੋਂ ਡੂੰਘੇ ਦੁੱਖ ਵਿੱਚ ਹਨ। ਪੁਲਿਸ ਵੱਲੋਂ ਆਪਣੇ ਪੱਧਰ 'ਤੇ ਜਾਂਚ ਜਾਰੀ ਹੈ।