ਬਰਨਾਲਾ, 14 ਨਵੰਬਰ (ਬਘੇਲ ਸਿੰਘ ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਵਪਾਰ ਵਿੰਗ ਦੇ ਪ੍ਰਧਾਨ ਰਵਨੀਤ ਗੋਪੀ ਅਤੇ ਸੂਬਾ ਜਰਨਲ ਸਕੱਤਰ ਉੱਤਮ ਬਾਂਸਲ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸ਼ਹਿਰ ਵਾਸੀਆਂ ਨੂੰ ਸ੍ਰੋਮਣੀ ਅਕਾਲੀ ਦਲ (ਅ) ਦੇ ਜਥੇਬੰਧਕ ਸਕੱਤਰ ਅਤੇ ਸਰਬ ਸਾਂਝੇ ਉਮੀਦਵਾਰ ਗੋਵਿੰਦ ਸਿੰਘ ਸੰਧੂ ਦੇ ਹੱਕ ਵਿੱਚ ਫਤਵਾ ਦੇਣ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਪਾਰਟੀ ਪ੍ਰਧਾਨ ਅਤੇ ਸਾਬਕਾ ਐਮ.ਪੀ. ਸ. ਸਿਮਰਨਜੀਤ ਸਿੰਘ ਮਾਨ ਨੇ ਆਪਣੇ ਕਾਰਜਕਾਲ ਦੌਰਾਨ ਗ੍ਰਾਂਟਾਂ ਦੇ ਮਾਮਲੇ ਵਿੱਚ ਕਿਸੇ ਵੀ ਫਿਰਕੇ ਨਾਲ ਵਿਤਕਰਾ ਨਹੀ ਕੀਤਾ। ਹਮੇਸਾਂ ਪਾਰਦਰਸੀ ਢੰਗ ਨਾਲ ਬਗੈਰ ਕਿਸੇ ਨਸਲੀ ਜਾਂ ਜਾਤੀ ਭੇਦ ਦੇ ਗ੍ਰਾਂਟਾਂ ਵੰਡੀਆਂ ਹਨ, ਭਾਵੇਂ ਗਊਸ਼ਾਲਾ ਲਈ ਗ੍ਰਾਟਾਂ ਦੀ ਗੱਲ ਹੋਵੇ, ਸਕੂਲ ਲਈ ਹੋਵੇ, ਹਸਪਤਾਲ ਲਈ ਹੋਵੇ ਜਾਂ ਰਾਮਬਾਗ ਕਮੇਟੀਆਂ ਹੋਣ ਉਨ੍ਹਾਂ ਵੱਲੋਂ ਬਿਨਾਂ ਕਿਸੇ ਭੇਦਭਾਵ ਤੋਂ ਗ੍ਰਾਟਾਂ ਵੰਡੀਆਂ ਗਈਆਂ। ਸੋ ਹੁਣ ਬਰਨਾਲਾ ਹਲਕੇ ਦੇ ਚੋਣ ਮੈਦਾਨ ਦੀ ਵਾਂਗਡੋਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਮੇਤ ਪੰਥਕ ਜਥੇਬੰਦੀਆਂ ਅਤੇ ਸਹਿਰੀ ਵਪਾਰੀਆਂ ਦੇ ਸਾਂਝੇ ਉਮੀਦਵਾਰ ਗੋਵਿੰਦ ਸਿੰਘ ਸੰਧੂ ਦੇ ਹੱਥ ’ਚ ਸੌਂਪੀ ਜਾ ਰਹੀ ਹੈ, ਤਾਂਕਿ ਉਹ ਅੱਗੇ ਜਾ ਕੇ ਲੋਕ ਭਲਾਈ, ਸਮਾਜ ਸੇਵਾ, ਸ਼ਹਿਰ ਵਾਸੀਆਂ, ਪਿੰਡ ਵਾਸੀਆਂ ਦੇ ਹਿੱਤਾਂ ਲਈ ਵੱਧ ਤੋਂ ਵੱਧ ਕੰਮ ਕਰ ਸਕਣ। ਉਹਨਾਂ ਮੌਜੂਦਾ ਹਾਲਾਤਾਂ ਤੇ ਚਿੰਤਾ ਜਾਹਰ ਕਰਦਿਆਂ ਕਿਹਾ ਕਿ ਅੱਜ ਕਿਸਾਨ, ਦੁਕਾਨਦਾਰ, ਨੌਜਵਾਨ ਜਾਣੀ ਹਰ ਵਰਗ ਮੌਜੂਦਾ ਸਰਕਾਰਾਂ ਤੋਂ ਦੁਖੀ ਹੈ। ਕਾਰਪੋਰੇਟ ਸਿਸਟਮ ਨੇ ਛੋਟੇ ਦੁਕਾਨਾਦਾਰਾਂ,ਛੋਟੇ ਵਪਾਰੀਆਂ ਲਈ ਵੱਡੀਆਂ ਮੁਸ਼ਕਲਾਂ ਪੈਦਾ ਕਰ ਦਿੱਤੀਆਂ ਹਨ,ਪਰ ਸ੍ਰ ਮਾਨ ਦੀ ਪਾਰਟੀ ਦਾ ਇਹ ਸਪੱਸਟ ਏਜੰਡਾ ਰਿਹਾ ਹੈ ਕਿ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਛੋਟੇ ਵਪਾਰੀਆਂ,ਦੁਕਾਨਦਾਰਾਂ ਅਤੇ ਹੋਰ ਛੋਟੇ ਕਾਰੋਬਾਰੀਆਂ ਦੇ ਕਾਰੋਬਾਰਾਂ ਨੂੰ ਹੜੱਪਣ ਨਹੀ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਤੁਸੀ ਚਾਹੁੰਦੇ ਹੋ ਕੀ ਸਾਡੇ ਕਾਰੋਬਾਰ ਸੁਰਖਿਅਤ ਅਤੇ ਮੁਨਾਫੇ ਵਾਲੇ ਹੋਣ,ਤਾਂ ਵਪਾਰੀਆਂ ਦੇ ਹਿੱਤ ਸੁਰਖਿਅਤ ਰੱਖਣ ਲਈ ਬਚਨਵੱਧ ਸ੍ਰ ਗੋਵਿੰਦ ਸਿੰਘ ਸੰਧੂ ਨੂੰ ਵੋਟਾਂ ਪਾ ਕੇ ਕਾਮਯਾਬ ਕੀਤਾ ਜਾਣਾ ਚਾਹੀਦਾ ਹੈ,ਤਾਂ ਕਿ ਉਹ ਬਰਨਾਲੇ ਦਾ ਨੁਮਾਇੰਦਾ ਬਣਕੇ ਵਿਧਾਨ ਸਭਾ ਵਿੱਚ ਬਰਨਾਲਾ ਵਾਸੀਆਂ ਦੇ ਮਸਲੇ ਦਲੀਲਾਂ ਸਾਹਿਤ ਰੱਖ ਸਕਣ। ਉਹਨਾਂ ਸਹਿਰ ਅਤੇ ਹਲਕਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਗੋਵਿੰਦ ਸਿੰਘ ਸੰਧੂ ਨੂੰ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ, ਤਾਂ ਕਿ ਉਹ ਜਿੱਤ ਕੇ ਵਿਧਾਨ ਸਭਾ ਦੇ ਵਿੱਚ ਹਲਕਾ ਨਿਵਾਸੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਆਪਣੀ ਆਵਾਜ਼ ਬੁਲੰਦ ਕਰ ਸਕਣ ਅਤੇ ਉਨ੍ਹਾਂ ਦਾ ਹੱਲ ਕਰ ਸਕਣ। ਉਨ੍ਹਾਂ ਵਪਾਰ ਮੰਡਲ, ਹਿੰਦੂ ਸੰਗਠਨਾਂ,ਗੁਊਸ਼ਾਲਾ ਕਮੇਟੀਆਂ,ਸਮਾਜ ਸੇਵੀ ਸੰਸਥਾਵਾਂ, ਸ਼ਹਿਰੀਆਂ ਅਤੇ ਪੇਂਡੂ ਵੋਟਰਾਂ ਨੂੰ ਅਪੀਲ ਕੀਤੀ ਕਿ ਆਪਣੇ ਛੋਟੇ ਭਰਾ ਗੋਵਿੰਦ ਸਿੰਘ ਨੂੰ ਵੱਧ ਚੜ੍ਹਕੇ ਸਹਿਯੋਗ ਦੇਣਾ ਹੈ। ਉਹਨਾਂ ਵਪਾਰੀ ਵਰਗ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਇਹ ਅਸੀ ਗਰੰਟੀ ਨਾਲ ਕਹਿ ਸਕਦੇ ਹਾਂ ਕਿ ਉਹ ਸਾਡੀਆਂ ਉਮੀਦਾਂ ’ਤੇ ਹਮੇਸਾ ਖਰਾ ਉਤਰੇਗਾ। ਸੂਬੇ ਦਾ ਹਰ ਵਰਗ ਮੌਜੂਦਾ ਸਰਕਾਰ ਦੀਆਂ ਨੀਤੀਆਂ ਤੋਂ ਦੁਖੀ ਹੈ, ਇਸ ਲਈ ਸਾਨੂੰ ਸਾਰਿਆਂ ਨੂੰ ਮਿਲਕੇ ਸ਼੍ਰੋ.ਅ.ਦਲ ਅੰਮ੍ਰਿਤਸਰ ਦੇ ਉਮੀਦਵਾਰ ਗੋਵਿੰਦ ਸਿੰਘ ਸੰਧੂ ਦੇ ਸਿਰ ਜਿੱਤ ਦਾ ਤਾਜ ਸਜਾਉਣਾ ਚਾਹੀਦਾ ਹੈ, ਤਾਂਕਿ ਸਰਕਾਰੀ ਅਤੇ ਗੈਰ ਸਰਕਾਰੀ ਪੱਧਰ ਤੇ ਹੋ ਰਹੀ ਲੁੱਟ ਖੋਹ ਬੰਦ ਕਰਵਾਈ ਜਾ ਸਕੇ। ਇਸ ਮੌਕੇ ਉਨ੍ਹਾਂ ਨਾਲ ਹੋਰ ਪਤਵੰਤੇ ਹਾਜਰ ਸਨ।