ਬਰਨਾਲਾ 14 ਨਵੰਬਰ (ਬਘੇਲ ਸਿੰਘ ਧਾਲੀਵਾਲ/ਚਮਕੌਰ ਸਿੰਘ ਗੱਗੀ)-ਗੋਬਿੰਦ ਸਿੰਘ ਸੰਧੂ ਇੱਕ ਉਤਸਾਹੀ,ਪੜ੍ਹਿ੍ਹਆ ਲਿਖਿਆ ਅਤੇ ਕਾਬਲੀਅਤ ਵਾਲਾ ਨੌਜਵਾਨ ਹੈ ਜਿਹੜਾ ਪੰਥ ਅਤੇ ਪੰਜਾਬ ਦੇ ਹਿਤਾਂ ਦੀ ਲੜਾਈ ਦ੍ਰਿੜਤਾ ਅਤੇ ਦਲੇਰੀ ਨਾਲ ਲੜ ਸਕਦਾ ਹੈ,ਕਿਉਂਕਿ ਉਹਦੀਆਂ ਰਗਾਂ ਵਿੱਚ ਸ਼ਹੀਦਾਂ ਪੁਰਖਿਆਂ ਦਾ ਖੂਨ ਦੌੜ ਰਿਹਾ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ (ਅ) ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪ੍ਰੈਸ ਬਿਆਨ ਵਿੱਚ ਸਾਂਝਾ ਕੀਤਾ।ਉਹਨਾਂ ਸਮੁੱਚੀਆਂ ਪੰਥਕ ਧਿਰਾਂ,ਅਕਾਲੀ ਦਲ ਅਤੇ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਥਕ ਧਿਰਾਂ ਦੇ ਸਰਬ ਸਾਂਝੇ ਉਮੀਦਵਾਰ ਭਾਈ ਗੋਬਿੰਦ ਸਿੰਘ ਸੰਧੂ ਨੂੰ ਸਫਲ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ। ਉਹਨਾਂ ਸਿੱਖ ਪੰਥ ਨੂੰ ਅਪੀਲ ਕਰਦਿਆਂ ਕਿਹਾ ਕਿ ਮੈ ਪਿਛਲੇ ਚਾਲੀ ਸਾਲਾਂ ਤੋਂ ਲਗਾਤਾਰ ਤੁਹਾਡੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ ਕਿਤੇ ਵੀ ਥਿੜਕਿਆ ਜਾਂ ਲਾਲਚਾਂ ਵਿੱਚ ਆਕੇ ਆਪਣੀ ਜਮੀਰ ਨੂੰ ਵਿਕਣ ਨਹੀ ਦਿੱਤਾ,ਬਲਕਿ ਸਿਆਸੀ ਕੈਰੀਅਰ ਦਾਅ ’ਤੇ ਲਾ ਕੇ ਪੰਥ ਦੀ ਹੋਂਦ ਹਸਤੀ ਦੀ ਲੜਾਈ ਇਕੱਲੇ ਰਹਿਕੇ ਵੀ ਲੜਦਾ ਆ ਰਿਹਾ ਹਾਂ। ਉਹਨਾਂ ਕਿਹਾ ਕਿ ਜਿੰਨਾਂ ਨੂੰ ਤੁਸੀਂ ਜਿਤਾ ਕੇ ਰਾਜਭਾਗ ਦੇ ਮਾਲਕ ਬਣਾ ਕੇ ਭੇਜਦੇ ਹੋ, ਉਹ ਲੋਕ ਤੁਹਾਡੀ ਲੁੱਟ ਅਤੇ ਕੁੱਟ ਤੋਂ ਬਿਨਾਂ ਹੋਰ ਕੁੱਝ ਵੀ ਨਹੀ ਕਰਦੇ। ਭਾਂਵੇਂ ਪਹਿਲੀਆਂ ਸਰਕਾਰਾਂ ਹੋਣ ਜਾਂ ਮੌਜੂਦਾ ਸੂਬਾ ਸਰਕਾਰ ਹੋਵੇ ਸਭ ਨੇ ਹੀ ਤੁਹਾਡੀਆਂ ਭਾਵਨਾਵਾਂ ਦਾ ਕਤਲ ਕੀਤਾ ਹੈ। ਤੁਹਾਡੇ ਨਾਲ ਸਿਆਸੀ ਬਦਲਾਅ ਦੇ ਵਾਅਦੇ ਕਰਕੇ ਸਰਕਾਰ ਬਣਾਉਣ ਤੋਂ ਬਾਅਦ ਪਿਛਲਿਆਂ ਤੋ ਵੀ ਵੱਧ ਗਰਕੇ ਹੋਏ ਸਾਬਤ ਹੋ ਰਹੇ ਹਨ।ਉਹਨਾਂ ਕਿਹਾ ਕਿ ਇਸ ਵੇਲੇ ਪੰਜਾਬ ਅੰਦਰ ਭਗਵੰਤ ਮਾਨ ਦੀ ਸਰਕਾਰ ਸਿਰਫ ਇੱਕ ਦਿਖਾਵੇ ਦੀ ਹੈ,ਜਦੋਕਿ ਸਾਰਾ ਕੰਮ ਦਿੱਲੀ ਦਾ ਕੇਜਰੀਵਾਲ ਚਲਾ ਰਿਹਾ ਹੈ। ਪੰਜਾਬ ਅੰਦਰ ਨਸ਼ਿਆਂ ਦੇ ਹੜ ਰੁਕਣ ਦਾ ਨਾਮ ਨਹੀਂ ਲੈ ਰਹੇ,ਬਲਕਿ ਬਦ ਅਮਨੀ ਨੇ ਹਰ ਸਰੀਫ ਸਹਿਰੀ ਦਾ ਜਿਉਣਾ ਹਰਾਮ ਕੀਤਾ ਹੋਇਆ ਹੈ,ਇਸ ਦੇ ਬਾਵਜੂਦ ਵੀ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਨੂੰ ਚੁਟਕਲੇ ਸੁਣਾ ਕੇ ਗੁਮਰਾਹ ਕਰਨ ਦੀ ਗਲਤ ਫਹਿਮੀ ਪਾਲ ਰਿਹਾ ਹੈ।ਉਹਨਾਂ ਕੇਜਰੀਵਾਲ ’ਤੇ ਪੰਜਾਬ ਨੂੰ ਲੱਟਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਇਸ ਸਮੇ ਪੰਜਾਬ ਦਾ ਸਾਰਾ ਪੈਸਾ ਕੇਜਰੀਵਾਲ ਵੱਲੋਂ ਦਿੱਲੀ ਆਪਣੀ ਪਾਰਟੀ ਚਲਾਉਣ ਲਈ ਲੈਜਾਇਆ ਜਾ ਰਿਹਾ ਹੈ,ਅਤੇ ਪੰਜਾਬ ਦਾ ਕਰਜੇ ਦੀ ਮਾਰ ਕਾਰਨ ਦਮ ਘੁੱਟਦਾ ਜਾ ਰਿਹਾ ਹੈ,ਪਰ ਪੰਜਾਬ ਦੇ 92 ਵਿਧਾਇਕਾਂ ਵਿੱਚੋਂ ਕਿਸੇ ਇੱਕ ਦੀ ਵੀ ਅਣਖਗੈਰਤ ਨਹੀ ਜਾਗੀ ਅਤੇ ਉਹਨਾਂ ਦੀ ਅਧਮਰੀ ਜਮੀਰ ਨੇ ਉਹਨਾਂ ਨੂੰ ਇੱਸ ਲੁੱਟ ਦੇ ਖਿਲਾਫ ਬੋਲਣ ਲਈ ਨਹੀ ਹਲੂਣਿਆ।ਉਹਨਾਂ ਕਿਹਾ ਕਿ ਪੰਜਾਬ ਦੇ ਛੋਟੇ ਵਪਾਰੀ ,ਛੋਟੇ ਦੁਕਾਨਦਾਰ,ਕਿਸਾਨ,ਮਜਦੂਰ ਮੁਲਾਜਮ ਅਤੇ ਹੋਰ ਛੋਟੇ ਕਾਰੋਬਾਰੀਆਂ ਨੂੰ ਕਾਰਪੋਰੇਟ ਲਾਣਾ ਹੜੱਪਣ ਲਈ ਕਾਹਲਾ ਹੈ,ਪਰ ਸ੍ਰੋਮਣੀ ਅਕਾਲੀ ਦਲ(ਅ) ਅਜਿਹਾ ਕਦੇ ਵੀ ਨਹੀ ਹੋਣ ਦੇਵੇਗਾ।ਸ੍ਰ ਸਿਮਰਨਜੀਤ ਸਿੰਘ ਮਾਨ ਨੇ ਦੁਬਾਰਾ ਫਿਰ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ੍ਰੋਮਣੀ ਅਕਾਲੀ ਦਲ (ਅ) ਅਤੇ ਪੰਥਕ ਧਿਰਾਂ ਦੇ ਸਰਬ ਸਾਂਝੇ ਉਮੀਦਵਾਰ ਗੋਬਿੰਦ ਸਿੰਘ ਸੰਧੂ ਨੂੰ ਕਾਮਯਾਬ ਕਰਨ ਲਈ ਯਤਨਸ਼ੀਲ ਹੋਣ।ਉਹਨਾਂ ਕਾਂਗਰਸ,ਭਾਜਪਾ ਅਤੇ ਆਮ ਆਦਮੀ ਪਾਰਟੀ ਵਰਗੀਆਂ ਲੋਟੂ ਅਤੇ ਲੋਕ ਦੁਸ਼ਮਣ ਪਾਰਟੀਆਂ ਨੂੰ ਮੂੰਹ ਨਾ ਲਾਉਣ ਦਾ ਸੱਦਾ ਵੀ ਦਿੱਤਾ।