ਅੰਮ੍ਰਿਤਸਰ : ਪੰਜਾਬ ਪੁਲਿਸ ਦੇ ਸਾਬਕਾ ਇੰਸਪੈਕਟਰ ਸੁਖਵਿੰਦਰ ਰੰਧਾਵਾ ਨੇ ਵੀਰਵਾਰ ਨੂੰ ਮਜੀਠਾ ਰੋਡ ਸਥਿਤ ਏਕਰੂਪ ਐਵੇਨਿਊ ਸਥਿਤ ਆਪਣੀ ਰਿਹਾਇਸ਼ 'ਤੇ ਗੋਲ਼ੀ ਮਾਰ ਕੇ ਖੁਦਕੁਸ਼ੀ ਕਰ ਲਈ । ਉਹ ਕੁਝ ਸਮੇਂ ਤੋਂ ਡਿਪਰੈਸ਼ਨ ਵਿੱਚ ਸੀ। ਜੰਡਿਆਲਾ ਗੁਰੂ ਨੇੜੇ ਸਥਿਤ ਟੋਲ ਪਲਾਜ਼ਾ 'ਤੇ ਉਸ 'ਤੇ ਹੋਏ ਐਨਕਾਊਂਟਰ ਤੇ ਇਕ ਮਾਮਲੇ 'ਚ ਸੀ.ਬੀ.ਆਈ ਜਾਂਚ ਤੋਂ ਇਲਾਵਾ ਕਈ ਹੋਰ ਮਾਮਲਿਆਂ 'ਚ ਵੀ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਸ ਨੇ ਆਤਮ-ਹੱਤਿਆ ਕਰਨ ਦੀ ਵਜ੍ਹਾ ਬਾਰੇ ਪਰਿਵਾਰ ਕੁਝ ਨਹੀਂ ਕਹਿ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਏ.ਸੀ.ਪੀ ਸ਼ਿਵਦਰਸ਼ਨ ਸਿੰਘ, ਸਦਰ ਥਾਣਾ ਇੰਚਾਰਜ ਵਿਨੋਦ ਸ਼ਰਮਾ ਤੇ ਹੋਰ ਅਧਿਕਾਰੀ ਮੌਕੇ 'ਤੇ ਪਹੁੰਚੇ ਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਸਾਬਕਾ ਇੰਸਪੈਕਟਰ ਦੇ ਮੱਥੇ 'ਤੇ ਗੋਲੀ ਲੱਗੀ ਹੈ।ਫਿਲਹਾਲ ਪੁਲਿਸ ਦੀ ਫੋਰੈਂਸਿਕ ਟੀਮ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਸਾਬਕਾ ਇੰਸਪੈਕਟਰ ਸੁਖਵਿੰਦਰ ਸਿੰਘ ਕੋਲ ਸਰਕਾਰੀ ਤੇ ਆਪਣੇ ਨਿੱਜੀ ਹਥਿਆਰ ਸਨ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਉਸ ਨੇ ਕਿਸ ਪਿਸਤੌਲ ਨਾਲ ਖ਼ੁਦ ਨੂੰ ਗੋਲ਼ੀ ਮਾਰੀ ਹੈ। ਮ੍ਰਿਤਕ ਦਾ ਪੁੱਤਰ ਅਮਨਦੀਪ ਸਿੰਘ ਰੰਧਾਵਾ ਇਸ ਸਮੇਂ ਸੀਆਈਏ ਸਟਾਫ਼ 1 ਵਿੱਚ ਤਾਇਨਾਤ ਹੈ। ਮੌਕੇ ’ਤੇ ਪੁੱਜੇ ਏਸੀਪੀ ਸ਼ਿਵਦਰਸ਼ਨ ਸਿੰਘ ਨੇ ਦੱਸਿਆ ਕਿ ਪੰਜਾਬ ਪੁਲਿਸ ਦੇ ਸਾਬਕਾ ਇੰਸਪੈਕਟਰ ਸੁਖਵਿੰਦਰ ਸਿੰਘ ਵੱਲੋਂ ਖੁਦਕੁਸ਼ੀ ਕਰਨ ਦੀ ਸੂਚਨਾ ਮਿਲਦਿਆਂ ਹੀ ਉਹ ਪੁਲਿਸ ਫੋਰਸ ਨਾਲ ਮੌਕੇ ’ਤੇ ਪੁੱਜੇ। ਪੁਲਿਸ ਫੋਰੈਂਸਿਕ ਟੀਮਾਂ ਜਾਂਚ ਕਰ ਰਹੀਆਂ ਹਨ। ਇੱਥੋਂ ਤੱਕ ਕਿ ਪਰਿਵਾਰ ਵੀ ਇਹ ਦੱਸਣ ਦੀ ਸਥਿਤੀ ਵਿੱਚ ਨਹੀਂ ਹੈ ਕਿ ਉਨ੍ਹਾਂ ਦੇ ਪਿਤਾ ਨੇ ਕਿਸ ਕਾਰਨ ਖੁਦਕੁਸ਼ੀ ਕੀਤੀ ਹੈ।ਐਨਕਾਊਂਟਰ ਤੇ ਸੀਬੀਆਈ ਦੇ ਚੱਲ ਰਹੇ ਕੇਸਾਂ ਬਾਰੇ ਉਨ੍ਹਾਂ ਕਿਹਾ ਕਿ ਪੁਲਿਸ ਅਧਿਕਾਰੀਆਂ ਖ਼ਿਲਾਫ਼ ਕਈ ਕੇਸ ਪੈਂਡਿੰਗ ਹਨ ਪਰ ਇਹ ਖੁਦਕੁਸ਼ੀ ਦਾ ਕਾਰਨ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਸਾਬਕਾ ਇੰਸਪੈਕਟਰ ਕਾਬਲ ਅਧਿਕਾਰੀ ਸੀ। ਉਸ ਨੇ ਆਪਣੇ ਸਮੇਂ ਵਿੱਚ ਕਈ ਵੱਡੇ ਕੇਸ ਹੱਲ ਕੀਤੇ। ਸੇਵਾਮੁਕਤੀ ਤੋਂ ਬਾਅਦ ਵੀ ਉਹ ਪੁਲਿਸ ਦਾ ਸਾਥ ਦਿੰਦੇ ਸਨ ਤੇ ਪੰਜਾਬ ਪੁਲਿਸ ਦੇ ਅਧਿਕਾਰੀ ਵੀ ਜਦੋਂ ਵੀ ਲੋੜ ਪੈਂਦੀ ਸੀ, ਉਨ੍ਹਾਂ ਦੀ ਮਦਦ ਲੈਂਦੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਪਰਿਵਾਰ ਨਾਲ ਖੜ੍ਹੀ ਹੈ।