Thursday, September 18, 2025
24 Punjabi News World
Mobile No: + 31 6 39 55 2600
Email id: hssandhu8@gmail.com

Punjab

‘ਆਪ’ ਸਰਕਾਰ ਦੇ ਕਾਰਜਕਾਲ ’ਚ ਅਮਨ ਕਾਨੂੰਨ ਦੀ ਹਾਲਤ ਬੇਹੱਦ ਨਾਜ਼ੁਕ - ਪ੍ਰਤਾਪ ਬਾਜਵਾ ---ਪੰਜਾਬ ’ਚ ਆਏ ਦਿਨ ਲੁੱਟਾਂ-ਖੋਹਾਂ ਦੀਆਂ ਵਧ ਰਹੀਆਂ ਵਾਰਦਾਤਾਂ - ਕਾਲਾ ਢਿੱਲੋਂ

October 29, 2024 04:29 PM


ਬਰਨਾਲਾ, 29 ਅਕਤੂਬਰ (ਬਘੇਲ ਸਿੰਘ ਧਾਲੀਵਾਲ/ਚਮਕੌਰ ਸਿੰਘ ਗੱਗੀ)-ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਸਮਾਜ ਦਾ ਹਰ ਵਰਗ ਦੁਖੀ ਹੈ। ਜਿਸ ਕਰਕੇ ਇਸ ਪਾਰਟੀ ਦੇ ਰਾਜ ’ਚ ਸੂਬੇ ਅੰਦਰ ਅਮਨ ਕਾਨੂੰਨ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ। ਇਹ ਸ਼ਬਦ ਕਾਂਗਰਸ ਦੇ ਸੀਨੀਅਰ ਆਗੂ ਤੇ ਵਿਧਾਨ ਸਭਾ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਬਰਨਾਲਾ ਵਿਖੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਬਰਨਾਲਾ ਤੋਂ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਦੇ ਗ੍ਰਹਿ ਵਿਖੇ ਵਿਸ਼ੇਸ਼ ਗੱਲਬਾਤ ਦੌਰਾਨ ਕਹੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਬਦਲਾਅ ਦੀ ਆਸ ਵਿਖਾ ਕੇ ਸੱਤਾ ’ਚ ਆਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ ’ਤੇ ਬੁਰੀ ਤਰ੍ਹਾਂ ਫਲਾਪ ਚੁੱਕੀ ਹੈ। ਕਿਸੇ ਪਾਸੇ ਵੀ ਕੋਈ ਬਦਲਾਅ ਨਜ਼ਰ ਨਹੀਂ ਆ ਰਿਹਾ ਤੇ ਸੂਬੇ ਦੇ ਲੋਕਾਂ ਦਾ ਸੂਬਾ ਸਰਕਾਰ ਤੋਂ ਮੋਹ ਪੂਰੀ ਤਰਾਂ ਭੰਗ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸੂਬੇ ’ਚੋਂ ਨਸ਼ਿਆਂ ਤੇ ਭ੍ਰਿਸ਼ਟਾਚਾਰ ਦਾ ਖਾਤਮਾ ਕਰਨ ਦਾ ਦਾਅਵਾ ਕਰਨ ਵਾਲੀ ‘ਆਪ’ ਸਰਕਾਰ ਦੇ ਰਾਜ ਅੰਦਰ ਜਿੱਥੇ ਨਸ਼ਾ ਪਹਿਲਾਂ ਨਾਲੋਂ ਵਧ ਚੁੱਕਾ ਹੈ, ਉੱਥੇ ਹੀ ਭ੍ਰਿਸ਼ਟਾਚਾਰ ਵੀ ਹੱਦਾਂ ਟੱਪ ਚੁੱਕਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਹਰੇਕ ਗਾਰੰਟੀ ਤੋਂ ਭੱਜ ਰਹੇ ਹਨ, ਜਦੋਂ ਕਿ ਵਿਕਾਸ ਕਾਰਜ ਸੁਫਨਾ ਬਣ ਕੇ ਰਹਿ ਗਏ ਹਨ। ਉਨ੍ਹਾਂ ਕਾਂਗਰਸ ਦੀ ਸਰਕਾਰ ਸਮੇਂ ਹੋਏ ਵਿਕਾਸ ਦਾ ਜ਼ਿਕਰ ਕਰਦਿਆਂ ਕਿਹਾ ਕਿ ‘ਆਪ’ ਦੀ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਕੋਈ ਵਿਕਾਸ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇਸ ਸਰਕਾਰ ਦੇ ਰਾਜ ’ਚ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਕੁਝ ਨਹੀਂ ਮਿਲਿਆ। ਸਿਰਫ ਚੰਦ ਕੁ ਵਿਅਕਤੀਆਂ ਨੂੰ ਮੁਆਵਜ਼ਾ ਦੇ ਕੇ ਦਿਖਾਵਾ ਕੀਤਾ ਗਿਆ ਹੈ ਤੇ ਸੂਬੇ ਦੇ ਦੁਖੀ ਹੋਏ ਲੋਕ ‘ਆਪ’ ਨੂੰ ਸਬਕ ਸਿਖਾਉਣ ਲਈ ਤਿਆਰ ਬਰ ਤਿਆਰ ਬੈਠੇ ਹਨ। ਇਸ ਮੌਕੇ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ ਕਿ ਨੌਜਵਾਨਾਂ ਲਈ ਸੂਬੇ ’ਚ ਰੁਜ਼ਗਾਰ ਪੂਰੀ ਤਰ੍ਹਾਂ ਖਤਮ ਹੋ ਚੁੱਕਾ ਹੈ। ਸਰਕਾਰ ਬਣਾਉਣ ਸਮੇਂ ‘ਆਪ’ ਵੱਲੋਂ ਲੋਕਾਂ ਨਾਲ ਜੋ ਵਾਅਦੇ ਕੀਤੇ ਗਏ ਸਨ, ਉਹ ਪੂਰੇ ਕਰਨੇ ਤਾਂ ਦੂਰ ਦੀ ਗੱਲ, ਸਗੋਂ ਆਏ ਦਿਨ ਵਧ ਰਹੀ ਮਹਿੰਗਾਈ ਕਾਰਨ ਲੋਕਾਂ ਨੂੰ ਆਰਥਿਕ ਤੌਰ ’ਤੇ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕੋਈ ਵੀ ਦਿਨ ਨਹੀਂ ਹੈ, ਜਿਸ ਦਿਨ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨਾ ਹੋਣ। ਲੁਟੇਰੇ ਇਸ ਕਦਰ ਸ਼ਰੇਆਮ ਗਲੀਆਂ ’ਚ ਘੁੰਮ ਕੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ, ਜਿਵੇਂ ਉਨ੍ਹਾਂ ਨੂੰ ਪੁਲਿਸ ਦਾ ਕੋਈ ਭੈਅ ਹੀ ਨਾ ਹੋਵੇ। ਇਸ ਮੌਕੇ ਵੱਡੀ ਗਿਣਤੀ ਆਗੂ ਤੇ ਵਰਕਰ ਹਾਜ਼ਰ ਸਨ।

Have something to say? Post your comment