ਲਹਿਰਾਗਾਗਾ : ਇੱਥੋਂ ਨੇੜਲੇ ਪਿੰਡ ਕੋਟੜਾ ਲਹਿਲ ਵਿਖੇ ਜਨੇਪੇ ਦੌਰਾਨ ਪੈਦਾ ਹੋਏ ਤਿੰਨ ਬੱਚਿਆਂ ਦੀ ਮੌਤ ਤੋਂ ਬਾਅਦ ਬੱਚਿਆਂ ਦੀ ਨੌਜਵਾਨ ਮਾਂ ਨੇ ਵੀ ਗਮ ਨਾ ਸਹਾਰਦੇ ਹੋਏ ਦਮ ਤੋੜ ਦਿੱਤਾ। ਘਟਨਾ ਜਿੱਥੇ ਪਰਿਵਾਰ ਨੂੰ ਵੀ ਬਹੁਤ ਵੱਡਾ ਸਦਮਾ ਲੱਗਿਆ, ਉੱਥੇ ਹੀ ਇਲਾਕੇ ਅੰਦਰ ਸ਼ੋਕ ਦੀ ਲਹਿਰ ਫੈਲ ਗਈ ਹੈ। ਮ੍ਰਿਤਕ ਨੌਜਵਾਨ ਮੁਟਿਆਰ ਅਤੇ ਉਸ ਦੇ ਤਿੰਨ ਪੁੱਤਰਾਂ ਦਾ ਪਿੰਡ ਕੋਟੜਾ ਦੇ ਸ਼ਮਸ਼ਾਨਘਾਟ ਵਿਚ ਸਸਕਾਰ ਕਰ ਦਿੱਤਾ ਗਿਆ ਹੈ। ਸਸਕਾਰ ਸਮੇਂ ਹਰੇਕ ਵਿਅਕਤੀ ਦੀ ਅੱਖ ਨਮ ਸੀ।ਉਕਤ ਜਾਣਕਾਰੀ ਪਿੰਡ ਕੋਟੜਾ ਲਹਿਲ ਦੇ ਪੰਚ ਅਮਨਦੀਪ ਸਿੰਘ ਨੇ ਦੱਸਿਆ ਕਿ ਮੇਰੇ ਚਚੇਰੇ ਭਰਾ ਦੀ ਪਤਨੀ ਮਨਦੀਪ ਕੌਰ (24) ਪਤਨੀ ਹਸਪ੍ਰੀਤ ਸਿੰਘ ਪੁੱਤਰ ਕਰਨੈਲ ਸਿੰਘ ਨੂੰ ਜਣੇਪੇ ਤੋਂ ਪਹਿਲਾਂ 26 ਅਕਤੂਬਰ ਨੂੰ ਸ਼ਾਹ ਲੈਣ ਦੀ ਤਕਲੀਫ ਸ਼ੁਰੂ ਹੋ ਗਈ ਸੀ ਜਿਸ ਕਰਕੇ ਪਰਿਵਾਰ ਵੱਲੋਂ, ਮਨਦੀਪ ਕੌਰ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਜਿੱਥੇ ਦੇਰ ਸ਼ਾਮ ਕਰੀਬ 7.30 ਵਜੇ ਦੇ ਕਰੀਬ ਉਸ ਨੂੰ ਜਣੇਪੇ ਦੀਆਂ ਪੀੜਾਂ ਸ਼ੁਰੂ ਹੋ ਗਈਆਂ, ਜਿਸ ਦੇ ਚੱਲਦਿਆਂ ਡਾਕਟਰਾਂ ਨੇ ਉਸਦੇ ਪੇਟ ਦਾ ਅਪ੍ਰੇਸ਼ਨ ਕਰਕੇ 3 ਪੁੱਤਰਾਂ ਨੂੰ ਜਨਮ ਦਿਵਾਇਆ।ਇਨ੍ਹਾਂ ਨਵ ਜੰਮੇ ਪੁੱਤਰਾਂ ਵਿੱਚੋਂ 2 ਪੁੱਤਰ ਮ੍ਰਿਤਕ ਪਾਏ ਗਏ ਅਤੇ ਤੀਸਰੇ ਪੁੱਤਰ ਨੇ ਵੀ 4-5 ਕੁ ਮਿੰਟ ਔਖੇ-ਔਖੇ ਸਾਹ ਲੈਣ ਤੋਂ ਬਾਅਦ ਆਪਣਾ ਦਮ ਤੋੜ ਦਿੱਤਾ। ਪੁੱਤਰਾਂ ਦੀ ਮੌਤ ਤੋਂ 6 ਘੰਟੇ ਬਾਅਦ ਰਾਤ ਦੇ ਕਰੀਬ 2 ਵਜੇ ਮੇਰੀ ਭਰਜਾਈ ਮਨਦੀਪ ਕੌਰ (24) ਨੇ ਵੀ ਆਪਣਾ ਦਮ ਤੋੜ ਦਿੱਤਾ। ਉਨ੍ਹਾਂ ਦੱਸਿਆ ਕਿ ਮਨਦੀਪ ਕੌਰ ਚੰਗੇ ਸੁਭਾਅ ਵਾਲੀ ਔਰਤ ਸੀ। ਜਿਸਦੀ ਮੌਤ ਨਾਲ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਹੈ। ਪੀੜਤ ਪਰਿਵਾਰ ਨਾਲ ਇੰਨਾ ਵੱਡਾ ਭਾਣਾ ਬੀਤਣ ਉੱਤੇ ਜਿੱਥੇ ਪਿੰਡ ਅਤੇ ਇਲਾਕੇ ਨੇ ਦੁੱਖ ਪ੍ਰਗਟ ਕੀਤਾ ਹੈ, ਉਥੇ ਹੀ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ, ਉਨ੍ਹਾਂ ਦੇ ਸਪੁੱਤਰ ਗੌਰਵ ਗੋਇਲ, ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਜੀਵਨ ਕੁਮਾਰ ਰੱਬੜ, ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਚਰਨਜੀਤ ਸ਼ਰਮਾ, ਟਰੱਕ ਯੂਨੀਅਨ ਦੇ ਪ੍ਰਧਾਨ ਗੁਰੀ ਚਹਿਲ, ਭਗਵੰਤ ਸਿੰਘ ਕੋਟੜਾ ਅਤੇ ਸਮਾਜ ਸੇਵੀ ਜਥੇਬੰਦੀਆਂ ਨੇ ਵੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ।