ਬਰਨਾਲਾ, 01 ਅਕਤੂਬਰ (ਬਘੇਲ ਸਿੰਘ ਧਾਲੀਵਾਲ)---ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਦਿਸ਼ਾ - ਨਿਰਦੇਸ਼ਾਂ ਅਨੁਸਾਰ ਝੋਨੇ ਦੀ ਖਰੀਦ ਮੰਡੀਆਂ ਸੁਚਾਰੂ ਤਰੀਕੇ ਨਾਲ ਕਰਵਾਉਣ ਅਤੇ ਪਰਾਲੀ ਸਾੜਨ ਦੇ ਮਾਮਲਿਆਂ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਸਖਤ ਹੈ ਤੇ ਮਾਪਦੰਡਾਂ ਨਾਲੋਂ ਵੱਧ ਨਮੀਂ ਦੇ ਮਾਮਲੇ ਵਿਚ ਇਕ ਫਰਮ ਖਿਲਾਫ ਸਖਤ ਨੋਟਿਸ ਲਿਆ ਗਿਆ ਹੈ। ਡਿਪਟੀ ਕਮਿਸ਼ਨਰ ਬਰਨਾਲਾ ਮੈਡਮ ਪੂਨਮਦੀਪ ਕੌਰ ਨੇ ਦੱਸਿਆ ਕਿ ਅੱਜ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਅਨਾਜ ਮੰਡੀ ਬਰਨਾਲਾ ਵਿਚ ਕੰਮ ਕਰਦੀ ਫਰਮ ਬਚਨਾ ਰਾਮ ਐਂਡ ਕੰਪਨੀ ਵਲੋਂ ਆਪਣੇ ਫੜ 'ਤੇ ਪਿੰਡ ਵਜੀਦਕੇ ਕਲਾਂ ਦੇ ਕਿਸਾਨ ਦੇ 21 ਫੀਸਦੀ ਨਮੀਂ ਵਾਲੀ ਵਾਲੇ ਝੋਨੇ ਦੀ ਜਿਣਸ ਢੇਰੀ ਕਰਵਾਈ ਗਈ। ਮਾਪਦੰਡਾਂ ਨੂੰ ਅੱਖੋਂ-ਪਰੋਖੇ ਕਰਨ ਦੇ ਮਾਮਲੇ ਵਿਚ ਸਬੰਧਤ ਫਰਮ ਦਾ ਲਾਇਸੈਂਸ ਰੱਦ ਕਰਨ ਸਬੰਧੀ ਨੋਟਿਸ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਪਦੰਡਾਂ ਅਨੁਸਾਰ ਝੋਨੇ ਦੀ ਫ਼ਸਲ ਵਿੱਚ 17 ਫੀਸਦੀ ਤੋਂ ਵੱਧ ਨਮੀਂ ਨਹੀਂ ਹੋਣੀ ਚਾਹੀਦੀ। ਉਨ੍ਹਾਂ ਦੱਸਿਆ ਕਿ ਪੰਜਾਬ ਖੇਤੀਬਾੜੀ ਉਪਜ ਮੰਡੀਆਂ ਐਕਟ, 1961 ਅਤੇ ਇਸ ਐਕਟ ਅਧੀਨ ਬਣੇ ਪੰਜਾਬ ਖੇਤੀਬਾੜੀ ਉਪਜ ਮੰਡੀਆਂ (ਜਨਰਲ ਰੂਲਜ਼), 1962 ਅਤੇ ਪੰਜਾਬ ਮਾਰਕਿਟ ਕਮੇਟੀਜ਼ ਬਾਈਲਾਅਜ, 1963 ਦੀਆਂ ਧਾਰਾਵਾਂ, ਰੂਲਜ਼ ਅਤੇ ਉਪਬੰਧਾਂ ਦੀ ਪਾਲਣਾ ਕਰਨ ਦੀ ਫਰਮ ਪਾਬੰਦ ਹੈ। ਲਾਇਸੈਂਸ ਦੀ ਸ਼ਰਤ ਨੰਬਰ 1 ਅਨੁਸਾਰ ਫਰਮ ਦੀ ਡਿਊਟੀ ਬਣਦੀ ਹੈ ਕਿ ਉਹ ਐਕਟ, ਰੂਲਜ਼, ਬਾਈਲਾਅਜ ਅਤੇ ਸਮੇਂ ਸਮੇਂ ਸਿਰ ਜਾਰੀ ਕੀਤੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰੇ। ਲਾਇਸੈਂਸ ਦੀ ਸ਼ਰਤ ਨੰਬਰ 2 ਅਨੁਸਾਰ ਉਸ ਦੀ ਇਹ ਵੀ ਡਿਊਟੀ ਬਣਦੀ ਹੈ ਕਿ ਐਕਟ, ਰੂਲਜ਼ ਅਤੇ ਬਾਈਲਾਅਜ਼ ਦੀ ਉਲੰਘਣਾ ਨਹੀਂ ਕਰੇਗੀ, ਜੇਕਰ ਕੋਈ ਉਲੰਘਣਾ ਨੋਟਿਸ ਵਿੱਚ ਆਉਂਦੀ ਹੈ ਤਾਂ ਉਸ ਦੀ ਲਿਖਤੀ ਰਿਪੋਰਟ ਮਾਰਕਿਟ ਕਮੇਟੀ ਨੂੰ ਦੇਵੇਗੀ। ਲਾਇਸੈਂਸ ਦੀ ਸ਼ਰਤ ਨੰਬਰ 04 ਅਨੁਸਾਰ ਲਾਇਸੰਸੀ ਨੇ ਆਪਣਾ ਵਪਾਰ ਇਮਾਨਦਾਰੀ ਤੇ ਸਹੀ ਢੰਗ ਨਾਲ ਕਰਨਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਬੰਧਤ ਫਰਮ ਵਲੋਂ ਸ਼ਰਤ ਨੰਬਰ 1, 2 ਤੇ 4 ਦੀ ਉਲੰਘਣਾ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਫਰਮ ਤੋਂ 24 ਘੰਟਿਆਂ ਦੇ ਅੰਦਰ ਜਵਾਬ ਮੰਗਿਆ ਗਿਆ ਹੈ ਤੇ ਜਵਾਬ ਤਸੱਲੀਬਖ਼ਸ਼ ਨਾ ਹੋਣ ਦੀ ਸੂਰਤ ਵਿੱਚ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਸ ਸਬੰਧੀ ਮਾਰਕੀਟ ਕਮੇਟੀ ਦੇ ਸੈਕਟਰੀ ਤਲਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਸਾਨੂੰ ਦੱਸਿਆ ਕਿ ਅਨਾਜ ਮੰਡੀ ਬਰਨਾਲਾ ਵਿਚ ਸਰਕਾਰੀ ਮਾਪਦੰਡਾਂ ਤੋਂ ਬਿਲਕੁਲ ਉਲਟ ਵੱਧ ਨਮੀ ਵਾਲਾ ਝੋਨਾ ਲਹਾਇਆ ਗਿਆ ਹੈ। ਜਿਸਨੂੰ ਚੈਕ ਕਰਨ ’ਤੇ ਪਾਇਆ ਗਿਆ ਕਿ ਸਰਕਾਰੀ ਖਰੀਦ ਦੇ ਮਾਪਦੰਡਾਂ ਅਨੁਸਾਰ 17 ਪ੍ਰਤੀਸ਼ਤ ਦੀ ਬਜਾਏ 20 ਤੋਂ 21 ਪ੍ਰਤੀਸ਼ਤ ਨਮੀ ਵਾਲੇ ਝੋਨੇ ਦੀਆਂ ਦੋ ਢੇਰੀਆਂ ਲੁਹਾਈਆਂ ਗਈਆਂ ਹਨ, ਜੋ ਤੁਰੰਤ ਹੀ ਉਠਵਾਉਣ ਲਈ ਲਿਖਿਆ ਗਿਆ ਹੈ, ਕਿਉਂਕਿ ਮੰਡੀ ਦੇ ਫੜ ਸਿਰਫ਼ ਕਿਸਾਨਾਂ ਦੀ ਫਸਲ ਲਹਾਉਣ ਲਈ ਹਨ, ਸੁਕਾਉਣ ਲਈ ਨਹੀਂ ਅਤੇ ਫਰਮ ਨੂੰ ਇਹ ਵੀ ਸਪੱਸ਼ਟ ਕਰਨ ਲਈ ਬੁਲਾਇਆ ਗਿਆ ਹੈ, ਕਿਉਂ ਨਾ ਉਨ੍ਹਾਂ ਦਾ ਲਾਇਸੈਂਸ ਰੱਦ ਕਰ ਦਿੱਤਾ ਜਾਵੇ। ਜੇਕਰ ਫਰਮ ਮੈਸ.ਬਚਨਾ ਰਾਮ ਐਂਡ ਕੰਪਨੀ ਦਿੱਤੇ ਸਮੇਂ ਅਨੁਸਾਰ ਦਫ਼ਤਰ ਹਾਜਰ ਹੋ ਕੇ ਆਪਣਾ ਜਵਾਬ ਨਹੀਂ ਦਿੰਦੀ ਤਾਂ ਉਨ੍ਹਾਂ ਦਾ ਲਾਇਸੈਂਸ ਰੱਦ ਕਰ ਦਿੱਤਾ ਜਾਵੇਗਾ।