ਪਟਿਆਲਾ: ਟੋਲ ਪਲਾਜ਼ਾ ਵਰਕਰ ਯੂਨੀਅਨ ਦੇ ਸੂਬਾ ਪ੍ਰਧਾਨ ਤੋਂ 20 ਲੱਖ ਦੀ ਫਿਰੌਤੀ ਮੰਗਣ ਦੇ ਮਾਮਲੇ ਵਿਚ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਸੀਆਈਏ ਮੁਖੀ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਟੀਮ ਨੇ ਸਨਪ੍ਰੀਤ ਸਿੰਘ ਉਰਫ ਸੰਨੀ ਵਾਸੀ ਅਮਰਪੁਰਾ ਮੁਹੱਲਾ ਮੰਡੀ ਅਹਿਮਦਗੜ੍ਹ ਅਤੇ ਰੋਹਿਤ ਰਾਮ ਵਾਸੀ ਵਾਰਡ ਨੰਬਰ ਛੇ ਲਹਿਰਾਗਾਗਾ ਨੂੰ ਬੱਸ ਅੱਡਾ ਪਿੰਡ ਫਤਿਹਪੁਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਸੰਨੀ ਅਤੇ ਰੋਹਿਤ ਗੈਗਸਟਰਾਂ ਵੱਲੋਂ ਫਿਰੌਤੀ ਮੰਗਣ ਬਾਰੇ ਸੋਸ਼ਲ ਮੀਡੀਆ ਅਤੇ ਨਿਉਜ਼ ਚੈਨਲਾਂ ’ਤੇ ਖ਼ਬਰਾਂ ਦੇਖਦੇ ਸੀ, ਜਿਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਇਸ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾਈ। ਸੰਨੀ ਰਿਸ਼ਤੇਦਾਰੀ ਵਿਚ ਸਾਲੇ ਦੇ ਸਾਲੇ ਦਰਸ਼ਨ ਸਿੰਘ ਨੂੰ ਨਿਸ਼ਾਨਾ ਬਣਾਉਣ ਦੀ ਸਕੀਮ ਤਿਆਰ ਕੀਤੀ। ਦਰਸ਼ਨ ਸਿੰਘ ਨੇ ਪਿਛਲੇ ਦਿਨੀਂ ਨਵੀਂ ਫਾਰਚੂਨਰ ਗੱਡੀ ਲਈ ਸੀ, ਜਿਸ ਕਰਕੇ ਸਨਪ੍ਰੀਤ ਸਿੰਘ ਸੰਨੀ ਨੂੰ ਲੱਗਿਆ ਕਿ ਇਸਨੂੰ ਧਮਕੀ ਦੇ ਕੇ ਉਸ ਪਾਸੋਂ ਫਿਰੌਤੀ ਦੀ ਰਕਮ ਹਾਸਲ ਕੀਤੀ ਜਾ ਸਕਦੀ ਹੈ। ਸਨਪ੍ਰੀਤ ਸਿੰਘ ਸਨੀ ਜੋ ਕਿ ਦਰਸ਼ਨ ਸਿੰਘ ਲਾਡੀ ਦੇ ਸਾਲੇ ਦਾ ਸਾਲਾ ਲੱਗਦਾ ਹੈ।ਐੱਸ.ਪੀ ਯੋਗੇਸ਼ ਸ਼ਰਮਾ ਨੇ ਦੱਸਿਆ ਕਿ 13 ਸਤੰਬਰ ਦੀ ਸਵੇਰ ਟੋਲ ਪਲਾਜ਼ਾ ਵਰਕਰ ਯੂਨੀਅਨ ਪੰਜਾਬ ਦੇ ਪ੍ਰਧਾਨ ਦਰਸ਼ਨ ਸਿੰਘ ਲਾਡੀ ਵਾਸੀ ਢੈਂਠਲ ਨੂੰ ਕਿਸੇ ਵਿਅਕਤੀ ਵੱਲੋਂ ਗੈਂਗਸਟਰ ਦਾ ਨਾਮ ਲੈਕੇ 20 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਫਿਰੌਤੀ ਨਾ ਦੇਣ ’ਤੇ ਮਾਰਨ ਦੀ ਧਮਕੀ ਦਿੱਤੀ ਗਈ ਸੀ। ਇਸ ਸਬੰਧੀ ਥਾਣਾ ਸਦਰ ਸਮਾਣਾ ਵਿਖੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ। ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਸੰਨਪ੍ਰੀਤ ਸਿੰਘ ਉਰਫ ਸੰਨੀ ਅਤੇ ਰੋਹਿਤ ਰਾਮ ਆਪਸ ਵਿੱਚ ਪਿਛਲੇ 11-12 ਸਾਲ ਤੋ ਦੋਸਤ ਹਨ। ਰੋਹਿਤ ਰਾਮ ਇਕ ਫੂਡ ਕੰਪਨੀ ਵਿਚ ਮਾਰਕੀਟਿੰਗ ਦਾ ਕੰਮ ਦਾ ਕਰਦਾ ਹੈ ਤੇ ਅਕਸਰ ਅਹਿਮਦਗੜ੍ਹ ਆਉਦਾ ਜਾਂਦਾ ਰਹਿੰਦਾ ਸੀ। ਸੰਨੀ ਪਲੰਬਰ ਦਾ ਕੰਮ ਕਰਦਾ ਹੈ ਜਿਸ ਕਰਕੇ ਇਹ ਆਪਸ ਵਿੱਚ ਅਹਿਮਦਗੜ੍ਹ ਵਿਖੇ ਮਿਲਦੇ ਰਹੇ ਹਨ। ਐੱਸ.ਪੀ ਨੇ ਦੱਸਿਆ ਕਿ ਮੁਲਜ਼ਮਾਂ ਨੂੰ 29 ਸਤੰਬਰ ਨੂੰ ਅਦਾਲਤ ਪੇਸ਼ ਕਰ ਕੇ ਇਕ ਅਕਤੂਬਰ ਤੱਕ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।
ਸਟੇਸ਼ਨ ’ਤੇ ਸੁੱਤੇ ਮੁਸਾਫਿਰ ਦਾ ਫੋਨ ਚੋਰੀ ਕਰ ਕੇ ਕੀਤਾ ਫੋਨ
ਸਨਪ੍ਰੀਤ ਸਿੰਘ ਸੰਨੀ ਅਤੇ ਰੋਹਿਤ ਰਾਮ ਨੇ ਰਲਕੇ ਪਹਿਲਾਂ ਹਿਸਾਰ (ਹਰਿਆਣਾ) ਰੇਲਵੇ ਸਟੇਸ਼ਨ ’ਤੇ ਇਕ ਸੁੱਤੇ ਪਏ ਮੁਸਾਫਿਰ ਦਾ ਮੋਬਾਇਲ ਫੋਨ ਚੋਰੀ ਕਰ ਕੇ 13 ਸਤੰਬਰ ਨੂੰ ਜਾਖਲ ਰੇਲਵੇ ਸਟੇਸ਼ਨ ਕੋਲੋਂ ਉਸ ਫੋਨ ਤੋ ਰੋਹਿਤ ਨੇ ਦਰਸ਼ਨ ਸਿੰਘ ਲਾਡੀ ਨੂੰ ਕਿਸੇ ਗੈਂਗਸਟਰ ਦਾ ਨਾਮ ਲੈਕੇ ਜਾਨੋ ਮਾਰਨ ਦੀ ਧਮਕੀ ਦੇਕੇ 20 ਲੱਖ ਰੁਪਏ ਦੀ ਫਿਰੌਤੀ ਦੀ ਮੰਗੀ ਸੀ। ਮੁਲਜ਼ਮਾਂ ਨੇ ਫੋਨ ਦੀ ਵਰਤੋਂ ਕਰ ਕੇ ਫੋਨ ਅਤੇ ਸਿੰਮ ਵੱਖ-ਵੱਖ ਥਾਵਾਂ 'ਤੇ ਸੁੱਟ ਦਿੱਤੇ ਸਨ। ਇਹ ਦੋਵੇਂ ਦਰਸ਼ਨ ਸਿੰਘ ਲਾਡੀ ਨੂੰ ਦੁਬਾਰਾ ਫੋਨ ਕਰ ਕੇ ਜਲਦ ਹੀ ਫਿਰੌਤੀ ਦੀ ਰਕਮ ਲੈਣ ਦੀ ਤਿਆਰੀ ਵਿੱਚ ਸੀ।