ਬਰਨਾਲਾ, 19 ਸਤੰਬਰ (ਬਘੇਲ ਸਿੰਘ ਧਾਲੀਵਾਲ)-ਜ਼ਿਲ੍ਹਾ ਬਰਨਾਲਾ ਦੇ ਪਿੰਡ ਨਰਾਇਣਗੜ੍ਹ ਸੋਹੀਆਂ ਵਿਖੇ ਬੀਤੀ ਰਾਤ ਇਕ 19 ਲੜਕੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਲੜਕੀ ਜਸਪ੍ਰੀਤ ਕੌਰ ਦੇ ਪਿਤਾ ਅਜਮੇਰ ਸਿੰਘ ਨਿਵਾਸੀ ਪਿੰਡ ਲੱਖਾ ਨੇ ਦੱਸਿਆ ਕਿ ਅਜੇ ਇਕ ਮਹੀਨਾ ਪਹਿਲਾਂ ਹੀ ਉਨ੍ਹਾਂ ਦੀ ਬੇਟੀ ਦਾ ਵਿਆਹ ਨਰਾਇਣਗੜ੍ਹ ਸੋਹੀਆਂ ਵਿਖੇ ਹਰਮਨ ਸਿੰਘ ਦੇ ਨਾਲ ਹੋਇਆ ਸੀ। ਉਨ੍ਹਾਂ ਕਿਹਾ ਕਿ ਵਿਆਹ ਤੋਂ ਕੁੱਝ ਦਿਨ ਬਾਅਦ ਹੀ ਹਰਮਨ ਅਤੇ ਉਨ੍ਹਾਂ ਦਾ ਪਰਿਵਾਰ ਦੀ ਉਨ੍ਹਾਂ ਦੀ ਬੇਟੀ ਜਸਪ੍ਰੀਤ ਕੌਰ ਨੂੰ ਤੰਗ ਪਰੇਸ਼ਾਨ ਕਰਨ ਲੱਗ ਪਿਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਬੇਟੀ ਨੇ 15 ਦਿਨਾਂ ਨੂੰ ਕੈਨੇਡਾ ਜਾਣਾ ਸੀ ਅਤੇ ਉਸਦਾ ਵੀਜਾ ਆ ਚੁੱਕਾ ਸੀ। ਲੇਕਿਨ ਇਸਤੋਂ ਪਹਿਲਾਂ ਹੀ ਜਸਪ੍ਰੀਤ ਕੌਰ ਦੇ ਸਹੁਰਾ ਪਰਿਵਾਰ ਨੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਨ੍ਹਾਂ ਪੁਲਿਸ ਤੋਂ ਮੰਗ ਕਰਦਿਆਂ ਕਿਹਾ ਕਿ ਲੜਕੀ ਦੇ ਸਹੁਰਾ ਪਰਿਵਾਰ ਖਿਲਾਫ਼ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇ ਅਤੇ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ।
ਇਸ ਸਬੰਧੀ ਗੱਲਬਾਤ ਕਰਦਿਆਂ ਥਾਣਾ ਟੱਲੇਵਾਲ ਦੇ ਐਸਐਚਓ ਨਿਰਮਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਲੜਕੀ ਦੇ ਪਿਤਾ ਦੇ ਬਿਆਨ ਦੇ ਅਧਾਰ ’ਤੇ ਲੜਕੀ ਦੇ ਪਤੀ ਸਮੇਤ ਸਹੁਰਾ ਪਰਿਵਾਰ ਦੇ ਚਾਰ ਜਣਿਆਂ ਖਿਲਾਫ਼ ਕੇਸ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।