ਲੁਧਿਆਣਾ : ਵਿਕਣ ਲਈ ਕਾਰ ਬਾਜ਼ਾਰ ਵਿੱਚ ਆਈ ਥਾਰ ਕਾਰ ਹੇਠਾਂ ਆਉਣ ਕਾਰਨ ਕਾਰ ਬਾਜ਼ਾਰ ਦੇ ਮੁਲਾਜ਼ਮ ਦੀ ਮੌਤ ਹੋ ਗਈ l ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਕਾਰ ਬਾਜ਼ਾਰ ਵਿੱਚ ਕੰਮ ਕਰਨ ਵਾਲੀ ਇੱਕ ਮਹਿਲਾ ਨੇ ਥਾਰ ਦੀ ਸੈਲਫ ਮਾਰ ਦਿੱਤੀ l ਇਸ ਹਾਦਸੇ ਦੇ ਦੌਰਾਨ ਸ਼ੋਅਰੂਮ ਵਿੱਚ ਖੜੀ ਨਵੀਂ ਸ਼ੈਵਰਲੇਟ ਕਾਰ ਵੀ ਨੁਕਸਾਨੀ ਗਈ l ਇਸ ਮਾਮਲੇ ਵਿੱਚ ਥਾਣਾ ਦੁਗਰੀ ਦੀ ਪੁਲਿਸ ਨੇ ਆਰ ਐਂਡ ਐਸ ਕਾਰ ਬਾਜ਼ਾਰ ਵਿੱਚ ਕੰਮ ਕਰਨ ਵਾਲੀ ਮਹਿਲਾ ਮੁਲਾਜ਼ਮ ਰੇਲਵੇ ਕਲੋਨੀ ਦੀ ਵਾਸੀ ਅੰਜਲੀ ਦੇ ਖਿਲਾਫ਼ ਮੁਕੱਦਮਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ lਪੁਲਿਸ ਨੇ ਇਹ ਮੁਕੱਦਮਾ ਮ੍ਰਿਤਕ ਸਾਗਰ ਗਾਬਾ (29) ਦੀ ਮਾਤਾ ਪਿੰਡ ਬੇਗੋਆਣਾ ਦੀ ਵਾਸੀ ਵੀਨਾ ਗਾਬਾ ਦੀ ਸ਼ਿਕਾਇਤ ’ਤੇ ਦਰਜ ਕੀਤਾ ਹੈ। ਥਾਣਾ ਦੁਗਰੀ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਵੀਨਾ ਗਾਬਾ ਨੇ ਦੱਸਿਆ ਕਿ ਉਸ ਦਾ ਬੇਟਾ ਸਾਗਰ ਗਾਬਾ ਪਿਛਲੇ ਪੰਜ ਮਹੀਨੇ ਤੋਂ ਫਲਾਵਰ ਰੋਡ ’ਤੇ ਪੈਂਦੇ ਆਰ ਐਂਡ ਐਸ ਕਾਰ ਬਾਜ਼ਾਰ ਵਿੱਚ ਨੌਕਰੀ ਕਰ ਰਿਹਾ ਸੀ l ਵੀਨਾ ਗਾਬਾ ਪਤਾ ਲੱਗਾ ਕਿ ਇੱਕ ਹਾਦਸੇ ਦੇ ਦੌਰਾਨ ਉਸ ਦਾ ਪੁੱਤਰ ਸਾਗਰ ਗੰਭੀਰ ਰੂਪ ਵਿੱਚ ਫੱਟੜ ਹੋ ਗਿਆ ਹੈ l ਕਾਰ ਬਾਜ਼ਾਰ ਵਾਲਿਆਂ ਨੇ ਇਹ ਵੀ ਦੱਸਿਆ ਕਿ ਸਾਗਰ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ।ਜਾਣਕਾਰੀ ਤੋਂ ਬਾਅਦ ਵੀਨਾ ਗਾਬਾ ਅਤੇ ਸਾਗਰ ਦੀ ਪਤਨੀ ਮਾਧਵੀ ਡੀਐਮਸੀ ਹਸਪਤਾਲ ਪਹੁੰਚੇ, ਜਿੱਥੇ ਉਨ੍ਹਾਂ ਨੂੰ ਪਤਾ ਲੱਗਾ ਕਿ ਗੰਭੀਰ ਰੂਪ ਵਿੱਚ ਫੱਟੜ ਹੋਏ ਸਾਗਰ ਗਾਬਾ ਦੀ ਮੌਤ ਹੋ ਚੁੱਕੀ ਹੈ। ਵੀਨਾ ਗਾਬਾ ਨੇ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਦੱਸਿਆ ਕਿ ਉਸ ਨੂੰ ਜਾਣਕਾਰੀ ਮਿਲੀ ਹੈ ਕਿ ਪੜ੍ਹਾਈ ਦੇ ਨਾਲ ਨਾਲ ਕਾਰ ਬਾਜ਼ਾਰ ਵਿੱਚ ਕੰਮ ਕਰਨ ਵਾਲੀ ਲੜਕੀ ਅੰਜਲੀ ਨੇ ਕਾਰ ਬਾਜ਼ਾਰ ਵਿੱਚ ਖੜੀ ਥਾਰ ਕਾਰ ਦੀ ਸੈਲਫ ਮਾਰ ਕੇ ਕਾਰ ਨੂੰ ਲਾਪਰਵਾਹੀ ਨਾਲ ਚਲਾਇਆ l ਥਾਰ ਕਾਰ ਬਾਜ਼ਾਰ ਵਿੱਚ ਖੜੇ ਉਸ ਦੇ ਬੇਟੇ ਸਾਗਰ ਗਾਬਾ ਉੱਪਰ ਚੜ ਗਈ l ਇਸ ਹਾਦਸੇ ਦੇ ਦੌਰਾਨ ਸ਼ੋਅਰੂਮ ਵਿੱਚ ਖੜੀ ਨਵੀਂ ਸੈਵਰਲੈਟ ਕਾਰ ਵੀ ਨੁਕਸਾਨੀ ਗਈl ਉਧਰੋਂ ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਜਗਤਾਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਵੀਨਾ ਗਾਬਾ ਦੀ ਸ਼ਿਕਾਇਤ ’ਤੇ ਅੰਜਲੀ ਦੇ ਖਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।