ਕੈਰੋਂ: ਜ਼ਿਲ੍ਹੇ ਵਿਚ ਵੱਖ-ਵੱਖ ਵਪਾਰੀਆਂ ਅਤੇ ਰਸੂਖਦਾਰ ਲੋਕਾਂ ਪਾਸੋਂ ਫਿਰੌਤੀਆਂ ਮੰਗਣ ਵਾਲੇ ਦੋ ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਬੀਤੀ ਦੇਰ ਰਾਤ ਆਹਮੋ-ਸਾਹਮਣੇ ਫਾਇਰਿੰਗ ਹੋ ਗਈ। ਇਸ ਦੌਰਾਨ ਪੁਲਿਸ ਦੀ ਗੋਲ਼ੀ ਲੱਗਣ ਨਾਲ ਇਕ ਗੈਂਗਸਟਰ ਜ਼ਖ਼ਮੀ ਹੋ ਗਿਆ ਹੈ। ਜਿਸ ਨੂੰ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾ ਦਿੱਤਾ ਗਿਆ। ਜਦਕਿ ਦੂਸਰੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗੈਂਗਸਟਰ ਪਾਸੋਂ ਇਕ ਗਲੋਕ ਪਿਸਤੌਲ 9 ਐੱਮ.ਐੱਮ. ਸਮੇਤ ਕੁਝ ਰੌਂਦ ਬਰਾਮਦ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਲ੍ਹੇ ਦੇ ਐੱਸ.ਐੱਸ.ਪੀ. ਇਸ ਮਾਮਲੇ ਵਿਚ ਅੱਜ ਪ੍ਰੈੱਸ ਕਾਨਫਰੰਸ ਕਰ ਸਕਦੇ ਹਨ।ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਸਰਹੱਦੀ ਇਲਾਕੇ ਵਲਟੋਹਾ, ਖੇਮਕਰਨ, ਭਿਖੀਵਿੰਡ , ਖਾਲੜਾ ਆਦਿ ਵਿਖੇ ਮੌਜੂਦ ਵੱਖ-ਵੱਖ ਵਪਾਰੀਆਂ ਅਤੇ ਐੱਨ.ਆਰ.ਆਈ. ਨੂੰ ਨਿਸ਼ਾਨਾ ਬਣਾਉਂਦੇ ਹੋਏ ਉਨ੍ਹਾਂ ਕੋਲੋਂ ਲੱਖਾਂ ਰੁਪਏ ਦੀ ਫਿਰੌਤੀ ਮੰਗਣ ਵਾਲੇ ਗਿਰੋਹ ਨੇ ਲੋਕਾਂ ਦਾ ਜਿਊਣਾ ਮੁਸ਼ਕਿਲ ਕਰ ਦਿੱਤਾ ਸੀ। ਜਿਸ ਸਬੰਧੀ ਜ਼ਿਲ੍ਹੇ ਦੇ ਐੱਸ.ਐੱਸ.ਪੀ. ਗੌਰਵ ਟੂਰਾਂ ਵੱਲੋਂ ਇਨ੍ਹਾਂ ਫਿਰੌਤੀ ਮੰਗਣ ਵਾਲਿਆਂ ਖ਼ਿਲਾਫ਼ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ। ਬੀਤੀ ਰਾਤ ਕਰੀਬ 10 ਵਜੇ ਥਾਣਾ ਸਦਰ ਪੱਟੀ ਦੀ ਪੁਲਿਸ ਨੂੰ ਸੂਚਨਾ ਪ੍ਰਾਪਤ ਹੋਈ ਕੀ ਪ੍ਰਭ ਦਾਸੂਵਾਲ ਗੈਂਗਸਟਰ ਦੇ ਅਧੀਨ ਕੰਮ ਕਰਨ ਵਾਲੇ ਦੋ ਗੈਂਗਸਟਰ ਕੋਮਲ ਅਤੇ ਪਵਨਦੀਪ ਸਿੰਘ ਇਲਾਕੇ ਵਿਚ ਘੁੰਮ ਰਹੇ ਹਨ। ਇਸ ਸਬੰਧੀ ਡੀ.ਐੱਸ.ਪੀ. ਭੱਟੀ ਕੰਵਲਪ੍ਰੀਤ ਸਿੰਘ ਮੰਡ ਦੀ ਅਗਵਾਈ ਹੇਠ ਥਾਣਾ ਸਦਰ ਪੱਟੀ ਦੇ ਮੁਖੀ ਇੰਸਪੈਕਟਰ ਗੁਰਚਰਨ ਸਿੰਘ ਅਤੇ ਹੋਰ ਟੀਮਾਂ ਵੱਲੋਂ ਜ਼ਿਲ੍ਹੇ ਦੇ ਪਿੰਡ ਭੌਅਵਾਲ ਵਿੱਖੇ ਘੇਰਾਬੰਦੀ ਕਰ ਲਈ ਗਈ। ਇਸ ਦੌਰਾਨ ਪੁਲਸ ਅਤੇ ਗੈਂਗਸਟਰਾਂ ਦਰਮਿਆਨ ਆਹਮੋ-ਸਾਹਮਣੇ ਗੋਲ਼ੀਆਂ ਚਲਣੀਆਂ ਸ਼ੁਰੂ ਹੋ ਗਈਆਂ। ਵੱਡੀ ਗਿਣਤੀ ਵਿਚ ਹੋਈ ਫਾਇਰਿੰਗ ਦੌਰਾਨ ਇਲਾਕਾ ਨਿਵਾਸੀ ਸਹਿਮ ਗਏ। ਫਾਇਰਿੰਗ ਦੌਰਾਨ ਗੈਂਗਸਟਰ ਕੋਮਲ ਨਿਵਾਸੀ ਖਾਲੜਾ ਦੀ ਲੱਤ ਵਿਚ ਇਕ ਗੋਲ਼ੀ ਲੱਗਣ ਨਾਲ ਉਹ ਜ਼ਖ਼ਮੀ ਹੋ ਗਿਆ ਜਦਕਿ ਪਵਨਦੀਪ ਸਿੰਘ ਨਿਵਾਸੀ ਭਿਖੀਵਿੰਡ ਨੂੰ 9 ਐੱਮ.ਐੱਮ. ਗਲੋਕ ਪਿਸਤੋਲ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਖਮੀ ਗੈਂਗਸਟਰ ਨੂੰ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾ ਦਿੱਤਾ ਗਿਆ ਹੈ। ਇਸ ਮਾਮਲੇ ਸਬੰਧੀ ਜ਼ਿਲ੍ਹੇ ਦੇ ਐੱਸ.ਐੱਸ.ਪੀ. ਅੱਜ ਪ੍ਰੈੱਸ ਕਾਨਫਰੰਸ ਕਰ ਸਕਦੇ ਹਨ।