ਸ੍ਰੀ ਗੋਇੰਦਵਾਲ ਸਾਹਿਬ : ਤਰਨਤਾਰਨ ਜ਼ਿਲ੍ਹੇ ਦੇ ਪਿੰਡ ਧੂੰਦਾ ਵਿਖੇ ਇਕ ਔਰਤ ਵੱਲੋਂ ਨਜਾਇਜ਼ ਸਬੰਧਾਂ ’ਚ ਰੋੜਾ ਬਣ ਰਹੇ ਪਤੀ ਨੂੰ ਕਥਿਤ ਤੌਰ ’ਤੇ ਆਪਣੇ ਪ੍ਰੇਮੀ ਸਣੇ ਕਰੰਟ ਲਗਾ ਕੇ ਮਾਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਘਟਨਾ ਨੂੰ ਅੰਜ਼ਾਮ ਦੇਣ ਤੋਂ ਪਹਿਲਾਂ ਉਸਨੇ ਆਪਣੇ ਪਤੀ ਨੂੰ ਨੀਂਦ ਵਾਲੀਆਂ ਗੋਲੀਆਂ ਵੀ ਖਵਾਈਆਂ। ਪਰ ਗਨੀਮਤ ਇਹ ਰਹੀ ਕਿ ਪਤੀ ਦੀ ਕਰੰਟ ਲਗਾਉਣ ਸਮੇਂ ਜਾਗ ਖੁੱਲ੍ਹ ਗਈ ਤੇ ਉਸਦੀ ਜਾਨ ਬਚ ਗਈ। ਦੂਜੇ ਪਾਸੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਜਾਨਲੇਵਾ ਹਮਲਾ ਕਰਨ ਸਬੰਧੀ ਕੇਸ ਦਰਜ ਕਰਕੇ ਦੋਵਾਂ ਨੂੰ ਬਕਾਇਦਾ ਗ੍ਰਿਫ਼ਤਾਰ ਵੀ ਕਰ ਲਿਆ ਹੈ।ਪਰਮਜੀਤ ਸਿੰਘ ਪੁੱਤਰ ਜੈਲ ਸਿੰਘ ਵਾਸੀ ਪਿੰਡ ਧੂੰਦਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਦਾ ਵਿਆਹ 13 ਸਾਲ ਪਹਿਲਾਂ ਮਨਪ੍ਰੀਤ ਕੌਰ ਨਾਲ ਹੋਇਆ ਸੀ ਤੇ ਉਸਦੇ ਤਿੰਨ ਬੱਚੇ ਹਨ। ਉਸਦੀ ਪਤਨੀ ਦੇ ਪਿੰਡ ਵਿਚ ਹੀ ਰਹਿੰਦੇ ਅਰਸ਼ਦੀਪ ਸਿੰਘ ਅਰਸ਼ ਪੁੱਤਰ ਸੁਖਦੇਵ ਸਿੰਘ ਨਾਲ ਨਜਾਇਜ਼ ਸਬੰਧ ਬਣ ਗਏ। ਉਸਨੇ ਆਪਣੀ ਪਤਨੀ ਤੇ ਲੜਕੇ ਅਰਸ਼ਦੀਪ ਨੂੰ ਕਈ ਵਾਰ ਵਰਜਿਆ ਪਰ ਦੋਵੇਂ ਜਣੇ ਬਾਜ ਨਹੀਂ ਆਏ। ਫਿਰ ਇਕ ਦਿਨ ਅਰਸ਼ਦੀਪ ਸਿੰਘ ਨੇ ਉਸਦੀ ਪਤਨੀ ਨੂੰ ਰਾਤ ਦਸ ਵਜੇ ਨੀਂਦ ਦੀਆਂ ਗੋਲੀਆਂ ਲਿਆ ਕੇ ਦਿੱਤੀਆਂ ਜੋ ਉਸਦੀ ਪਤਨੀ ਨੇ ਉਸ ਨੂੰ ਦੁੱਧ ਵਿਚ ਮਿਲਾ ਕੇ ਪਿਲਾ ਦਿੱਤੀਆਂ। ਜਦੋਂ ਉਹ ਗਹਿਰੀ ਨੀਂਦ ਵਿਚ ਸੌਂ ਗਿਆ ਤਾਂ ਦੋਵਾਂ ਨੇ ਉਸਦੀ ਬਾਂਹ ’ਤੇ ਕਰੰਟ ਲਗਾਇਆ। ਜਿਸ ਕਾਰਨ ਉਸਦੀ ਜਾਗ ਖੁੱਲ੍ਹ ਗਈ। ਉਸ ਨੂੰ ਉੱਠਿਆ ਵੇਖ ਅਰਸ਼ਦੀਪ ਸਿੰਘ ਮੌਕੇ ਤੋਂ ਫਰਾਰ ਹੋ ਗਿਆ।ਥਾਣਾ ਗੋਇੰਦਵਾਲ ਸਾਹਿਬ ਦੇ ਮੁਖੀ ਸਬ ਇੰਸਪੈਕਟਰ ਗੁਰਿੰਦਰ ਸਿੰਘ ਨੇ ਦੱਸਿਆ ਕਿ ਪਰਮਜੀਤ ਸਿੰਘ ਦੇ ਬਿਆਨ ਕਲਮਬੰਦ ਕਰ ਕੇ ਅਰਸ਼ਦੀਪ ਸਿੰਘ ਤੇ ਮਨਪ੍ਰੀਤ ਕੌਰ ਨੂੰ ਕੇਸ ਵਿਚ ਨਾਮਜ਼ਦ ਕਰਨ ਦੇ ਨਾਲ ਨਾਲ ਦੋਵਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ। ਜਦੋਂਕਿ ਇਸ ਮਾਮਲੇ ਦੀ ਅਗਲੀ ਜਾਂਚ ਏਐੱਸਆਈ ਰਾਜਪਾਲ ਸਿੰਘ ਵੱਲੋਂ ਕੀਤੀ ਜਾ ਰਹੀ ਹੈ।