ਲੁਧਿਆਣਾ : ਸਰਕਾਰੀ ਪ੍ਰਾਇਮਰੀ ਸਕੂਲ ਜਮਾਲਪੁਰ ਅਵਾਣਾ ਦੇ ਜਮਾਤ ਪੰਜਵੀਂ ਦੇ ਬੱਚਿਆਂ ਵੱਲੋਂ ਵੀਰਵਾਰ ਸਵੇਰੇ 8.30 ਵਜੇ ਸਕੂਲੋਂ ਕੁਝ ਦੂਰੀ 'ਤੇ ਚੰਡੀਗੜ੍ਹ ਰੋਡ (Chandigarh Road) ਨੂੰ ਜਾਂਦੀ ਸੜਕ 'ਤੇ ਮਾਪਿਆਂ ਸਮੇਤ ਧਰਨਾ (Agitation by Parents) ਲਗਾ ਦਿੱਤਾ ਗਿਆ ਜਿਸ ਨਾਲ ਉੱਥੋਂ ਨਿਕਲਣ ਵਾਲਾ ਟ੍ਰੈਫਿਕ ਵੀ ਪ੍ਰਭਾਵਿਤ ਹੋਇਆ। ਮਾਪਿਆਂ ਤੇ ਬੱਚਿਆਂ ਨੇ ਦੋਸ਼ ਲਾਇਆ ਕਿ ਬੁੱਧਵਾਰ ਨੂੰ ਸਕੂਲ ਅਧਿਆਪਕਾ ਨੇ ਕਲਾਸ ਦੇ ਸਾਰੇ ਬੱਚਿਆਂ ਨੂੰ ਡੰਡੇ ਨਾਲ ਕੁੱਟਿਆ। ਥਾਣਾ ਜਮਾਲਪੁਰ (Police Station Jamalpur) ਤੋਂ ਪੁਲਿਸ ਮੁਲਾਜ਼ਮਾਂ ਨੇ ਮੌਕੇ ’ਤੇ ਆ ਕੇ ਧਰਨਾ ਹਟਾਇਆ ਤੇ ਮਾਪਿਆਂ ਤੇ ਬੱਚਿਆਂ ਨੂੰ ਸਕੂਲ ਜਾ ਕੇ ਗੱਲਬਾਤ ਕਰਨ ਲਈ ਕਿਹਾ। ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ (DEO Elementary) ਰਵਿੰਦਰ ਕੌਰ ਵੀ ਸਕੂਲ ਵਿੱਚ ਪੁੱਜੇ।ਡੀਈਓ ਨੇ ਸਕੂਲੀ ਬੱਚਿਆਂ ਨਾਲ ਗੱਲਬਾਤ ਕੀਤੀ ਤੇ ਮਾਪਿਆਂ ਤੋਂ ਲਿਖਤੀ ਸ਼ਿਕਾਇਤਾਂ ਵੀ ਲਈਆਂ। ਹਾਲਾਂਕਿ ਸਕੂਲ ਹੈੱਡ ਟੀਚਰ ਨੇ ਪੂਰੇ ਮਾਮਲੇ 'ਤੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਡੀਈਓ ਐਲੀਮੈਂਟਰੀ ਨੇ ਕਿਹਾ ਕਿ ਮਾਪੇ ਉਨ੍ਹਾਂ ਦੀ ਕੁੱਟਮਾਰ ਕਰਨ ਵਾਲੇ ਅਧਿਆਪਕ ਨੂੰ ਮੁਅੱਤਲ ਕਰਨ ਦੀ ਮੰਗ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਬੱਚਿਆਂ ਨਾਲ ਹੋਈ ਗੱਲਬਾਤ ਦੌਰਾਨ ਦਸ ਤੋਂ ਪੰਦਰਾਂ ਬੱਚਿਆਂ ਦੀ ਕੁੱਟਮਾਰ ਹੋਣ ਦਾ ਖੁਲਾਸਾ ਹੋਇਆ ਜਦੋਂਕਿ ਅਧਿਆਪਕ ਨੇ ਮੰਨਿਆ ਕਿ ਦੋ ਬੱਚਿਆਂ ਨੂੰ ਹੀ ਡੰਡਿਆਂ ਨਾਲ ਕੁੱਟਿਆ ਗਿਆ ਹੈ।ਡੀਈਓ ਨੇ ਕਿਹਾ ਕਿ ਵਿਭਾਗ ਕਿਸੇ ਵੀ ਬੱਚੇ ਦੀ ਕੁੱਟਮਾਰ ਦੀ ਇਜਾਜ਼ਤ ਨਹੀਂ ਦਿੰਦਾ। ਅਧਿਆਪਕ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਸਕੂਲ ਪ੍ਰਬੰਧਕ ਕਮੇਟੀ (SMC) ਦੇ ਮੈਂਬਰ ਵੀ ਹਾਜ਼ਰ ਸਨ। ਸਕੂਲ 'ਚ ਮੌਜੂਦ ਐਸਐਚਓ ਜਗਦੀਪ ਗਿੱਲ ਨੇ ਦੱਸਿਆ ਕਿ ਅਜੇ ਤਕ ਉਨ੍ਹਾਂ ਨੂੰ ਸਕੂਲ ਜਾਂ ਵਿਭਾਗ ਵੱਲੋਂ ਕੋਈ ਲਿਖਤੀ ਸ਼ਿਕਾਇਤ ਨਹੀਂ ਮਿਲੀ ਹੈ। ਜੇਕਰ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।