ਬਰਨਾਲਾ, 17 ਜੁਲਾਈ (ਚਮਕੌਰ ਸਿੰਘ ਗੱਗੀ/ਅਮਨਦੀਪ ਸਿੰਘ)-ਬੀਤੇ ਕੱਲ੍ਹ ਸੰਤ ਮਾਧਵਾ ਨੰਦ ਦੀ 26ਵੀਂ ਸਲਾਨਾ ਬਰਸੀ ਮੌਕੇ ਉਦਾਸੀਨ ਡੇਰਾ ਬਾਬਾ ਟੇਕ ਚੰਦ ਸੰਘੇੜਾ ਵਿਖੇ ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਉਪਰੰਤ ਇਤਿਹਾਸਕਾਰ ਬਘੇਲ ਸਿੰਘ ਧਾਲੀਵਾਲ ਦਾ ਸਿਰੋਪਾਓ ਅਤੇ ਨਗਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ | ਉਹਨਾਂ ਦਾ ਸਨਮਾਨ ਡੇਰਾ ਬਾਬਾ ਟੇਕ ਚੰਦ ਦੇ ਮਹੰਤ ਬਾਬਾ ਸੁਖਦੇਵ ਮੁਨੀ ਅਤੇ ਉੱਘੇ ਕਵੀ,ਗਾਇਕ ਅਤੇ ਸੰਗੀਤਕਾਰ ਮਨਜੀਤ ਸਿੰਘ ਸਾਗਰ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ | ਇਸ ਮੌਕੇ ਸ੍ਰ ਬਘੇਲ ਸਿੰਘ ਧਾਲੀਵਾਲ ਨੇ ਆਪਣੀ ਇਤਿਹਾਸਿਕ ਪੁਸਤਕ ਬੁੰਗਾ ਮਸਤੂਆਣਾ ਇੱਕ ਸਦੀ ਦਾ ਸਫਰ 1923-2023 ਮਹੰਤ ਸੁਖਦੇਵ ਮੁਨੀ ਨੂੰ ਭੇਟ ਕੀਤੀ | ਉੱਘੇ ਕਵੀਸ਼ਰ ਅਤੇ ਪ੍ਰੋ ਮਿੱਠੂ ਪਾਠਕ ਧਨੌਲਾ ਨੇ ਬਘੇਲ ਸਿੰਘ ਧਾਲੀਵਾਲ ਸਬੰਧੀ ਬੋਲਦਿਆਂ ਕਿਹਾ ਕਿ ਉਹ ਕਿਸੇ ਜਾਣ ਪਹਿਚਾਣ ਦੇ ਮੁਥਾਜ ਨਹੀ ਹਨ, ਉਹਨਾਂ ਦੀਆਂ ਲਿਖਤਾਂ ਦੀ ਦੂਰ ਦੂਰ ਤੱਕ ਚਰਚਾ ਹੁੰਦੀ ਹੈ |

ਉਹ ਜਿੱਥੇ ਇੱਕ ਇਤਿਹਾਸਕਾਰ ਹਨ,ਓਥੇ ਉਹ ਇੱਕ ਸੰਜੀਦਾ ਪੱਤਰਕਾਰ,ਵਧੀਆ ਕਵੀ ਅਤੇ ਵਾਰਤਕਕਾਰ ਵੀ ਹਨ | ਉਹਨਾਂ ਦੇ ਪੰਥ ਅਤੇ ਪੰਜਾਬ ਦੇ ਚਲੰਤ ਮਾਮਲਿਆਂ ਸਬੰਧੀ ਲੇਖ ਅਕਸਰ ਹੀ ਅਖਬਾਰਾਂ ਵਿੱਚ ਛਪਦੇ ਰਹਿੰਦੇ ਹਨ | ਮਨਜੀਤ ਸਿੰਘ ਸਾਗਰ ਨੇ ਕਿਹਾ ਕਿ ਮੇਰਾ ਇਸ ਡੇਰੇ ਨਾਲ ਪਿਛਲੇ ਪੰਜਾਹ ਸਾਲਾਂ ਦਾ ਵਾਹ ਹੈ |ਮਹੰਤ ਮਾਧਵਾ ਨੰਦ ਜਿੰਨਾਂ ਦੀ ਅਸੀ ਬਰਸੀ ਮਨਾ ਰਹੇ ਹਾਂ,ਉਹ ਵੀ ਖੁਦ ਲੇਖਕ ਸਨ ,ਇਸ ਲਈ ਇੱਥੇ ਸਲਾਨਾ ਸਮਾਗਮ ਮੌਕੇ ਕਵੀ ਦਰਬਾਰ ਅਤੇ ਲੇਖਕਾਂ ਨੂੰ ਸਨਮਾਨਤ ਕਰਨ ਦੀ ਪਰੰਪਰਾ ਬਣੀ ਹੋਈ ਹੈ |ਇਸ ਮੌਕੇ ਗੁਰਦੁਆਰਾ ਸਾਹਿਬ ਸੰਘੇੜਾ ਦੇ ਪ੍ਰਧਾਨ ਮਨਜੀਤ ਸਿੰਘ ਸੰਘੇੜਾ ਅਤੇ ਸਮੁੱਚੀ ਗੁਰਦੁਆਰਾ ਕਮੇਟੀ ਤੋ ਇਲਾਵਾ ਪਰੀਤਮ ਸਿੰਘ ਟੋਨੀ,ਮਹੰਤ ਸਨਮੁਖ ਦਾਸ ਰੱਲਾ,ਪਰਮੇਸਰਾ ਦਾਸ ਧੂਰਕੋਟ ਸਮੇਤ ਵੱਡੀ ਗਿਣਤੀ ਵਿੱਚ ਸਾਧੂ ਮਹਾਤਮਾ ਅਤੇ ਨਗਰ ਨਿਵਾਸੀਆਂ ਨੇ ਸੰਤ ਮਾਧਵਾ ਨੰਦ ਦੇ ਸਲਾਨਾ ਸਰਧਾਂਜਲੀ ਸਮਾਗਮ ਵਿੱਚ ਹਾਜਰੀ ਭਰੀ |