ਪਟਿਆਲਾ : ਪੰਜਾਬੀ ਯੂਨੀਵਰਸਿਟੀ ’ਚ ਹੈਰਾਨ ਕਰਨ ਵਾਲੇ ਇਕ ਮਾਮਲੇ ’ਚ 19 ਸਾਲ ਨੌਕਰੀ ਕਰਨ ਤੋਂ ਬਾਅਦ ਇਕ ਮੁਲਾਜ਼ਮ ਦਾ ਸਰਟੀਫਿਕੇਟ ਜਾਅਲੀ ਨਿਕਲਿਆ। ਇਸ ਤੋਂ ਬਾਅਦ ਯੂਨੀਵਰਿਸਟੀ ਪ੍ਰਸ਼ਾਸਨ ਨੇ ਉਸ ਨੂੰ ਟਰਮੀਨੇਟ ਕਰ ਦਿੱਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਕੱਚੇ ਲੈਬ ਅਟੈਡੈਂਟ ਵਜੋਂ ਭਰਤੀ ਹੋਇਆ ਇਹ ਮੁਲਾਜ਼ਮ ਪੱਕਾ ਵੀ ਹੋ ਗਿਆ ਤੇ ਤਰੱਕੀ ਹਾਸਲ ਕਰ ਕੇ ਜੂਨੀਅਰ ਟੈਕਨੀਕਲ ਅਸਿਸਟੈਂਟ ਵੀ ਬਣ ਗਿਆ। ਇਸ ਦੌਰਾਨ ਉਸ ਦੇ ਸਰਟੀਫਿਕੇਟ ਦੀ ਜਾਂਚ ਪੜਤਾਲ ਨਹੀਂ ਹੋਈ। ਮਾਮਲੇ ਦਾ ਖ਼ੁਲਾਸਾ ਸਰਟੀਫਿਕੇਟ ਸਬੰਧੀ ਸ਼ਿਕਾਇਤ ਮਿਲਣ ਤੋਂ ਬਾਅਦ ਹੋਇਆ। ਜਾਂਚ ’ਚ ਪਤਾ ਲੱਗਾ ਕਿ ਮੁਲਾਜ਼ਮ ਨੇ ਜਿਸ ਲੈਬੋਰਟਰੀ ਦਾ ਤਜਰਬਾ ਸਰਟੀਫਿਕੇਟ ਦਿੱਤਾ ਹੈ ਉਸ ਦੀ ਕੋਈ ਹੋਂਦ ਨਹੀਂ ਹੈ।ਬਲਜਿੰਦਰ ਸਿੰਘ ਸਾਲ 2005 ’ਚ ਪੰਜਾਬੀ ਯੂਨੀਵਰਸਿਟੀ ’ਚ ਲੈਬ ਅਟੈਡੈਂਟ ਵਜੋਂ ਭਰਤੀ ਹੋਇਆ। ਇਸ ਅਸਾਮੀ ਲਈ ਸਾਇੰਸ ਵਿਸ਼ੇ ’ਚ ਬਾਰ੍ਹਵੀਂ ਪਾਸ ਜਾਂ ਦਸਵੀਂ ਪਾਸ ਨਾਲ ਲੈਬ ਅਟੈਡੈਂਟ ਦਾ ਤਜਰਬਾ ਲਾਜ਼ਮੀ ਸੀ। ਬਲਜਿੰਦਰ ਸਿੰਘ 10ਵੀਂ ਪਾਸ ਸੀ। ਉਸ ਨੇ ਲੈਬ ਅਟੈਂਡੇਂਟ ਦਾ ਤਜਰਬਾ ਸਰਟੀਫਿਕੇਟ ਲਗਾਇਆ ਤੇ ਐਡਹਾਕ ’ਤੇ ਨੌਕਰੀ ਹਾਸਲ ਕਰ ਲਈ। ਪੰਜ ਸਾਲ ਬਾਅਦ ਸਾਲ 2010 ’ਚ ਬਲਜਿੰਦਰ ਸਿੰਘ ਦੀ ਨੌਕਰੀ ਪੱਕੀ ਹੋ ਗਈ। ਯੂਨੀਵਰਸਿਟੀ ਅਥਾਰਟੀ ਨੇ ਅੱਠ ਸਾਲ ਬਾਅਦ ਸਾਲ 2018 ’ਚ ਉਸ ਨੂੰ ਯੂਨੀਵਰਸਿਟੀ ਕਾਲਜ ਆਫ ਇੰਜੀਨੀਅਰ ’ਚ ਜੂਨੀਅਰ ਟੈਕਨੀਕਲ ਅਸਿਸਟੈਂਟ ਵਜੋਂ ਤਰੱਕੀ ਵੀ ਦੇ ਦਿੱਤੀ। ਇਸੇ ਦੌਰਾਨ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਸ਼ਿਕਾਇਤ ਮਿਲੀ ਕਿ ਬਲਜਿੰਦਰ ਸਿੰਘ ਦਾ ਤਜਰਬਾ ਸਰਟੀਫਿਕਟ ਜਾਅਲੀ ਹੈ। ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਗਠਿਤ ਕਮੇਟੀ ਨੇ ਜਾਂਚ ਆਰੰਭੀ, ਜਿਹੜੀ ਰੁਕ-ਰੁਕ ਕੇ ਲੰਮਾ ਸਮਾਂ ਚੱਲਦੀ ਰਹੀ। ਜਾਂਚ ਦੌਰਾਨ ਬਲਜਿੰਦਰ ਸਿੰਘ ਦੇ ਤਜਰਬਾ ਸਰਟੀਫਿਕੇਟ ’ਤੇ ਜਿਸ ਲੈਬੋਰਟਰੀ ਦਾ ਨਾਂ ਹੈ, ਨਾ ਤਾਂ ਉਹ ਲੈਬੋਰਟਰੀ ਲੱਭੀ ਤੇ ਨਾ ਹੀ ਉਸ ਦਾ ਕੋਈ ਰਿਕਾਰਡ ਮਿਲਿਆ। ਕਮੇਟੀ ਨੇ ਰਿਪੋਰਟ ਵਾਈਸ ਚਾਂਸਲਰ ਨੂੰ ਸੌਂਪ ਦਿੱਤੀ। ਇਸ ਤੋਂ ਬਾਅਦ ਬਲਜਿੰਦਰ ਸਿੰਘ ਨੂੰ ਨੌਕਰੀ ਤੋਂ ਬਰਤਰਫ਼ ਕਰ ਦਿੱਤਾ ਗਿਆ ਹੈ। ਪੰਜਾਬੀ ਯੂਨੀਵਰਸਿਟੀ ਡੀਨ ਅਕਾਦਮਿਕ ਡਾ. ਅਸ਼ੋਕ ਤਿਵਾੜੀ ਨੇ ਦੱਸਿਆ ਕਿ ਇਸ ਸਬੰਧੀ ਕਮੇਟੀ ਵੱਲੋਂ ਰਿਪੋਰਟ ਪੇਸ਼ ਕੀਤੀ ਗਈ ਹੈ ਜਿਸ ਅਨੁਸਾਰ ਮੁਲਾਜ਼ਮ ਦਾ ਸਰਟੀਫਿਕੇਟ ਸਹੀ ਨਹੀਂ ਪਾਇਆ ਗਿਆ। ਰਿਪੋਰਟ ਦੇ ਆਧਾਰ ’ਤੇ ਵਾਈਸ ਚਾਂਸਲਰ ਨੇ ਬਲਜਿੰਦਰ ਸਿੰਘ ਖ਼ਿਲਾਫ਼ ਕਾਰਵਾਈ ਕਰਨ ਦਾ ਹੁਕਮ ਦਿੱਤਾ ਹੈ।