ਜਲੰਧਰ ਕੈਂਟ : ਵੀਰਵਾਰ ਸਵੇਰੇ 10:33 ਵਜੇ ਇਕ ਪੈਟਰੋਲ ਪੰਪ ਮਾਲਕ ਜਲੰਧਰ ਹਾਈਟਸ ਅੰਦਰ ਸਕਿਓਰਿਟੀ ਗਾਰਡ ਨੂੰ ਫਲੈਟ ਕਿਰਾਏ 'ਤੇ ਲੈਣ ਦਾ ਕਹਿ ਕੇ ਦਾਖਲ ਹੋਇਆ। ਉਸ ਨੇ ਆਪਣੀ ਕਾਰ ਪਾਰਕਿੰਗ 'ਚ ਖੜ੍ਹੀ ਕਰਕੇ ਕਰੀਬ 10:48 'ਤੇ ਬਲਾਕ ਏ ਦੀ ਛੱਤ 'ਤੇ ਚਲਾ ਗਿਆ ਤੇ ਜਾਂਦੇ ਹੀ ਛੱਤ ਤੋਂ ਛਾਲ ਮਾਰ ਦਿੱਤੀ। ਛੱਤ ਤੋਂ ਹੇਠਾਂ ਡਿੱਗਣ ਨਾਲ ਉਸ ਦਾ ਸਿਰ ਜ਼ਮੀਨ 'ਤੇ ਪਏ ਫੁੱਲਾਂ ਦੇ ਗਮਲਿਆਂ ਨਾਲ ਟਕਰਾ ਗਿਆ। ਜ਼ਿਆਦਾ ਖੂਨ ਨਿੱਕਲ ਜਾਣ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 46 ਸਾਲਾ ਤਰੁਣ ਮਰਵਾਹਾ ਵਾਸੀ ਅਰਬਨ ਅਸਟੇਟ ਫੇਜ਼-2 ਵਜੋਂ ਹੋਈ ਹੈ। ਜਲੰਧਰ ਹਾਈਟਸ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਬਚਿੱਤਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟਰੋਲ ਰੂਮ 'ਤੇ ਸੂਚਨਾ ਮਿਲੀ ਸੀ ਕਿ ਜਲੰਧਰ ਹਾਈਟਸ 'ਚ ਇਕ ਵਿਅਕਤੀ ਨੇ ਛੱਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਜਦੋਂ ਉਹ ਟੀਮ ਸਮੇਤ ਮੌਕੇ 'ਤੇ ਪਹੁੰਚੇ ਤਾਂ ਮੁੱਢਲੀ ਜਾਂਚ 'ਚ ਪਤਾ ਲੱਗਾ ਕਿ ਤਰੁਣ ਨੇ ਛੱਤ ਤੋਂ ਛਾਲ ਮਾਰ ਦਿੱਤੀ ਹੈ। ਤਰੁਣ ਪਿਛਲੇ ਕਾਫੀ ਸਮੇਂ ਤੋਂ ਪਿੰਡ ਰੁੜਕਾ ਕਲਾਂ 'ਚ ਪੈਟਰੋਲ ਪੰਪ ਚਲਾ ਰਿਹਾ ਸੀ। ਉਹ੍ ਆਪਣੇ ਮਾਤਾ-ਪਿਤਾ, ਪਤਨੀ ਤੇ ਬੇਟੀ ਨਾਲ ਅਰਬਨ ਅਸਟੇਟ ਫੇਜ਼-2 'ਚ ਰਹਿੰਦਾ ਸੀ। ਫਿਲਹਾਲ ਪੁਲਿਸ ਟੀਮ ਤਰੁਣ ਮਰਵਾਹਾ ਵੱਲੋਂ ਇਸ ਤਰ੍ਹਾਂ ਖੁਦਕੁਸ਼ੀ ਕਰ ਲੈਣ ਦੇ ਕਾਰਨਾਂ ਦਾ ਪਤਾ ਨਹੀਂ ਲਗਾ ਸਕੀ ਹੈ। ਪੁਲਿਸ ਨੇ ਤਰੁਣ ਦਾ ਮੋਬਾਈਲ ਕਬਜ਼ੇ ’ਚ ਲੈ ਕੇ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਹੈ। ਪੁਲਿਸ ਇਹ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਸ ਨੇ ਆਖਰੀ ਵਾਰ ਕਿਸ ਨਾਲ ਗੱਲ ਕੀਤੀ ਸੀ। ਫਿਲਹਾਲ ਪੁਲਿਸ ਨੇ ਮ੍ਰਿਤਕ ਦੇ ਪਿਤਾ ਚਰਨਜੀਤ ਮਰਵਾਹਾ ਦੇ ਬਿਆਨਾਂ ’ਤੇ ਧਾਰਾ 174 ਤਹਿਤ ਕਾਰਵਾਈ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।