ਬਰਨਾਲਾ 6 ਅਪ੍ਰੈਲ (ਬਘੇਲ ਸਿੰਘ ਧਾਲੀਵਾਲ) ਇਸ ਸਮੇ ਡੇਰਾ ਬਾਬਾ ਗਾਂਧਾਂ ਸਿੰਘ ਬਰਨਾਲਾ ਦੀ ਬੇਸ਼ਕੀਮਤੀ ਜਾਇਦਾਦ ਦਾ ਮਾਮਲਾ ਚਰਚਾ ਵਿੱਚ ਹੈ। ਜਿਸ ਵਿੱਚੋਂ ਸ੍ਰੋਮਣੀ ਕਮੇਟੀ ਅਦਾਲਤੀ ਪ੍ਰਕਿਿਰਆ ਰਾਂਹੀ ਬਾਹਰ ਹੋ ਗਈ ਹੈ ਪ੍ਰੰਤੂ ਫਿਰ ਵੀ ਘਟੀਆ ਹੱਥਕੰਡਿਆਂ ਰਾਹੀ ਕਾਬਜ ਰਹਿਣ ਲਈ ਹੱਥ ਪੈਰ ਮਾਰ ਰਹੀ ਹੈ । ਪਿਛਲੇ ਦਿਨਾਂ ਵਿੱਚ ਛਪੀਆਂ ਖਬਰਾਂ ਤੋ ਬਾਅਦ ਮਾਮਲਾ ਤੂਲ ਫੜਦਾ ਪਰਤੀਤ ਹੋ ਰਿਹਾ ਹੈ। ਸਿੱਖ ਸੰਸ਼ਥਾਵਾਂ ਦੇ ਨੁਮਾਇੰਦਿਆਂ ਨੇ ਸ੍ਰੋਮਣੀ ਕਮੇਟੀ ਦੇ ਇਹਨਾ ਹੱਥ ਕੰਡਿਆਂ ਦਾ ਜਵਾਬ ਦੇਣ ਲਈ ਡੇਰਾ ਬਾਬਾ ਗਾਂਧਾ ਸਿੰਘ ਬਰਨਾਲਾ ਦੇ ਮਹੰਤ ਪਿਆਰਾ ਸਿੰਘ ਨਾਲ ਸਪੰਰਕ ਕਰਨਾ ਸੁਰੁ ਕਰ ਦਿੱਤਾ ਹੈ। ਬੀਤੇ ਕੱਲ੍ਹ ਸਦਭਾਵਨਾ ਸੇਵਾ ਦਲ ਦੇ ਮੁਖੀ ਭਾਈ ਬਲਦੇਵ ਸਿੰਘ ਬਡਾਲਾ ਉਚੇਚੇ ਤੌਰ ਤੇ ਡੇਰਾ ਬਾਬਾ ਗਾਂਧਾ ਸਿੰਘ ਬਰਨਾਲਾ ਵਿਖੇ ਪੁੱਜੇ ਅਤੇ ਸਾਰੇ ਮਸਲੇ ਦੀ ਜਾਣਕਾਰੀ ਹਾਸਲ ਕੀਤੀ ।ਇਸ ਮੌਕੇ ਭਾਈ ਬਡਾਲਾ ਨੇ ਦੱਸਿਆ ਕਿ ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਡੇਰਾ ਬਾਬਾ ਗਾਂਧਾਂ ਸਿੰਘ ਬਰਨਾਲਾ ਦੇ ਮਹੰਤ ਬਾਬਾ ਗੁਰਬਚਨ ਸਿੰਘ ਨੇ 1975 ਵਿੱਚ ਇੱਕ ਸਮਝੌਤੇ ਰਾਂਹੀ ਸਮੁਚੀ ਜਾਇਦਾਦ ਹੀ ਸ੍ਰੋਮਣੀ ਕਮੇਟੀ ਨੂੰ ਚੰਗੇ ਪ੍ਰਬੰਧਾਂ ਲਈ ਸੌਪ ਦਿੱਤੀ ।ਪ੍ਰੰਤੂ ਸ੍ਰੋਮਣੀ ਕਮੇਟੀ ਨੇ ਚੰਗੇ ਪ੍ਰਬੰਧਾਂ ਦੀ ਬਜਾਏ ਇਸ ਡੇਰੇ ਦੇ ਮਹੰਤਾਂ ਨੂੰ ਹੀ ਸਬਕ ਸਿਖਾਉਣ ਦੀ ਠਾਣ ਲਈ ਜਿਸ ਦਾ ਤੌਖਲਾ ਉਸ ਵੇਲੇ ਦੇ ਮਾਨਯੋਗ ਪ੍ਰਧਾਨ ਸ੍ਰੋਮਣੀ ਕਮੇਟੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਜਾਹਿਰ ਕਰਦਿਆਂ ਮਹੰਤ ਗੁਰਬਚਨ ਸਿੰਘ ਨੂੰ100 ਏਕੜ ਜਾਇਦਾਦ ਰੱਖਣ ਦੀ ਨਸੀਹਿਤ ਅਤੇ ਪੇਸ਼ਕਸ ਕੀਤੀ । ਪ੍ਰੰਤੂ ਹੁਣ ਵਾਲੇ ਮੌਜੂਦਾ ਸਾਸ਼ਕਾਂ ਜਿਹਨਾਂ ਵਿੱਚ ਮੌਜੂਦਾ ਪ੍ਰਧਾਨ ਸ੍ਰ:ਹਰਜਿੰਦਰ ਸਿੰਘ ਧਾਮੀ ਅਤੇ ਉਸ ਦੀ ਸਮੁਚੀ ਟੀਮ ਨੇ ਇਸ ਜਾਇਦਾਦ ਨੂੰ ਚੋਰੀ ਦਾ ਮਾਲ ਡਾਂਗਾਂ ਦੇ ਗਜਾਂ ਨਾਲ ਉਹਨਾ ਹੀ ਲੋਕਾਂ ਨੂੰ ਲੁਟਾਉਣੀ ਸੁਰੁ ਕਰ ਦਿੱਤੀ ਜਿਨਾਂ ਦੀ ਬਦੋਲਤ ਸ੍ਰੋਮਣੀ ਕਮੇਟੀ 50 ਸਾਲ ਤੱਕ ਘੁੰਮਣਘੇਰੀਆਂ ਵਿੱਚ ਪਈ ਰਹੀ ।ਅਤੇ ਉਹਨਾਂ ਮਹੰਤਾਂ ਦੀ ਪਿੱਠ ਵਿੱਚ ਛੁਰਾ ਮਾਰਿਆ ਜਿੰਨਾਂ ਦੀ ਬਦੋਲਤ ਸ੍ਰੋਮਣੀ ਕਮੇਟੀ 50 ਸਾਲ ਤੋਂ ਇਸ ਡੇਰੇ ਦੀ ਕਮਾਈ ਖਾ ਰਹੀ ਹੈ।
ਭਾਈ ਬਲਦੇਵ ਸਿੰਘ ਬਡਾਲਾ ਨੇ ਅੰਕੜੇ ਪੇਸ਼ ਕਰਦਿਆਂ ਕਿਹਾ ਕਿ ਕਿੰਨੀ ਹੈਰਾਨੀ ਅਤੇ ਸਿਤਮ ਦੀ ਗੱਲ ਹੈ ਕਿ ਇੱਕ ਮਹੰਤੀ ਪ੍ਰਥਾ ਵਾਲੇ ਨਿਰਮਲ ਭੇਖ ਦੇ ਡੇਰੇ ਨੂੰ ਕਿਸ ਤਰਾਂ ਆਪਣੀ ਇੱਕ ਪ੍ਰਾਈਵੇਟ ਕਮੇਟੀ ਬਣਾ ਕੇ ਜਾਇਦਾਦ ਨੂੰ ਹੜੱਪਣ ਦੀ ਕੋਝੀ ਹਰਕਤ ਕੀਤੀ ਗਈ ਹੈ । ਉਹਨਾਂ ਕਿਹਾ ਕਿ ਜੇਕਰ ਕਮੇਟੀ ਦੀ ਹੋਂਦ ਦੀ ਗੱਲ ਕੀਤੀ ਜਾਵੇ ਤਾਂ ਉਹ ਹੋਰ ਵੀ ਹੈਰਾਨ ਕਰਨ ਵਾਲੀ ਹੈ ਕਿ ਸ੍ਰੋਮਣੀ ਕਮੇਟੀ ਆਪੇ ਬਣਾਈ ਉਸ ਕਮੇਟੀ ਨਾਲ ਸਮਝੌਤਾ 2022 ਵਿੱਚ ਹੀ ਕਰ ਲੈਂਦੀ ਹੈ ਅਤੇ ਉਸੇ ਦਿਨ ਹੀ ਅੰਤ੍ਰਿੰਗ ਕਮੇਟੀ ਦੇ ਮਤਾ ਨੰ 773 ਮਿਤੀ 20-9-22 ਰਾਂਹੀ ਸਮਝੌਤੇ ਨੁੰ ਪ੍ਰਵਾਨ ਕਰ ਰਹੀ ਹੈ ਜਦ ਕਿ ਇਹ ਕਮੇਟੀ ਰਜਿਸਟਡ 2023 ਨੂੰ ਹੋ ਰਹੀ ਹੈ।ਅਤੇ 25 ਮਈ 2023 ਨੂੰ ਹੀ ਆਪਣਾ ਮਤਾ ਪਾ ਕੇ ਗਿਰਦਾਰੀ ਡੇਰਾ ਬਾਬਾ ਗਾਂਧਾ ਸਿੰਘ ਨਿਰਮਲ ਭੇਖ ਪ੍ਰਬੰਧਕੀ ਕਮੇਟੀ ਬਰਨਾਲਾ ਦੇ ਨਾਮ ਕਰ ਜਦ ਕਿ ਡੇਰਾ ਬਾਬਾ ਗਾਂਧਾ ਸਿੰਘ ਬਰਨਾਲਾ ਦੀ ਮਹੰਤੀ ਦਾ ਦਾ ਕੇਸ ਸੁਪਰੀਮ ਕੋਰਟ ਵਿੱਚ ਸਟੇਟਸ ਸਕੋਅ ਹੈ।ਉਹਨਾਂ ਕਮੇਟੀ ਤੇ ਵਿਅੰਗ ਕਸਦਿਆਂ ਕਿਹਾ ਕਿ ਸਰੋਮਣੀ ਕਮੇਟੀ ਅਤੇ ਆਪੇ ਬਣਾਈ ਡੇਰਾ ਪ੍ਰਬੰਧਕ ਕਮੇਟੀ ਦੀ ਦਲੇਰੀ ਨੂੰ ਦਾਦ ਦੇਣੀ ਬਣਦੀ ਹੈ ਕਿ ਸੁਪਰੀਮ ਕੋਰਟ ਦੀ ਸਟੇਟਸ ਸਕੋਅ ਹੋਣ ਦੇ ਬਾਵਜੂਦ ਸਮਝੌਤਾ ,ਗਰਦੳਰੀ , ਇਥੋਂ ਤਕ ਕਿ ਆਪੇ ਬਣਾਈ ਕਮੇਟੀ ਦੇ ਖਾਤੇ ਵਿੱਚ ਰੁਪਏ ਪਾਉਣ ਦੀਆਂ ਪ੍ਰਵਾਨਗੀਆਂ ਵੀ ਦੇ ਦਿਤੀਆਂ। ਇਹ ਕੰਮ ਇਤਨੀ ਕਾਹਲ ਵਿੱਚ ਕੀਤਾ ਗਿਆ ਕਿ ਕਿਸੇ ਨੂੰ ਕੰਨੋ ਕੰਨੀ ਭਿਣਕ ਤੱਕ ਨਹੀ ਪੈਣ ਦਿੱਤੀ ਗਈ ਜੇਕਰ ਭਰੋਸੇ ਯੋਗ ਸੂਤਰਾਂ ਦੀ ਮੰਨੀਏ ਤਾਂ ਇਸ ਸਾਰੇ ਵਰਤਾਰੇ ਪਿਛੇ ਇੱਕ ਐਸੇ ਕਾਰ ਸੇਵਾ ਵਾਲੇ ਬਾਬੇ ਦਾ ਹੱਥ ਦੱਸਿਆ ਜਾ ਰਿਹਾ ਹੈ ਜਿਸ ਨੇ ਕਾਰ ਸੇਵਾ ਦੇ ਨਾਮ ਤੇ ਸ੍ਰੋਮਣੀ ਕਮੇਟੀ ਨੂੰ ਅਜਗਰ ਵਾਂਗ ਗਰੱਸ਼ (ਨਿਗਲ) ਲਿਆ ਹੈ ਭਾਈ ਬਡਾਲਾ ਨੇ ਇਸ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਤੱਥ ਵੇਖ ਕੇ ਮੈਨੁੰ ਸ੍ਰੋਮਣੀ ਕਮੇਟੀ ਦੀਆਂ ਇਹਨਾ ਆਪ ਹੁਦਰੀਆਂ ਅਤੇ ਆਪਾ ਵਿਰੋਧੀ ਫੈਸਲੇ ਨਾਲ ਸਰਮਿੰਦਗੀ ਮਹਿਸੂਸ ਹੋ ਰਹੀ ਹੈ। ਉਨਾਂ ਕਿਹਾ ਕਿ ਸ੍ਰੋਮਣੀ ਕਮੇਟੀ ਦੇ ਇਹਨਾਂ ਮਸੰਦਾ ਦੀਆਂ ਕਰਤੂਤਾਂ ਵੇਖ ਕੇ ਤਾਂ ਨਰੈਣੂ ਮਹੰਤ ਦੀ ਰੂਹ ਵੀ ਲਾਹਨਤਾਂ ਪਾ ਰਹੀ ਹੋਵੇਗੀ ਕਿ ਇਹਨਾ ਨੇ ਮੈਨੂੰ ਤਾਂ ਮੇਰੇ ਜੁਲਮਾਂ ਦੀ ਸਜਾ ਦਿੱਤੀ ਸੀ ਪਰ ਅੱਜ ਦੇ ਨਰੈਣੂਆਂ ਨੇ ਤਾਂ ਉਹ ਵੀ ਨਹੀ ਬਖਸੇ ਜਿਨਾਂ ਨੇ ਆਪਣੀ ਸਾਰੀ ਜਾਇਦਾਦ ਦੇ ਮਾਲਿਕ ਬਣਾਇਆ। ਭਾਈ ਬਲਦੇਵ ਸਿੰਘ ਬਡਾਲਾ ਨੇ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਵਾਰ ਕਰਦਿਆਂ ਕਿਹਾ ਕਿ ਇਕ ਸੀਨੀਅਰ ਵਕੀਲ ਕਹਾਉਣ ਵਾਲਾ ਵਿਅਕਤੀ ਕਿਸ ਤਰਾਂ ਦੇਸ ਦੀ ਸਰਵਉਚ ਅਦਾਲਤ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਟਿੱਚ ਜਾਣ ਰਿਹਾ ਹੈ ਅਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਵਰਗੇ ਦਾਨਸਵੰਦ ਆਗੂਆਂ ਦੇ ਕੀਤੇ ਸਮਝੌਤੇ ਨੂੰ ਦਰਕਿਨਾਰ ਕਰ ਰਿਹਾ ਹੈ।ਉਹਨਾਂ ਕਿਹਾ ਇਥੋਂ ਇਹੀ ਸਮਝ ਆ ਰਿਹਾ ਹੈ ਕਿ ਦਾਲ ਕਾਲੀ ਹੈ ।ਸ੍ਰੋਮਣੀ ਕਮੇਟੀ ਆਪਣੇ ਮਕਾਰੀ ਚੇਹਰੇ ਨੂੰ ਸਾਬਿਤ ਕਰ ਰਹੀ ਹੈ । ਉਹਨਾਂ ਕਿਹਾ ਕਿ ਆਉਣ ਵਾਲੇ ਸਮੇ ਵਿੱਚ ਹੋਰ ਵੀ ਹੈਰਾਨੀ ਜਨਕ ਖੁਲਾਸੇ ਬਾਬਾ ਗਾਂਧਾ ਸਿੰਘ ਪਬਲਿਕ ਸਕੂਲਾਂ ਬਾਰੇ ਅਤੇ ਜਾਇਦਾਦ ਦੇ ਘਪਲਆਂਿ ਬਾਰੇ ਕੀਤੇ ਜਾਣਗੇ। ਇਸ ਮੌਕੇ ਮਹੰਤ ਪਿਆਰਾ ਸਿੰਘ ਡੇਰਾ ਬਾਬਾ ਗਾਂਧਾ ਸਿੰਘ ਬਰਨਾਲਾ ਅਤੇ ਸਿੱਖ ਸਦਭਾਵਨਾ ਦਲ ਦੇ ਹੋਰ ਮੈਬਰ ਵੀ ਹਾਜਰ ਸਨ ।