Friday, August 22, 2025
24 Punjabi News World
Mobile No: + 31 6 39 55 2600
Email id: hssandhu8@gmail.com

Punjab

ਡੇਰਾ ਬਾਬਾ ਗਾਂਧਾ ਸਿੰਘ ਵਾਲੀ ਜਾਇਦਾਦ ਨੂੰ ਨਿੱਜੀ ਹੱਥਾਂ ਵਿੱਚ  ਦੇਣਾ ਸ੍ਰੋਮਣੀ ਕਮੇਟੀ ਪ੍ਰਬੰਧਕਾਂ ਦਾ ਪੰਥ ਅਤੇ ਆਪਾ ਵਿਰੋਧੀ ਫੈਸਲਾ

March 30, 2024 04:30 PM

200 ਏਕੜ ਜਮੀਨ,60 ਦੁਕਾਨਾਂ ਸਮੇਤ ਵੱਡੇ ਵਿਦਿਅਕ ਅਦਾਰੇ “ਚੋਰੀ ਦਾ ਮਾਲ ਡਾਂਗਾਂ ਦੇ ਗਜ” ਬਣਾਕੇ ਲੁਟਾਏ
————————-
ਬਘੇਲ ਸਿੰਘ ਧਾਲੀਵਾਲ
99142-58142
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਾ ਵਿਰੋਧੀ ਭਾਵ ਪੰਥ ਵਿਰੋਧੀ  ਗਤੀਵਿਧੀਆਂ ਕਰਕੇ ਭਾਵੇਂ ਹਮੇਸਾਂ ਹੀ ਚਰਚਾ ਵਿੱਚ ਰਹਿੰਦੀ ਹੈ,ਪ੍ਰੰਤੂ ਹੈਰਾਨੀ ਦੀ ਗੱਲ ਹੈ ਕਿ ਸਰੋਮਣੀ ਕਮੇਟੀ ਤੇ ਕਾਬਜ਼  ਲੋਕਾਂ ਨੇ ਸਿੱਖਾਂ ਦੇ ਰੋਹ ਦੀ ਕਦੇ ਵੀ ਕੋਈ ਪ੍ਰਵਾਹ ਨਹੀ ਕੀਤੀ।ਉਹ ਰੋਹ ਭਾਵੇਂ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਗਾਇਬ ਹੋਏ 328 ਸਰੂਪਾਂ ਦੇ ਸਬੰਧ ਵਿੱਚ ਹੋਵੇ ਜਾਂ ਪੁਰਾਤਨ ਨਿਸਾਨੀਆਂ ਨੂੰ ਮਲ਼ੀਆਮੇਟ ਕਰਨ ਦੇ ਗੁਨਾਹ ਦੀ ਬਾਬਤ ਹੋਵੇ,ਜਾਂ ਫਿਰ ਕੌਡੀਆਂ ਦੇ ਭਾਅ ਲੁਟਾਈ ਜਾ ਰਹੀ
ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦੀ ਜਾਇਦਾਦ ਦੇ ਸਬੰਧ ਵਿੱਚ ਹੋਵੇ। ਸਿੱਖਾਂ ਦੀ ਇਸ ਸਰਬ ਉੱਚ ਸੰਸਥਾ ਦੇ ਕੋਲ ਆਪਣੀ ਹਜਾਰਾਂ ਏਕੜ ਜਮੀਨ ਸੀ ਜਿਸ ਵਿੱਚੋਂ ਬੇਹੱਦ ਮਹਿੰਗੇ ਭਾਅ ਦਾ ਵੱਡਾ ਹਿੱਸਾ ਪਹਿਲਾਂ ਹੀ ਕਾਬਜ ਧਿਰ ਨੇ ਆਪਣੇ ਜਾਂ ਆਪਣੇ ਚਹੇਤਿਆਂ ਨੂੰ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਦੇ ਦਿੱਤਾ ਹੋਇਆ ਹੈ। ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਪ੍ਰਧਾਨਗੀ ਦੇ ਕਾਰਜਕਾਲ ਦੌਰਾਨ ਮਾਲਵੇ ਚ ਵੱਡਾ ਅਧਾਰ ਰੱਖਣ ਵਾਲੇ ਡੇਰਾ  ਬਾਬਾ ਗਾਂਧਾ ਸਿੰਘ ਬਰਨਾਲਾ ਦੇ ਮਹੰਤ ਬਾਬਾ ਗੁਰਬਚਨ ਸਿੰਘ ਨੇ ਸਰੋਮਣੀ ਕਮੇਟੀ ਨੂੰ ਆਪਣੀ ਸਾਰੀ ਜਾਇਦਾਦ ਦਾਨ ਕਰ ਦਿੱਤੀ ਸੀ,ਪਰੰਤੂ ਜਥੇਦਾਰ ਟੌਹੜਾ ਨੇ ਮਹੰਤ ਬਾਬਾ ਗੁਰਬਚਨ ਸਿੰਘ ਦੇ ਗੁਜਾਰੇ ਲਈ ਤਕਰੀਬਨ 100 ਏਕੜ ਜਮੀਨ ਉਹਨਾਂ ਨੂੰ ਛੱਡ ਦਿੱਤੀ ਸੀ। ਇਸ ਜਮੀਨ ਵਿੱਚੋਂ ਬਹੁਤੀ ਜਾਇਦਾਦ ਬਰਨਾਲਾ ਜਾਂ ਇਸ ਦੇ ਆਸਪਾਸ  ਹੈ।  ਤਕਰੀਬਨ 1500 ਏਕੜ  ਬਾਹੀ ਯੋਗ ਜਮੀਨ ਤੋ ਇਲਾਵਾ ਬਰਨਾਲਾ ਸ਼ਹਿਰ ਦੇ ਅੰਦਰ ਵੀ ਵੇਸ ਕੀਮਤੀ  ਕਮੱਰਸ਼ੀਅਲ ਜਾਇਦਾਦ ਹੈ, ਜਿਸ ਨੂੰ ਸਬੰਧਤ ਸਰੋਮਣੀ ਕਮੇਟੀ ਮੈਂਬਰ ਅਤੇ ਅਧਿਕਾਰੀ ਆਪਣੀ ਮਿਲੀ ਭੁਗਤ ਨਾਲ ਮੋਟਾ ਪੈਸਾ ਰਿਸਵਤਾਂ ਦੇ ਰੂਪ ਚ ਲੈਕੇ ਲੁਟਾਈ ਜਾ ਰਹੇ ਹਨ। ਪਾਠਕਾਂ ਨੂੰ ਇਹ ਜਾਣ ਕੇ ਹੋਰ ਵੀ ਹੈਰਾਨੀ ਹੋਵੇਗੀ ਕਿ ਇਸ ਜਾਇਦਾਦ  ਵਿੱਚੋਂ ਸਹਿਰ ਦੇ ਵਿਚਕਾਰ ਪਈ ਕਰੋੜਾਂ ਰੁਪਏ ਦੀ ਜਮੀਨ ਸਿੱਖ ਵਿਰੋਧੀ ਸੰਸਥਾ  ਵੱਲੋਂ ਚਲਾਏ ਜਾ ਰਹੇ ਸਕੂਲ ਨੂੰ  ਕੌਡੀਆਂ ਤੋ ਵੀ ਸਸਤੇ ਮੁੱਲ ਵਿੱਚ  ਦਿੱਤੀ ਹੋਈ ਹੈ,ਜਿਸਦਾ ਸਰੋਮਣੀ ਕਮੇਟੀ ਉਕਤ ਸੰਸਥਾ ਤੋ ਹੁਣ ਕੋਈ ਕਿਰਾਇਆ ਵੀ ਨਹੀ ਵਸੂਲ ਪਾ ਰਹੀ।ਸਮੇ ਸਮੇ ਇਸ ਜਾਇਦਾਦ ਨੂੰ ਲੈ ਕੇ ਵਿਵਾਦ ਵੀ ਉੱਠਦੇ ਰਹੇ ਹਨ,ਪਰ ਜਿਹਾ ਕਿ ਪਹਿਲਾਂ ਹੀ ਲਿਖਿਆ ਜਾ ਚੁੱਕਾ ਹੈ ਕਿ ਸਰੋਮਣੀ ਕਮੇਟੀ ਦੇ ਪ੍ਰਧਾਨ/ਸਕੱਤਰ ਸਮੇਤ ਮੈਬਰਾਂ ਅਤੇ ਸਬੰਧਤ  ਅਧਿਕਾਰੀਆਂ ਦੇ ਕੰਨ ਤੇ ਕਦੇ ਵੀ ਜੂੰ  ਨਹੀ ਸਰਕਦੀ। ਇਹੋ ਕਾਰਨ ਹੈ ਕਿ ਗੁਰਦੁਆਰਾ ਬਾਬਾ ਗਾਂਧਾ ਸਿੰਘ ਦੀ ਮੈਨੇਜਰੀ ਲੈਣ ਲਈ ਅਕਸਰ ਹੀ ਖਿੱਚੋਤਾਣ ਚੱਲਦੀ ਰਹਿੰਦੀ ਹੈ ਅਤੇ ਜਿਸ ਮੈਨੇਜਰ ਤੇ ਕਮੇਟੀ ਮੈਂਬਰਾਂ ਦੀ ਸਵੱਲੀ ਨਜਰ ਟਿਕ ਜਾਂਦੀ ਹੈ,ਉਹ ਇਸ ਗੁਰਦੁਆਰਾ ਸਾਹਿਬ ਦਾ ਮੈਨੇਜਰ ਬਣ ਕੇ ਕਮੇਟੀ ਮੈਬਰਾਂ ਅਤੇ ਉੱਚ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਇਸ ਜਾਇਦਾਦ ਨੂੰ “ਚੋਰੀ ਦਾ ਮਾਲ  ਡਾਂਗਾਂ ਦੇ ਗਜ” ਬਣਾ ਕੇ ਖੂਬ ਹੱਥ ਰੰਗਦਾ ਹੈ।
ਅਨੇਕਾਂ ਵਿਵਾਦਾਂ ਵਿੱਚ ਘਿਰੇ ਹੋਣ ਦੇ ਬਾਵਜੂਦ ਹੁਣ ਗੁਰਦੁਆਰਾ ਬਾਬਾ ਗਾਂਧਾ ਸਿੰਘ ਨਾਲ ਜੁੜੀ ਇੱਕ ਹੋਰ ਵੱਡੀ ਧਾਂਦਲੀ ਸਾਹਮਣੇ ਆਈ ਹੈ।  ਆਰ ਟੀ ਆਈ ਅਤੇ ਕੁੱਝ ਬੇਹੱਦ ਭਰੋਸ਼ੇਯੋਗ ਸੂਤਰਾਂ ਤੋ ਮਿਲੇ ਪੁਖਤਾਂ ਸਬੂਤਾਂ (ਮਤਿਆਂ ਦੀਆਂ ਨਕਲਾਂ) ਅਨੁਸਾਰ ਸ੍ਰੋਮਣੀ ਕਮੇਟੀ ਨੇ ਆਪਣ ਮਤਾ ਨੰਬਰ 474 ਮਿਤੀ 5 ਜੁਲਾਈ 1975 ਰਾਹੀ ਕੀਤੇ  ਸਮਝੌਤੇ ਨੂੰ ਦਰਕਿਨਾਰ ਕਰਦਿਆਂ ਆਪਣੇ ਚਹੇਤੇ ਲੋਕਾਂ ਨੂੰ ਗੁਰਦੁਆਰਾ ਸਾਹਿਬ ਦੀ ਜਾਇਦਾਦ ਨੂੰ ਲੁਟਾਉਣ ਲਈ ਨਿਯਮਾਂ ਅਤੇ ਕਨੂੰਨ ਨੂੰ ਛਿੱਕੇ ਟੰਗ ਕੇ ਇੱਕ ਟਰਸਟ ਬਣਾ ਕੇ ਉਸ ਟਰੱਸਟ ਦੇ ਨਾਮ 200 ਏਕੜ ਦੇ ਲੱਗਭੱਗ ਜਮੀਨ, 60 ਦੇ ਕਰੀਬ ਦੁਕਾਨਾਂ ਉਕਤ ਟਰੱਸਟ ਦੇ ਸਪੁੱਰਦ ਕਰ ਦਿੱਤੀਆਂ ਹਨ।ਹੈਰਾਨੀ ਦੀ ਗੱਲ ਹੈ ਕਿ ਡੇਰਾ ਬਾਬਾ ਗਾਂਧਾ ਸਿਘ  ਨਿਰਮਲ ਭੇਖ ਟਰੱਸਟ ਦੇ ਨਾਲ ਸਮਝੌਤਾ  20/9/22 ਨੂੰ ਹੋ ਰਿਹਾ ਹੈ ਅਤੇ ਉਸ ਦਿਨ ਹੀ ਅੰਤਰਿੰਗ ਕਮੇਟੀ ਦੀ ਮੀਟਿੰਗ ਵਿੱਚ ਇਸ ਨੂੰ ਮਤਾ ਨੰਬਰ 703 ਮਿਤੀ 20/9/2022 ਰਾਹੀ ਪ੍ਰਵਾਨ ਕਰ ਲਿਆ ਜਾਂਦਾ ਹੈ,ਜਦੋਕਿ ਇਹ ਟਰੱਸਟ ਰਜਿਸਟਰ 24/5/2023 ਨੂੰ ਹੁੰਦਾ ਹੈ। ਜਿੱਥੋ ਸਾਰੇ ਘਾਲੇ ਮਾਲੇ ਦੀ ਪੋਲ ਖੁੱਲਦੀ ਹੈ,ਕਿਉਂਕਿ ਟਰਸੱਟ 9 ਮਹੀਨੇ ਬਾਅਦ ਰਜਿਸਟਰ ਹੁੰਦਾ ਹੈ,ਜਦੋਕਿ ਸਰੋਮਣੀ ਕਮੇਟੀ ਟਰੱਸਟ  ਦੇ ਕਨੂੰਨੀ ਤੌਰ ਤੇ ਹੋਂਦ ਵਿੱਚ ਆਉਣ ਤੋ ਨੌ ਮਹੀਨੇ ਪਹਿਲਾਂ ਹੀ ਉਕਤ ਟਰੱਸਟ ਨਾਲ ਸਮਝੌਤਾ ਕਰ ਲੈਂਦੀ ਹੈ। ਵਰਨਣਯੋਗ ਹੈ ਕਿ ਜਿਸ ਸਮੇ 1975 ਵਿੱਚ ਮਹੰਤ ਗੁਰਬਚਨ ਸਿੰਘ ਨੇ ਸਰੋਮਣੀ ਕਮੇਟੀ ਨੂੰ ਜਮੀਨ ਜਾਇਦਾਦ ਦੇਣ ਦਾ ਇਹ ਸਮਝੌਤਾ ਕੀਤਾ ਸੀ,ਤਾਂ ਇਸ ਇਲਾਕੇ ਲਈ ਉਹਨਾਂ ਨੇ  ਸ੍ਰੋਮਣੀ  ਕਮੇਟੀ ਦੇ ਤਤਕਾਲੀ ਪ੍ਰਧਾਨ ਟੌਹੜਾ ਸਾਹਿਬ ਪਾਸੋਂ ਬਰਨਾਲਾ ਇਲਾਕੇ ਲਈ ਇੱਕ ਵੱਡਾ ਸਕੂਲ ਬਨਾਉਣ ਦੀ ਇਹ ਵੱਡੀ ਮੰਗ ਰੱਖੀ ਸੀ ਅਤੇ ਮਹੰਤ ਗੁਰਬਚਨ ਸਿੰਘ ਨੇ ਸਕੂਲ ਬਨਾਉਣ ਲਈ ਜਾਇਦਾਾਦ ਤੋ ਇਲਾਵਾ ਦੋ ਲੱਖ ਰੁਪਏ ਨਗਦ ਵੀ ਦਿੱਤੇ ਸਨ।ਜਿਸ ਦੇ ਸੰਦਰਭ ਵਿੱਚ ਹੀ ਇਹ ਵੱਡਾ ਸਕੂਲ ਹੋਂਦ ਵਿੱਚ ਆਇਆ।ਮਤਾ ਨੰਬਰ 474 ਮਿਤੀ 5/7/1975 ਦੇ ਪਹਿਰਾ ਨੰਬਰ 5 ਅਨੁਸਾਰ :- “ਸਰੋਮਣੀ ਕਮੇਟੀ ਦਾ ਇਹ ਫਰਜ ਹੋਵੇਗਾ ਕਿ ਬਰਨਾਲਾ ਸਹਿਰ ਵਿਖੇ ਇੱਕ ਹਾਇਰ ਸਕੰਡਰੀ ਪਬਲਿਕ ਸਕੂਲ ਨਵੀਨ ਵਿਦਿਅਕ ਢੰਗ ਦਾ ਖੋਲੇਗੀ ਅਤੇ ਸਦੀਵ ਇਸ ਸਕੂਲ ਨੂੰ ਉੱਨਤ ਅਤੇ ਕਾਇਮ ਰੱਖੇਗੀ।ਇਸ ਸਕੂਲ ਦੀ ਕਮੇਟੀ ਬਨਾਉਣ ਦਾ ਹੱਕ ਕੇਵਲ ਸਰੋਮਣੀ ਕਮੇਟੀ ਨੂੰ ਹੋਵੇਗਾ,ਉਹ ਜਿਤਨੇ ਮੈਂਬਰਾਂ ਦੀ ਕਮੇਟੀ  ਚਾਹੇ ਬਣਾ ਸਕਦੀ ਹੈ। ਇਸ ਸਕੂਲ ਦੇ ਪਰਬੰਧ ਲਈ ਜੋ ਕਮੇਟੀ ਬਣਾਈ ਜਾਵੇਗੀ,ਉਸ ਵਿੱਚ ਮਹੰਤ ਗੁਰਬਚਨ ਸਿੰਘ ਲਾਈਫ ਮੈਂਬਰ ਹੋਣਗੇ ਅਤੇ ਇੱਕ ਹੋਰ ਮੈਂਬਰ ਨਾਮਜਦ ਕਰਨ ਦਾ ਇਹਨਾਂ ਨੂੰ ਅਧਿਕਾਰ ਹੋਵੇਗਾ। ਇਸ ਸਕੂਲ ਵਿੱਚ ਸਿੱਖ ਮੱਤ ਦੇ ਪਰਚਾਰ ਵਜੋਂ ਸਿੱਖ ਧਾਰਮਿਕ ਵਿੱਦਿਆ ਦੇਣੀ ਲਾਜਮੀ ਹੋਵੇਗੀ।ਮਹੰਤ ਗੁਰਬਚਨ ਸਿੰਘ ਜੀ ਅਤੇ ਉਹਨਾਂ ਦੇ ਜਾਨਸੀਨ ਨੂੰ ਇਹ ਹੱਕ ਹੋਵੇਗਾ ਕਿ ਉਹ ਪੰਜ ਵਿਦਿਆਰਥੀ ਸਕੂਲ ਵਿੱਚ ਜਿਸ ਕਲਾਸ ਦੇ ਉਹ ਚਹੁਣ ਮੁਫਤ ਵਿੱਦਿਆ ਪਰਾਪਤ ਕਰਨ ਲਈ ਦਾਖਲ ਕਰਵਾ ਸਕਣਗੇ।ਇਸ ਸਕੂਲ ਦੀ ਇਮਾਰਤ ਦੇ ਬਨਾਉਣ ਵਾਸਤੇ ਮਹੰਤ ਗੁਰਬਚਨ ਸਿੰਘ ਜੀ ਦੋ ਲੱਖ ਰੁਪਏ ਅਤੇ ਸਰੋਮਣੀ ਕਮੇਟੀ ਤਿੰਨ ਲੱਖ ਆਪਣੇ ਵੱਲੋਂ ਖਰਚ ਕਰੇਗੀ”।ਪਰੰਤੂ ਅੱਜ ਇਹ ਸਕੂਲ ਡੇਰਾ ਬਾਬਾ ਗਾਂਧਾ ਸਿੰਘ ਜਾਂ ਸਰੋਮਣੀ ਕਮੇਟੀ ਦੀ ਮਲਕੀਅਤ ਨਾ ਹੋਕੇ ਇੱਕ ਨਿੱਜੀ ਟਰੱਸਟ ਦੀ ਮਲਕੀਅਤ ਬਣ ਕੇ ਰਹਿ ਗਈ ਹੈ। ਇਕੱਤਰ ਕੀਤੇ ਤੱਥਾਂ ਅਨੁਸਾਰ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਤਾ ਨੰਬਰ 566  ਅਨੁਸਾਰ:- “ਮਨੇਜਰ ਗੁਰਦੁਆਰਾ ਬਾਬਾ ਗਾਂਧਾ ਸਿੰਘ ਜੀ ਬਰਨਾਲਾ ਦੀ ਪੱਤਰਿਕਾ ਨੰਬਰ  358 ਮਿਤੀ 15/03/2023, ਰਾਹੀਂ ਕੀਤੀ ਮੰਗ ਤੇ ਡੇਰਾ ਬਾਬਾ  ਗਾਂਧਾ ਸਿੰਘ ਨਿਰਮਲ ਭੇਖ ਪ੍ਰਬੰਧਕ ਕਮੇਟੀ ਨਾਲ ਮਿਤੀ 20/09/2022 ਮੁਤਾਬਿਕ ਹੋਏ ਸਮਝੌਤੇ ਤੇ ਵੰਡ ਅਨੁਸਾਰ ਗੁਰਦੁਆਰਾ ਸਾਹਿਬ ਦੇ ਕਬਜੇ ਵਾਲੀ ਸਰਕੜਾ ਫਾਰਮ ਜਮੀਨ ਰਕਬਾ 113 ਏਕੜ 04 ਕਨਾਲ 15 ਮਰਲੇ ਦੀ 40,000/ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਬਣਦੀ ਰਕਮ 45,43,750/ ਰੁਪਏ, ਖੁੱਡੀ ਫਾਰਮ ਵਾਲੀ ਰਕਬਾ 43 ਏਕੜ 02 ਕਨਾਲ 14 ਮਰਲੇ ਦੀ 55,000/- ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਬਣਦੀ ਰਕਮ 23,83,562/- ਰੁਪਏ ਅਤੇ ਬਰਨਾਲਾ ਫਾਰਮ ਦੀ ਠੇਕੇ ਪੁਰ ਦਿੱਤੀ ਜਮੀਨ ਵਿੱਚ ਜਮਾ ਹੋਈ ਅੱਧੀ ਰਕਮ 9,35,967/- ਰੁਪਏ ਜੋ ਗੁਰਦੁਆਰਾ ਸਾਹਿਬ ਦੇ ਫੰਡਾਂ ਵਿੱਚ ਜਮਾਂ ਹਨ ਇਹਨਾਂ ਰਕਮਾਂ ਨੂੰ ਡੇਰਾ ਬਾਬਾ ਗਾਂਧਾ ਸਿੰਘ (ਨਿਰਮਲ ਭੇਖ ਪ੍ਰਬੰਧਕ ਕਮੇਟੀ) ਨੂੰ ਪ੍ਰਬੰਧਕ ਕਮੇਟੀ ਦੀ  ਪ੍ਰਵਾਨਗੀ ਦੀ ਆਸਪੁਰ ਮਾਨਯੋਗ ਪ੍ਰਧਾਨ ਸਹਿਬ ਵੱਲੋਂ ਅਦਾ ਕਰਨ ਦੀ ਕੀਤੀ ਆਗਿਆ ਤੇ ਦਫਤਰ ਵੱਲੋਂ ਜਾਰੀ ਪੱਤਰਿਕਾ ਨੰਬਰ 2191 ਮਿਤੀ 31/05/2023, ਮਾਨਯੋਗ ਪ੍ਰਧਾਨ ਸਾਹਿਬ ਦੀ ਆਗਿਆ ਅਤੇ ਇਕੱਤਰਤਾ ਵਿੱਚ ਹਾਜਰ  ਮੈਂਬਰ ਸਹਿਬਾਨ ਦੀ ਸੰਮਤੀ ਨਾਲ ਪੇਸ਼ ਹੋਣ ‘ਤੇ  ਪ੍ਰਵਾਨ ਹੋਇਆ ਕਿ ਹਵਾਲੇ ਵਾਲੀ ਭੇਜੀ ਪੱਤਰਿਕਾ ਦੀ ਪੁਸ਼ਟੀ ਕੀਤੀ ਜਾਂਦੀ ਹੈ। ਰਿਕਾਰਡ ਅਨੁਸਾ੍ਰ ਜਮੀਨ ਦੇ ਰਕਬੇ ਦਾ ਅਤੇ ਦਿੱਤੀ ਰਕਮ ਦੇ ਮਿਲਾਨ ਕਰਨ ਦੀ ਜਿੰਮੇਵਾਰੀ ਮੈਨੇਜਰ, ਗੁਰਦੁਆਰਾ ਬਾਬਾ ਗਾਂਧਾ ਸਿੰਘ ਜੀ, ਬਰਨਾਲਾ ਦੀ ਹੋਵੇਗੀ”।
ਜਿਕਰਯੋਗ ਇਹ ਵੀ ਹੈ ਕਿ ਉਪਰੋਕਤ ਡੇਰਿਆਂ ਵਿੱਚ ਮਹੰਤੀ ਦੀ ਪ੍ਰਥਾ ਹੈ ਓਥੇ ਕੋਈ ਪ੍ਰਬੰਧਕ ਕਮੇਟੀ ਦੀ ਪ੍ਰਥਾ ਨਹੀ ਹੈ,ਇਸ ਲਈ ਇਹ ਸਮਝੌਤਾ ਕਿਸੇ ਭੇਖ ਦੀ ਅਜਿਹੀ ਅਣਅਧਿਕਾਰਿਤ ਪ੍ਰਬੰਧਕ ਕਮੇਟੀ ਨਾਲ ਕਰਨਾ,ਡੇਰੇ ਦੀ ਪ੍ਰਥਾ ਅਤੇ ਸਰੋਮਣੀ ਕਮੇਟੀ ਦੇ ਪਹਿਲਾਂ ਹੀ ਮਹੰਤ ਗੁਰਬਚਨ ਸਿੰਘ ਨਾਲ ਹੋਏ ਫੈਸਲਿਆਂ ਦੀ ਰੌਸਨੀ ਵਿੱਚ ਸਰਕਾਰੀ ਨਿਯਮਾਂ ਦੇ ਵੀ ਖਿਲਾਫ ਹੈ।ਏਸੇਤਰਾਂ ਡੇਰੇ ਦੀ ਮਹੰਤੀ ਨੂੰ ਲੈ ਕੇ ਪਹਿਲਾਂ ਹੀ ਸੁਪਰੀਮ ਕੋਰਟ ਵਿੱਚ ਕੇਸ ਚੱਲ ਰਿਹਾ ਹੈ ਅਤੇ ਸੁਪਰੀਮ ਕੋਰਟ ਨੇ ਇਸ ਫੈਸਲੇ ਨੂੰ ਜਿਉਂ ਦਾ ਤਿਉਂ (ਸਟੇਟਸ ਕੋਅ) ਰੱਖਿਆ ਹੋਇਆ ਹੈ,ਇਸ ਵਰਤਾਰੇ  ਦੇ ਮੱਦੇਨਜਰ ਸਵਾਲ ਉੱਠਦਾ ਹੈ ਕਿ ਸਰੋਮਣੀ ਕਮੇਟੀ ਦੀ ਅਜਿਹੀ ਕੀ ਮਜਬੂਰੀ ਰਹੀ ਹੋਵੇਗੀ,ਜਿਹੜਾ ਉਹਨਾਂ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਦੀ ਬਗੈਰ ਪ੍ਰਵਾਹ ਕੀਤਿਆਂ ਅਤੇ ਨਿਰਮਲ ਭੇਖ ਪਰਬੰਧਕ ਕਮੇਟੀ ਦੇ ਰਜਿਸਟਰ ਹੋਣ ਤੋ ਪਹਿਲਾਂ ਹੀ ਐਨੀ ਕਾਹਲ ਵਿੱਚ ਅਜਿਹੇ ਪੰਥਕ ਘਾਟੇ ਵਾਲੇ ਸਮਝੌਤੇ ਕਰਨ ਲਈ ਮਜਬੂਰ ਹੋਣਾ ਪਿਆ ?
ਉਪਰੋਕਤ ਸਾਰੇ ਵਰਤਾਰੇ ਲਈ ਭਾਂਵੇਂ ਹੁਣ ਸਮੀਕਰਣ ਕੁੱਝ ਹੋਰ ਹਨ,ਪਰ ਇਹ ਸਚਾਈ ਤੋਂ ਵੀ ਮੁਨਕਰ ਨਹੀ ਹੋਇਆ ਜਾ ਸਕਦਾ ਕਿ ਇਹ ਜਾਇਦਾਦ ਨੂੰ ਨਿੱਜੀ ਹੱਥਾਂ ਵਿੱਚ ਦੇਣ ਦੀ ਪਹਿਲ ਸਭ ਤੋ ਪਹਿਲਾਂ ਸ੍ਰ ਸੁਖਦੇਵ ਸਿੰਘ ਢੀਡਸਾ ਵੱਲੋਂ ਕੀਤੀ ਗਈ,ਜਿਸ ਨੇ ਅਕਾਲੀ ਦਲ ਦੀ ਸਰਕਾਰ ਸਮੇ ਆਪਣੇ ਰਾਜਨੀਤਕ ਪ੍ਰਭਾਵ ਦੀ ਦੁਰਵਰਤੋਂ ਕਰਦਿਆਂ ਨਿੱਜੀ ਲੋਭ ਲਾਲਚ ਵੱਸ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਤੇ ਕਬਜਾ ਕਰਨ ਦੀ ਪਿਰਤ ਪਾਈ ਅਤੇ ਇਹ ਕਬਜਾ ਆਪਣੇ ਹਿਤਾਂ ਦੇ ਅਨੁਕੂਲ ਵਾਰ ਵਾਰ  ਖੋਹ ਕੇ ਬਦਲਿਆ ਵੀ  ਜਾਂਦਾ ਰਿਹਾ। ਸੋ ਉਪਰੋਕਤ ਸਾਰੇ ਵਰਤਾਰੇ ਨੇ ਅਕਾਲੀ ਲੀਡਰਸ਼ਿੱਪ,ਸਮੁੱਚੇ ਸਰੋਮਣੀ ਕਮੇਟੀ ਮੈਂਬਰਾਂ ਅਤੇ ਕਮੇਟੀ ਦੇ ਅਧਿਕਾਰੀਆਂ ਦੇ ਗੁਰਸਿੱਖੀ ਜੀਵਨ ਤੇ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ। ਕਿਉਂਕਿ ਭਰਿਸ਼ਟਾਚਾਰ ਅਤੇ ਗੁਰਸਿੱਖੀ ਦਾ ਦੂਰ ਦਾ ਵੀ  ਵਾਹ ਵਾਸਤਾ ਨਹੀ,ਪਰ ਅਫਸੋਸ ! ਕਿ ਅੱਜਕੱਲ ਜਿੰਨਾਂ ਨੇ ਸਿੱਖੀ ਨੂੰ,ਸਿੱਖੀ ਸਿਧਾਂਤਾਂ ਨੂੰ,ਸਿੱਖ ਵਿਰਸੇ ਨੂੰ ਅਤੇ ਪੰਥਕ ਜਾਇਦਾਦ ‘ਤੇ ਉਸਰੇ ਵਿਦਿਅਕ ਅਦਾਰਿਆਂ ਰਾਹੀ ਗੁਰ ਸਿੱਖੀ ਵਿਚਾਰਧਾਰਾ ਦੀ ਰੌਸ਼ਨੀ ਵਿੱਚ ਕੌਂਮ ਦੇ ਭਵਿੱਖ ਨੂੰ ਨਵੀਂ ਦਿਸ਼ਾ ਅਤੇ ਦਸ਼ਾ ਪਰਦਾਨ ਕਰਨੀ ਸੀ,ਉਹ ਰਾਖੇ ਹੀ ਵਾੜ ਦੇ ਵੈਰੀ ਬਣ ਕੇ ਸਿੱਖੀ ਦੀ ਭਰੀ ਫਸਲ ਉਜਾੜਨ ਦੇ ਗੁਨਾਹਗਾਰ ਬਣ ਰਹੇ ਹਨ। ਪੰਥਕ ਅਖਵਾਉਣ ਵਾਲੀਆਂ ਵੱਖ ਵੱਖ ਧਿਰਾਂ ਦੀ ਚੁੱਪੀ ਵੀ ਸ਼ੰਕਿਆਂ ਨੂੰ ਜਨਮ ਦਿੰਦੀ ।ਸੋ ਹੁਣ ਦੇਖਣਾ ਇਹ ਹੋਵੇਗਾ ਕਿ ਸਿੱਖ ਪੰਥ ਅਜਿਹੇ ਪੰਥ ਵਿਰੋਧੀ ਫੈਸਲਿਆਂ ਨੂੰ ਰੱਦ ਕਰਵਾਉਣ ਲਈ ਕਿੰਨਾਂ ਕੁ ਸੰਜੀਦਾ ਹੋਵੇਗਾ।
 

Have something to say? Post your comment