ਪਟਿਆਲਾ: ਵਿਦਿਆਰਥੀ ਸੰਘਰਸ਼ ਨੂੰ ਅਸਫਲ ਕਰਨ ਲਈ ਪੰਜਾਬੀ ਯੂਨੀਵਰਸਿਟੀ ਨੂੰ ਤੜਕੇ ਹੀ ਪੁਲਿਸ ਛਾਉਣੀ ਚ ਤਬਦੀਲ ਕਰ ਦਿੱਤਾ ਗਿਆ ਹੈ। ਮੁੱਖ ਗੇਟ ਤੇ ਵੱਡੀ ਗਿਣਤੀ ਪੁਲਿਸ ਤੇ ਕੈਂਪਸ ਸੁਰੱਖਿਆ ਮੁਲਜ਼ਮ ਤਾਇਨਾਤ ਕਰ ਦਿੱਤੇ ਗਏ ਹਨ। ਪ੍ਰੋਫੈਸਰ ਦੀ ਕੁੱਟਮਾਰ ਸਬੰਧੀ ਵਿਦਿਆਰਥੀਆਂ ਖ਼ਿਲਾਫ਼ ਦਰਜ ਹੋਏ ਮਾਮਲੇ ਦੇ ਖਿਲਾਫ ਵੱਖ ਵੱਖ ਜਥੇਬੰਦੀਆਂ ਵਲੋਂ ਸੋਮਵਾਰ ਨੂੰ ਵੱਡਾ ਧਰਨਾ ਦੇਣ ਦਾ ਐਲਾਨ ਕੀਤਾ ਸੀ। ਜਿਸ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸ਼ਨ ਵਿਦਿਆਰਥੀਆਂ ਦੇ ਧਰਨੇ ਨੂੰ ਟਾਲਣ ਦੀਆਂ ਕੋਸ਼ਿਸ਼ਾਂ ਵਿਚ ਲੱਗੀ ਹੋਈ ਹੀ।ਇਸਦੇ ਚੱਲਦਿਆਂ ਹੀ ਐਤਵਾਰ ਨੂੰ ਵੀ ਵਾਈਸ ਚਾਂਸਲਰ ਵਲੋਂ ਹੰਗਾਮੀ ਮੀਟਿੰਗ ਕੀਤੀ ਗਈ।
ਸੇਵਾ ਮੁਕਤ ਜੱਜ ਕਰਨਗੇ ਜਾਂਚ
ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਇਸ ਸੰਬੰਧੀ ਗੱਲ ਕਰਦਿਆਂ ਦੱਸਿਆ ਕਿ ਵਿਦਿਆਰਥੀਆਂ ਦੀਆਂ ਲਿਖਤੀ ਰੂਪ ਵਿਚ ਪ੍ਰਾਪਤ ਹੋਈਆਂ ਸ਼ਿਕਾਇਤਾਂ ਦੀ ਪੜਤਾਲ ਲਈ ਐਡੀਸ਼ਨਲ ਸੈਸ਼ਨ ਜੱਜ (ਰਿਟਾਇਰਡ) ਜਸਵਿੰਦਰ ਸਿੰਘ ਨੂੰ ਪੜਤਾਲੀਆ ਅਫਸਰ ਨਿਯੁਕਤ ਕਰ ਦਿੱਤਾ ਗਿਆ ਹੈ। ਉਹ ਆਪਣਾ ਕੰਮ ਸੋਮਵਾਰ ਤੋਂ ਸ਼ੁਰੂ ਕਰ ਦੇਣਗੇ, ਜਿਸ ਦੇ ਅਧਾਰ ਉਤੇ ਤੁਰੰਤ ਅਗਲੀ ਕਾਰਵਾਈ ਕੀਤੀ ਜਾਵੇਗੀ।
ਵਿਦਿਆਰਥੀਆਂ ਦੀਆਂ ਸ਼ਿਕਾਇਤਾਂ ਦੇ ਨਿਵਾਰਣ ਲਈ ਯੂਨੀਵਰਸਿਟੀ ਵਿਖੇ ਇੱਕ ਵਿਸ਼ੇਸ਼ `ਸ਼ਿਕਾਇਤ ਨਿਵਾਰਣ ਸੈੱਲ' ਮੌਜੂਦ ਹੈ ਜਿਸ ਦੇ ਚੇਅਰਪਰਸਨ ਮਨੋਵਿਗਿਆਨ ਵਿਭਾਗ ਦੇ ਪ੍ਰੋ. ਮਮਤਾ ਸ਼ਰਮਾ ਹਨ। ਇਸ ਤੋਂ ਇਲਾਵਾ `ਅੰਦਰੂਨੀ ਸ਼ਿਕਾਇਤ' ਕਮੇਟੀ ਵੀ ਹੈ, ਜਿਸ ਦੇ ਮੁਖੀ ਪ੍ਰੋ. ਨਰਿੰਦਰ ਕੌਰ ਮੁਲਤਾਨੀ ਹਨ, ਜੋ `ਸੈਕਸ਼ੂਅਲ ਹਰਾਸਮੈਂਟ ਵਿਰੋਧੀ ਸੈੱਲ' ਦੇ ਡਾਇਰੈਕਟਰ ਹਨ। ਇਨ੍ਹਾਂ ਸੈਲਾਂ ਵਿਚ ਇਸ ਸਮੇਂ ਮੌਜੂਦਾ ਘਟਨਾਕ੍ਰਮ ਨਾਲ ਸਬੰਧਤ ਕੋਈ ਸ਼ਿਕਾਇਤ ਪੈਂਡਿੰਗ ਨਹੀਂ ਹੈ। ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਮੁੱਖ ਦਫ਼ਤਰ ਜਿਵੇਂ ਵਾਈਸ ਚਾਂਸਲਰ ਦਫ਼ਤਰ, ਡੀਨ ਅਕਾਦਮਿਕ ਮਾਮਲੇ ਦਫ਼ਤਰ, ਅਤੇ ਡੀਨ ਵਿਦਿਆਰਥੀ ਭਲਾਈ ਦਫ਼ਤਰ ਵੀ ਵਿਦਿਆਰਥੀਆਂ ਦੀਆਂ ਸ਼ਿਕਾਇਤਾਂ ਸੁਣਨ ਲਈ ਹਮੇਸ਼ਾ ਖੁੱਲ੍ਹੇ ਹਨ। ਯੂਨੀਵਰਸਿਟੀ ਵਿਚ ਹਰ ਪ੍ਰਾਪਤ ਸ਼ਿਕਾਇਤ ਦਾ ਨਿਪਟਾਰਾ ਕੀਤਾ ਜਾਂਦਾ ਹੈ ਅਤੇ ਵਿਦਿਆਰਥੀਆਂ ਦੀ ਕਿਸੇ ਵੀ ਸ਼ਿਕਾਇਤ ਨੂੰ ਅਣਗੌਲਿਆਂ ਨਹੀਂ ਕੀਤਾ ਜਾਂਦਾ।
ਸੁਰਜੀਤ ਦੀ ਜਗ੍ਹਾ ਡਾ.ਬਰਾੜ ਹੋਣਗੇ ਕੋਆਰਡੀਨੇਟਰ
ਡੀਨ ਭਾਸ਼ਾਵਾਂ ਡਾ. ਰਜਿੰਦਰ ਪਾਲ ਸਿੰਘ ਬਰਾੜ ਨੂੰ `ਪੰਜ ਸਾਲਾ ਏਕੀਕ੍ਰਿਤ ਕੋਰਸ (ਭਾਸ਼ਾਵਾਂ)’ ਦੇ ਕੋਆਰਡੀਨੇਟਰ ਦਾ ਚਾਰਜ ਦੇ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸ਼ਨ ਇਹ ਗੱਲ ਸਪੱਸ਼ਟ ਕਰਨਾ ਚਾਹੁੰਦਾ ਹੈ ਕਿ ਯੂਨੀਵਰਸਟੀ ਵਿਚੋਂ ਕਿਸੇ ਵਿਦਿਆਰਥੀ ਨੂੰ ਆਪਣਾ ਇਲਾਜ ਕਰਵਾਉਣ ਲਈ ਜਾਂ ਕਿਸੇ ਵੀ ਹੋਰ ਕੰਮ ਲਈ ਬਾਹਰ ਜਾਣ ਹਿਤ ਕਿਸੇ ਤਰ੍ਹਾਂ ਦੀ ਕੋਈ ਛੁੱਟੀ ਦੀ ਲੋੜ ਨਹੀਂ ਹੁੰਦੀ। ਵਿਦਿਆਰਥੀ ਸਿਰਫ਼ ਹੋਸਟਲ ਦੇ ਰਜਿਸਟਰ ਵਿਚ ਲਿਖ ਕੇ ਜਦੋਂ ਮਰਜ਼ੀ ਅਤੇ ਜਿੱਥੇ ਮਰਜ਼ੀ ਜਾ ਸਕਦਾ ਹੈ। ਇਸ ਕਰ ਕੇ ਇਹ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਕਿਸੇ ਵਿਦਿਆਰਥੀ ਦਾ ਇਲਾਜ ਇਸ ਲਈ ਨਾ ਕਰਵਾਇਆ ਜਾ ਸਕੇ ਕਿ ਉਸ ਨੂੰ ਛੁੱਟੀ ਨਹੀਂ ਦਿੱਤੀ ਗਈ। ਯੂਨੀਵਰਸਿਟੀ ਵਿਚ ਵਿਦਿਆਰਥੀਆਂ ਦੇ ਮੁਢਲੇ ਇਲਾਜ ਲਈ ਹੈਲਥ ਸੈਂਟਰ ਉਪਲਬਦ ਹੈ ਅਤੇ ਦੋ ਐਂਬੂਲੈਂਸਾਂ ਵੀ ਉਪਲਬਦ ਹਨ, ਤਾਂ ਜੋ ਗੰਭੀਰ ਕੇਸਾਂ ਨੂੰ ਹਸਪਤਾਲਾਂ ਵਿਚ ਭੇਜਿਆ ਜਾ ਸਕੇ। ਵਿਦਿਆਰਥੀਆਂ ਦੇ ਮੁਢਲੇ ਇਲਾਜ ਤੋਂ ਬਾਅਦ ਦੀ ਕਾਰਵਾਈ ਮਾਪਿਆਂ ਦੀ ਇਛਾ ਅਨੁਸਾਰ ਹੀ ਕੀਤੀ ਜਾਂਦੀ ਹੈ।
ਯੂਨੀਵਰਸਿਟੀ ਧਰਨੇ ਚ ਮ੍ਰਿਤਕ ਕੁੜੀ ਦੇ ਪਰਿਵਾਰ ਨਾਲ ਲੱਖਾ ਸਿਧਾਣਾ ਵੀ ਪੁੱਜਿਆ। ਇਸ ਮੌਕੇ ਲੱਖਾ ਸਿਧਾਣਾ ਨੇ ਕਿਹਾ ਕਿ ਸੂਬੇ ਦੇ ਪਿੰਡਾਂ ਸ਼ਹਿਰਾਂ ਦੇ ਨਾਲ ਹੁਣ ਗੰਦੀ ਰਾਜਨੀਤੀ ਵਿਦਿਅਕ ਅਦਾਰਿਆਂ ਤਕ ਪੁੱਜ ਗਈ ਹੈ। ਜਿਸ ਕਰਕੇ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਅਜਿਹੇ ਹਾਲਾਤ ਬਣ ਗਏ ਹਨ। ਲੱਖਾ ਸਿਧਾਣਾ ਨੇ ਕਿਹਾ ਕਿ ਇਕ ਨੌਜਵਾਨ ਧੀ ਦੀ ਮੌਤ ਹੋਈ ਹੈ ਜੋ ਭਵਿੱਖ ਦੀਆਂ ਕਈ ਆਸਾਂ ਲੈ ਕੇ ਪੰਜਾਬੀ ਯੂਨੀਵਰਸਿਟੀ ਵਿੱਚ ਆਈ ਸੀ। ਪਰਿਵਾਰ ਨੇ ਆਪਣੀ ਧੀ ਕਿਸ ਵੱਡੇ ਜੇਰੇ ਨਾਲ ਆਪਣੇ ਤੋਂ ਦੂਰ ਭੇਜੀ ਸੀ ।ਜੋ ਹਮੇਸ਼ਾ ਲਈ ਦੂਰ ਚਲੀ ਗਈ ਹੈ, ਇਕ ਪਰਿਵਾਰ ਵੀ ਬਰਬਾਦ ਹੋਇਆ ਹੈ। ਯੂਨੀਵਰਸਿਟੀ ਪ੍ਰਸ਼ਾਸਨ ਮਸਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ ਹੈ। ਲੱਖੇ ਨੇ ਕਿਹਾ ਕਿ ਉਹ ਜਸ਼ਨਦੀਪ ਦੇ ਪਰਿਵਾਰ ਨਾਲ ਖੜਾ ਹੈ ਅਤੇ ਇਨਸਾਫ਼ ਦੀ ਮੰਗ ਕਰਨ ਲਈ ਧਰਨੇ 'ਤੇ ਬੈਠੀਆਂ ਜਥੇਬੰਦੀਆਂ ਦਾ ਡਟ ਕੇ ਸਾਥ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਵੱਡੀ ਘਟਨਾ ਦਾ ਵਾਪਰਨਾ ਯੂਨੀਵਰਸਿਟੀ ਪ੍ਰਸ਼ਾਸਨ ਫੇਲ੍ਹ ਸਾਬਤ ਹੋਣ ਦਾ ਸਬੂਤ ਹੈ। ਤਾਲਮੇਲ ਦੀ ਘਾਟ ਤੇ ਤਾਨਾਸ਼ਾਹੀ ਵਤੀਰਾ ਯੂਨੀਵਰਸਿਟੀ 'ਤੇ ਵਿਦਿਆਰਥੀਆਂ ਦੇ ਭਵਿੱਖ ਲਈ ਖਤਰਾ ਹੈ।
ਪੰਜਾਬੀ ਯੂਨੀਵਰਸਟੀ ਦੀ ਵਿਦਿਆਰਥਣ ਦੀ ਮੌਤ 'ਤੇ ਗਿਆਨੀ ਹਰਪ੍ਰੀਤ ਸਿੰਘ ਵਲੋਂ ਵੀ ਵੀਡਿਓ ਜਾਰੀ ਕਰਕੇ ਸਰਕਾਰ ਪੱਧਰ ਤੇ ਮਾਮਲੇ ਦੀ ਜਾਂਚ ਕਰਵਾਉਣ ਲਈ ਕਿਹਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ "ਪੰਜਾਬ ਸਰਕਾਰ ਇਸ ਮਾਮਲੇ ਦੀ ਉੱਚ-ਪੱਧਰੀ ਤੇ ਨਿਰਪੱਖ ਜਾਂਚ ਕਰਵਾਵੇ ਅਤੇ ਦੋਸ਼ੀ ਅਧਿਆਪਕ ਖਿਲਾਫ਼ ਸਖ਼ਤ ਕਾਰਵਾਈ ਕਰੇ"।