ਲੰਬੀ : ਲੰਬੀ ਵਿਖੇ ਦਿੱਲੀ-ਫਾਜ਼ਲਿਕਾ ਨੈਸ਼ਨਲ ਹਾਈਵੇਅ ’ਤੇ ਇਕ ਕਾਰ ਦੀ ਲੱਕੜਾਂ ਨਾਲ ਭਰੀ ਟਰੈਕਟਰ ਟਰਾਲੀ ਨਾਲ ਪਿੱਛੋਂ ਟੱਕਰ ਹੋ ਗਈ। ਹਾਦਸੇ ’ਚ ਕਾਰ ’ਚ ਸਵਾਰ ਪਿਓ-ਪੁੱਤ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਜਦਕਿ ਇਕ ਵਿਅਕਤੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਮ੍ਰਿਤਕਾਂ ’ਚ ਪਿਓ-ਪੁੱਤ ਦਿੱਲੀ ਦੇ ਵਸਨੀਕ ਸਨ ਅਤੇ ਦੋ ਦੋਸਤ ਮਲੋਟ ਦੇ ਰਹਿਣ ਵਾਲੇ ਸਨ। ਹਾਦਸੇ ’ਚ ਕਾਰ ਦੇ ਪਰਖੱਚੇ ਉੱਡ ਗਏ। ਇਹ ਹਾਦਸਾ ਸ਼ਨਿਚਰਵਾਰ-ਐਤਵਾਰ ਦੀ ਦਰਮਿਆਨੀ ਰਾਤ ਕਰੀਬ 12:30 ਵਜੇ ਵਾਪਰਿਆ । ਜ਼ਖ਼ਮੀ ਨੂੰ ਪਹਿਲਾਂ ਗਿੱਦੜਬਾਹਾ ਦੇ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿੱਥੋਂ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਫ਼ਰੀਦਕੋਟ ਰੈਫਰ ਕਰ ਦਿੱਤਾ ਗਿਆ। ਹਾਦਸੇ ਦਾ ਸ਼ਿਕਾਰ ਵਿਅਕਤੀ ਦਿੱਲੀ ਤੋਂ ਪੁਰਾਣੀ ਕਾਰ ਖ਼ਰੀਦ ਕੇ ਦੇਰ ਰਾਤ ਮਲੋਟ ਪਰਤ ਰਹੇ ਸਨ। ਘਟਨਾ ਤੋਂ ਬਾਅਦ ਟਰੈਕਟਰ ਚਾਲਕ ਲੱਕੜਾਂ ਨਾਲ ਭਰੀ ਟਰਾਲੀ ਉੱਥੇ ਹੀ ਛੱਡ ਕੇ ਟਰੈਕਟਰ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ।
ਜਾਣਕਾਰੀ ਅਨੁਸਾਰ ਪੰਜ ਵਿਅਕਤੀ ਆਪਣੀ ਰਿਟਜ਼ ਕਾਰ ਨੰਬਰ ਡੀਐਲ-ਸੀਪੀ 6662 ’ਚ ਦਿੱਲੀ ਤੋਂ ਮਲੋਟ ਆ ਰਹੇ ਸਨ। ਸ਼ਨਿਚਰਵਾਰ-ਐਤਵਾਰ ਦੀ ਰਾਤ ਕਰੀਬ 12.30 ਵਜੇ ਜਦੋਂ ਉਹ ਲੰਬੀ ਤਹਿਸੀਲ ਨੇੜੇ ਦਿੱਲੀ-ਫਾਜ਼ਲਿਕਾ ਨੈਸ਼ਨਲ ਹਾਈਵੇ ’ਤੇ ਪੁੱਜੇ ਤਾਂ ਉਨ੍ਹਾਂ ਦੀ ਕਾਰ ਲੱਕੜਾਂ ਨਾਲ ਭਰੀ ਟਰਾਲੀ ਨਾਲ ਪਿੱਛਿਓਂ ਜਾ ਟਕਰਾਈ। ਇਸ ਹਾਦਸੇ ’ਚ ਨੀਤੂ (45) ਪੁੱਤਰ ਬਿੱਲੂ, ਹਰਬੀਰ ਸਿੰਘ (52) ਪੁੱਤਰ ਰਾਮ ਦੇਵ ਵਾਸੀ ਮਲੋਟ ਤੇ ਦਿੱਲੀ ਵਾਸੀ ਅਰਵਿੰਦ (32) ਅਤੇ ਉਸ ਦੇ ਸੱਤ ਸਾਲਾ ਪੁੱਤਰ ਆਰਵ ਦੀ ਮੌਤ ਹੋ ਗਈ। ਜਦਕਿ ਦਿੱਲੀ ਵਾਸੀ ਮਦਨ ਲਾਲ ਗੰਭੀਰ ਜ਼ਖ਼ਮੀ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਲੰਬੀ ਦੇ ਪੁਲਿਸ ਅਧਿਕਾਰੀ ਮੌਕੇ ’ਤੇ ਪੁੱਜ ਗਏ। ਕਾਫੀ ਮੁਸ਼ੱਕਤ ਤੋਂ ਬਾਅਦ ਲਾਸ਼ਾਂ ਨੂੰ ਕਾਰ ’ਚੋਂ ਬਾਹਰ ਕੱਢਿਆ ਗਿਆ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਗਿੱਦੜਬਾਹਾ ਭੇਜ ਦਿੱਤਾ ਹੈ। ਜ਼ਖ਼ਮੀ ਮਦਨ ਲਾਲ ਨੂੰ ਫ਼ਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ। ਲੰਬੀ ਥਾਣੇ ਦੇ ਇੰਚਾਰਜ ਮਨਿੰਦਰ ਸਿੰਘ ਨੇ ਕਿਹਾ ਕਿ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।