Thursday, October 21, 2021
24 Punjabi News World
Mobile No: + 31 6 39 55 2600
Email id: hssandhu8@gmail.com

Article

ਮਾਂ - ਅੰਮ੍ਰਿਤ ਕੌਰ

October 09, 2021 11:39 PM
ਮਾਂ 
ਕਈ ਵਾਰ ਮਾਂ ਦੀ ਫੋਟੋ ਸਾਹਮਣੇ ਆਉਂਦੀ ਤਾਂ ਉਸ ਨੂੰ ਡੋਬ ਜਿਹਾ ਪੈ ਜਾਂਦਾ... ਦੇਖੀ ਨਹੀਂ ਸੀ ਜਾਂਦੀ...' ਮਾਂ ਹੁਣ ਤੂੰ ਕਦੇ ਨਹੀਂ ਮਿਲਣਾ 'ਇਹ ਸੋਚ ਕੇ ਹੌਲ ਜਿਹੇ ਪੈਣ ਲੱਗਦੇ । ਅੰਦਰੋਂ ਖਾਲੀ ਖਾਲੀ ਜਿਹਾ ਲੱਗਣ ਲੱਗ ਪੈਂਦਾ ਜਿਵੇਂ ਕਿਸੇ ਨੇ ਰੁੱਗ ਭਰ ਕੇ ਕੁੱਝ ਕੱਢ ਲਿਆ ਹੋਵੇ। ਸੋਚਾਂ ਦੇ ਵਹਿਣਾਂ ਵਿੱਚ ਗੁਆਚ ਜਾਂਦੀ ਜਦੋਂ ਨਿੱਕੇ ਨਿੱਕੇ ਹੁੰਦੇ ਬਿਮਾਰ ਹੋ ਜਾਂਦੇ ਤਾਂ ਮਾਂ ਨੇ ਝੋਲ਼ੀ ਵਿੱਚ ਪਾ ਲੈਣਾ ਹੌਲੀ ਹੌਲੀ ਸਿਰ ਦੱਬਦੇ ਰਹਿਣਾ। ਜਦੋਂ ਵੀ ਉਹ ਬਿਮਾਰ ਹੁੰਦੀ ਤਾਂ ਸਿਰ ਜਰੂਰ ਦੁੱਖਦਾ ਸੀ। ਪਿੰਡ ਦੀ ਕੋਈ ਸਿਆਣੀ ਬਜ਼ੁਰਗ ਔਰਤ ਮਾਂ ਨੂੰ ਮੰਗਲਵਾਰ ਵਾਲੇ ਦਿਨ ਮੰਨੀ (ਮੋਟੀ ਮਿੱਠੀ ਰੋਟੀ) ਲਾਉਣ ਨੂੰ ਆਖ ਦਿੰਦੀ। ਮਾਂ ਮੰਗਲਵਾਰ ਨੂੰ ਮੰਨੀ ਲਾ ਦਿੰਦੀ।ਅੱਗ ਤੇ ਘਿਉ ਪਾ ਕੇ ਮੱਥਾ ਟੇਕ ਕੇ ਸਾਰਿਆਂ ਨੂੰ ਵੰਡ ਦਿੰਦੀ। ਕਹਿੰਦੇ ਸਿਰ ਦੁਖਣੋਂ ਹਟ ਜਾਂਦਾ। ਪਰ ਉਸ ਦਾ ਸਿਰ ਤਾਂ ਹੁਣ ਵੀ ਦੁਖਦਾ ਸੀ। ਫਰਕ ਸਿਰਫ਼ ਐਨਾ ਸੀ ਕਿ ਹੁਣ ਕਿਸੇ ਪੋਲਾ ਪੋਲਾ ਦੱਬਿਆ ਨਹੀਂ। ਹਾਂ, ਪਾਣੀ ਦਾ ਗਲਾਸ ਤੇ ਸਿਰ ਦਰਦ ਦੀ ਗੋਲੀ ਜਰੂਰ ਮਿਲ ਜਾਂਦੀ ਐ। ਸਿਰ ਹਟੇ ਨਾ ਹਟੇ ਉੱਠ ਕੇ ਕੰਮ ਜਰੂਰ ਕਰਨੇ ਹੁੰਦੇ ਨੇ। 
   ਬਸ ਇਹੀ ਤਾਂ ਸਮਾਂ ਹੁੰਦਾ ਮਾਂ ਨਾਲ ਮਿਲਣ ਦਾ... ਗੱਲਾਂ ਕਰਨ ਦਾ... ਜਦੋਂ ਸਿਰ ਦੁਖਦਾ। ਅੱਜ ਵੀ ਉਸ ਦਾ ਸਿਰ ਦਰਦ ਕਰ ਰਿਹਾ ਸੀ। ਮਾਂ ਨਾਲ ਗੱਲਾਂ ਬਾਤਾਂ ਫਿਰ ਸ਼ੁਰੂ ਹੋ ਗੲੀਆਂ। 'ਮਾਂ! ਤੈਨੂੰ ਪਤਾ ਜਿੱਦਣ ਤੂੰ ਮੁੱਕੀ ਸੀ। ਮੈਨੂੰ ਛੋਟੀ ਦਾ ਫੋਨ ਆਇਆ ਸੀ ਕਿ ਮਾਂ ਬਹੁਤ ਬਿਮਾਰ ਐ ਤੁਹਾਡੇ ਸ਼ਹਿਰ ਲੈ ਕੇ ਆ ਰਹੇ ਨੇ। ਮੂਹਰੇ ਆ ਜਾਣਾ। ਮੀਂਹ ਹਨੇਰੀ ਵੀ ਬਹੁਤ ਸੀ। ਬੀ ਜੀ ਸਾਡੇ ਰਾਤ ਨੂੰ ਕਿਧਰੇ ਜਾਣ ਨਹੀਂ ਦਿੰਦੇ ਆਪਣੇ ਪੁੱਤ ਨੂੰ....। ਤੈਨੂੰ ਤਾਂ ਪਤੈ ਮੈਂ ਤੇਰੇ ਘਰ ਹੀ ਸ਼ਰਾਰਤਾਂ ਕੀਤੀਆਂ... ਜਦੋਂ ਇੱਥੋਂ ਤੁਰ ਗਈ..... ਨਾ ਸ਼ਰਾਰਤਾਂ ਸੁੱਝੀਆਂ, ਨਾ ਕਿਤੇ ਆਪਣੀ ਗੱਲ ਮੰਨਵਾਉਣ ਦੀ ਜ਼ਿੱਦ ਕੀਤੀ। ਬੀ ਜੀ ਨੂੰ ਕਹਿਣ ਦੀ ਹਿੰਮਤ 'ਕੱਠੀ ਕਰ ਰਹੀ ਸੀ ਅਜੇ। ਫਿਰ ਸੋਚਿਆ ਪੁੱਛ ਲਵਾਂ ਕਿਹੜੇ ਹਸਪਤਾਲ ਆਉਣਾ ਤੁਸੀਂ। ਮੈਂ ਛੋਟੀ ਨੂੰ ਫੋਨ ਲਾਇਆ ਭਾ ਜੀ ਨੇ ਚੁੱਕਿਆ । ਉਹਨਾਂ ਆਖਿਆ,  " ਮਾਂ ਨੂੰ ਵਾਪਸ ਘਰ ਲੈ ਗਏ।" 
"ਕਿਉਂ?  ਐਨੀ ਛੇਤੀ ਕਿਉਂ.... ਰਾਤ ਨੂੰ ਜੇ ਘਰ ਜਾ ਕੇ ਬਾਹਲੇ ਔਖੇ ਹੋ ਗਏ?" ਮੈਂ ਘਬਰਾ ਕੇ ਕਿਹਾ। 
" ਨਾ ਭੈਣੇ ਹੁਣ ਨਹੀਂ ਔਖੇ ਹੁੰਦੇ ....।"ਉਸ ਦੀ ਆਵਾਜ਼ ਦੱਬ ਗਈ ਸੀ । ਮੈਂ ਸਮਝਦਿਆਂ ਹੋਇਆਂ ਵੀ ਨਾਸਮਝ ਬਣੀ ਹੋਈ ਸੀ ਭੈਣ ਨਾਲ ਗੱਲ ਕਰਾਉਣ ਨੂੰ ਆਖਿਆ ਤਾਂ ਉਸ ਦੀ ਆਵਾਜ਼ ਸੀ 'ਇਹਨੂੰ ਨਾ ਦੱਸ ਦਿਓ ਕਿਤੇ... ਸਵੇਰੇ ਦੱਸ ਦੇਣਾ । ਰਾਤ ਕਿਵੇਂ ਲੰਘੂ ਇਹਦੀ।' ਐਨੀ ਅਣਜਾਣ ਤਾਂ ਨਹੀਂ ਸੀ ਸਮਝ ਗਈ ਕਿ ਛਾਂ ਤੁਰ ਗਈ।  ਪਰ ਫਿਰ ਵੀ ਲੱਗਿਆ ਇਸ ਤਰ੍ਹਾਂ ਕਿਵੇਂ ਹੋ ਸਕਦੈ ਨਾ ਬਿਮਾਰ ਦਾ ਪਤਾ ਲੱਗਿਆ, ਨਾ ਕਦੇ ਕੋਈ ਤਕਲੀਫ਼ ਸੁਣੀ। ਫਿਰ ਛੋਟੀ ਨੂੰ ਫੋਨ ਲਾ ਲਿਆ ਉਹ ਫਿਰ ਭਾ ਜੀ ਨੇ ਚੁੱਕਿਆ। ਉਹਨਾਂ ਦੀ ਭੁੱਬ ਨਿਕਲ ਗਈ ਉਸ ਨੇ ਕਿਹਾ, "ਭੈਣੇ ਮਾਂ ਨਹੀਂ ਰਹੀ, ਉਹਨੂੰ ਇਸ ਲਈ ਘਰ ਵਾਪਸ ਲੈ ਗਏ।" ਥੋੜ੍ਹਾ ਸਮਾਂ ਤਾਂ ਕੁੱਝ ਨਹੀਂ ਸਮਝ ਆਇਆ। ਫਿਰ ਜਿਵੇਂ ਕਾਲਜੇ ਵਿੱਚ ਡੋਈ ਜਿਹੀ ਫਿਰ ਗਈ ਨਾੜੂਏ ਦੀ ਸਾਂਝ ਜੁ ਸੀ ਤੇਰੇ ਨਾਲ। ਸਾਰੇ ਸਰੀਰ ਦਾ ਸਤ ਜਿਹਾ ਨਿਕਲ ਗਿਆ। ਮੈਨੂੰ ਲੱਗਿਆ ਜਿਵੇਂ ਤੂੰ ਮੇਰੇ ਸਾਰੇ ਅੰਗਾਂ ਵਿੱਚ ਵਸਦੀ ਸੀ ਹੱਥ, ਪੈਰ, ਅੱਖਾਂ, ਦਿਲ, ਦਿਮਾਗ਼ ਸਭ ਕਿਤੇ। ਤਾਂ ਹੀ ਜਦੋਂ ਜਹਾਨੋਂ ਚਲੀ ਗਈ ਹੱਥਾਂ ਪੈਰਾਂ ਦੀ ਜਾਨ ਨਿਕਲ ਗਈ ਸੀ ਦਿਲ ਖਾਲੀ ਜਿਹਾ ਹੋ ਗਿਆ ਤੇ ਦਿਮਾਗ ਸੁੰਨ। ਸਰੀਰ ਬੇਜਾਨ ਜਿਹਾ ਹੋ ਗਿਆ। ਤੈਨੂੰ ਇੱਕ ਗੱਲ ਹੋਰ ਦੱਸਾਂ ਉਸ ਦਿਨ ਮੈਨੂੰ ਪਹਿਲੀ ਵਾਰ ਮਹਿਸੂਸ ਹੋਇਆ ਕਿ ਤੇਰਾ ਜੁਆਈ ਮੇਰਾ ਕਿੰਨਾ ਫ਼ਿਕਰ ਕਰਦਾ। ਅੱਗੇ ਤਾਂ ਇਹੀ ਲੱਗਦਾ ਹੁੰਦਾ ਸੀ ਕਿ ਰੁੱਖਾ ਜਿਹਾ ਬੰਦਾ ਇਹਨੂੰ ਮੇਰੀ ਫਿਕਰ ਤਾਂ ਕਦੇ ਵੀ ਨਹੀਂ ਹੋ ਸਕਦੀ। ਪਰ ਉਸ ਰਾਤ ਮੈਂ ਸਾਰੀ ਰਾਤ ਤੁਰੀ ਰਹੀ ਤੇ ਸੁੱਤਾ ਉਹ ਵੀ ਨਹੀਂ ਮੈਂ ਰਾਤ ਨੂੰ ਬਾਰਾਂ ਕੁ ਵਜੇ ਛੱਤ ਤੇ ਚਲੀ ਗਈ।ਮੇਰਾ ਦਿਲ ਕਰਦਾ ਸੀ ਤੇਰੇ ਨਿਰਜਿੰਦ ਸਰੀਰ ਨੂੰ ਦੇਖਣ ਤੋਂ ਪਹਿਲਾਂ ਮੈਂ ਕਿਤੇ ਅਸਮਾਨ ਵਿੱਚ ਗੁਆਚ ਜਾਵਾਂ। ਬਥੇਰਾ ਅੱਖਾਂ ਬੰਦ ਕਰਕੇ ਸੋਚਾਂ ਕਿ ਅਸਮਾਨੀ ਉਡਾਰੀ ਲੱਗ ਜਾਵੇ ਪਰ ਫਿਰ ਅਜਿਹਾ ਕੁਝ ਨਹੀਂ ਹੋਇਆ। ਮੈਂ ਹੇਠਾਂ ਆਈ  ਤਾਂ ਉਹ ਪੌੜੀਆਂ ਵਿੱਚ ਖੜ੍ਹਾ ਸੀ।  
    ਸਾਰੀ ਰਾਤ ਤੇਰੀ ਇੱਕੋ ਗੱਲ ਯਾਦ ਆਉਂਦੀ ਰਹੀ, "ਤੇਰਾ ਪੁੱਤ ਕਦੇ ਨੀ ਜੀਅ ਕਰਦਾ ਪਿੰਡ ਆਉਣ ਨੂੰ।" ਉਦੋਂ ਮੈਂ ਹੱਸ ਕੇ ਤੈਨੂੰ 'ਨਾਂਹ' ਆਖ ਦਿਆ ਕਰਦੀ ਸੀ। ਪਰ ਕੀਹਦਾ ਨਹੀਂ ਜੀਅ ਕਰਦਾ ਹੁੰਦਾ ਪੇਕੇ ਜਾਣ ਨੂੰ। ਕੀਹਦਾ ਨਹੀਂ ਜੀਅ ਕਰਦਾ ਹੁੰਦਾ ਪੱਕੀ ਪਕਾਈ ਰੋਟੀ ਖਾਣ ਨੂੰ ਜਦੋਂ ਕੋਈ ਥਾਲੀ ਵਿੱਚ ਪਾ ਕੇ ਪਿਆਰ ਨਾਲ ਫੜਾਵੇ। ਪਰ ਮਾਂ ਘਰ ਵਿੱਚ ਬਣੀਆਂ ਕੰਧਾਂ ਦੇਖਣੀਆਂ ਔਖੀਆਂ ਹੁੰਦੀਆਂ ਨੇ ਧੀਆਂ ਲਈ। ਭਰਾ ਭਾਵੇਂ ਗਰੀਬ ਹੋਵੇ ਭਾਵੇਂ ਅਮੀਰ ਭੈਣਾਂ ਨੂੰ ਸਭ ਪਿਆਰੇ ਹੁੰਦੇ ਨੇ। ਤੈਨੂੰ ਸੱਚ ਦੱਸਾਂ ਇੱਕ ਸਭ ਤੋਂ ਵੱਡਾ ਕਾਰਨ ਹੋਰ ਵੀ ਸੀ ਪਿੰਡ ਨਾ ਆਉਣ ਦਾ। ਸਾਡੇ ਬੀ ਜੀ ਨੂੰ ਮਾੜੀ ਮੋਟੀ ਢਿੱਲ ਮੱਠ ਤਾਂ ਰਹਿੰਦੀ ਐ ਹਮੇਸ਼ਾ। ਜੇ ਮੈਂ ਉਹਨਾਂ ਨੂੰ ਛੱਡ ਕੇ ਆਉਂਦੀ ਉਹ ਵਹਿਮ ਕਰਦੇ ਨੇ ਕਿ ਮੈਂ ਉਹਨਾਂ ਦਾ ਖਿਆਲ ਨਹੀਂ ਰੱਖਦੀ। ਬੱਸ ਇਹੀ ਗੱਲ ਮੈਨੂੰ ਘਰੋਂ ਨਿਕਲਣ ਨਹੀਂ ਸੀ ਦਿੰਦੀ। 
     ਜਦੋਂ ਤੂੰ ਲਾਸ਼ ਬਣੀ ਪਈ ਸੀ ਮੈਂ ਤੇਰਾ ਹੱਥ ਫੜ ਕੇ ਕਿੰਨੀ ਦੇਰ ਤੇਰੇ ਮੰਜੇ ਨਾਲ ਸਿਰ ਲਾਈ ਬੈਠੀ ਰਹੀ ਕਿਸੇ ਨੇ ਮੇਰੇ ਸਿਰ ਤੇ ਹੱਥ ਨਹੀਂ ਸੀ ਰੱਖਿਆ। ਜਦੋਂ ਬਾਪੂ ਜੀ ਗਏ ਸਨ ਉਦੋਂ ਜੇ ਅਸੀਂ ਰੋਂਦੀਆਂ ਤੂੰ ਸਾਨੂੰ ਆਪਣੀ ਸਹੁੰ ਖਵਾ ਦਿੰਦੀ,  ਤੂੰ ਥੋੜ੍ਹਾ ਝਿੜਕ ਕੇ ਆਖਿਆ ਕਰਦੀ, "ਥੋਨੂੰ ਮੇਰੀ ਸਹੁੰ ਲੱਗੇ ਜੇ ਹੁਣ ਰੋਈਆਂ ਤਾਂ।" ਆਖ ਕੇ ਕਾਲਜੇ ਨਾਲ ਘੁੱਟ ਲਿਆ ਕਰਦੀ ਸੀ ਅਤੇ ਅਸੀਂ ਆਪਣੀ ਭੁੱਬ ਨੂੰ ਬੁੱਲ੍ਹਾਂ ਅੰਦਰ ਈ ਘੁੱਟ ਲਿਆ ਕਰਦੀਆਂ ਸੀ। ਪਰ ਹੁਣ ਕਿਸੇ ਨੇ ਸਹੁੰ ਨਹੀਂ ਖਵਾਈ ਅਤੇ ਨਾ ਹੀ ਸੀਨੇ ਨਾਲ ਲਾਇਆ। ਆਪੇ ਰੋਈਆਂ ਤੇ ਆਪੇ ਚੁੱਪ ਕਰ ਗਈਆਂ। ਪਿੰਡ ਵਾਲਿਆਂ ਨੂੰ ਸਾਰਿਆਂ ਨੂੰ ਇਹ ਸੀ ਕਿ ਅਸੀਂ ਪਿੰਡ ਨਹੀਂ ਆਉਂਦੀਆਂ। ਪਰ ਉਹਨਾਂ ਨੂੰ ਕੀ ਪਤਾ ਸੀ ਕਿ ਤੇਰੇ ਜਿਉਂਦੇ ਹੋਣ ਦਾ ਅਹਿਸਾਸ ਹੀ ਸਾਨੂੰ ਚੁੱਕੀ ਫਿਰਦਾ ਸੀ। ਭਾਵੇਂ ਕਿੰਨੀ ਮਰਜ਼ੀ ਦੂਰ ਸੀ ਅੰਦਰੋਂ ਜੁੜੇ ਸੀ। ਉਹਨਾਂ ਭਾਣੇ ਪੱਥਰ ਦਿਲ ਧੀਆਂ ਪੇਕੇ ਨਹੀਂ ਆਉਂਦੀਆਂ ਪਰ ਉਹਨਾਂ ਨੂੰ ਕੀ ਪਤਾ ਸੀ ਕਿੰਨੀਆਂ ਮਜਬੂਰੀਆਂ ਹੁੰਦੀਆਂ ਨੇ ਪੇਕੇ ਘੱਟ ਜਾਣ ਵਾਲੀਆਂ ਧੀਆਂ ਦੀਆਂ। 
    ਯਾਦ ਐ ਤੈਨੂੰ ?  ਜਦੋਂ ਰਿਸ਼ਤਾ ਕੀਤਾ ਸੀ ਤਾਂ ਇਹ ਦੇਖ ਕੇ ਕੀਤਾ ਸੀ ਕਿ ਕੁੜੀਆਂ ਵਿਆਹੀਆਂ ਨੇ ਜੇਠ ਜਠਾਣੀ ਅੱਡ ਨੇ ਕੁੜੀ ਰਾਜ ਕਰੂ..... ਮੌਜ ਕਰੂ। ਕਦੇ ਇਹ ਨਹੀਂ ਸੋਚਿਆ ਕਿ ਪਰਿਵਾਰ ਵਿੱਚ ਜੇ ਤੁਹਾਡੀ ਧੀ ਈ ਕੰਮ ਕਰਨ ਵਾਲੀ ਹੋਊ ਤਾਂ ਉਹ ਕਿਵੇਂ ਰਾਜ ਕਰੂ ਕਿਵੇਂ ਮੌਜ ਕਰੂ। ਕੰਮ ਧੰਦੇ ਵੀ ਤਾਂ 'ਕੱਲੀ ਨੂੰ ਹੀ ਕਰਨੇ ਪੈਣਗੇ।  ਤੁਹਾਡੇ ਖਿਆਲਾਂ ਵਿੱਚ ਸੋਚਿਆ ਰਾਜ ਤਾਂ  ਮੈਨੂੰ ਅਜੇ ਤੱਕ ਪਤਾ ਨਹੀਂ ਲੱਗਿਆ । ਪੇਕੇ ਘੱਟ ਜਾਣ ਦਾ ਕਾਰਨ ਵੀ ਤੁਹਾਡਾ ਰਾਜ ਕਰੂ ਵਾਲਾ ਵਹਿਮ ਈ ਸੀ। ਜੇ ਅਸੀਂ ਇਕੱਠੇ ਹੁੰਦੇ ਤਾਂ ਪਿੱਛੋਂ ਬੀ ਜੀ ਦਾ ਫ਼ਿਕਰ ਨਹੀਂ ਸੀ ਰਿਹਾ ਕਰਨਾ..... ਨਾ ਹੀ ਸੁਣਨਾ ਪੈਣਾ ਸੀ ਕਿ ਬਿਮਾਰ ਨੂੰ ਛੱਡ ਕੇ ਤੁਰ ਜਾਂਦੀ ਐ। 
    ਇੱਕ ਹੋਰ ਗੱਲ ਆਖਾਂ ਅਸੀਂ ਸ਼ਹਿਰ ਵਿੱਚ ਆ ਗਏ ਤਾਂ ਇੱਥੇ ਵੀ ਕੋਈ ਰੋਂਦੇ ਨੂੰ ਚੁੱਪ ਕਰਾਉਣ ਵਾਲਾ ਨਹੀਂ ਹੁੰਦਾ। ਹਰ ਕੋਈ ਆਪਣੇ ਦੁੱਖ ਅੰਦਰ ਵੜ ਕੇ ਈ ਰੋਂਦੈ ਤੇ ਅੱਖਾਂ ਪੂੰਝ ਕੇ ਬਾਹਰ ਆ ਜਾਂਦਾ। ਪਿੰਡਾਂ ਵਿੱਚ ਹੁੰਦੈ...... ਮੁੱਕ ਚੁੱਕਿਆਂ ਦੇ ਪਰਿਵਾਰ ਵਾਲਿਆਂ ਨੂੰ ਲੋਕ ਧੱਕੇ ਨਾਲ ਰੋਟੀ ਖਵਾਉਂਦੇ ਨੇ । ਜਦੋਂ ਕੋਈ ਆਪਣਾ ਮੁੱਕ ਜਾਂਦਾ ਕੁੱਝ ਸਮਾਂ ਇਹੋ ਜਿਹਾ ਹੁੰਦਾ ਕਿ ਬੁਰਕੀ ਮੂੰਹ ਵਿੱਚ ਫੁੱਲ ਜਾਂਦੀ ਐ ਖਾਣ ਨੂੰ ਦਿਲ ਨਹੀਂ ਕਰਦਾ ਪਰ ਇਹ ਲੋਕ ਸਹੁੰਆਂ ਖਵਾ ਕੇ ਮਰਨ ਵਾਲੇ ਦੀ ਆਤਮਾ ਨੂੰ ਸ਼ਾਂਤੀ ਦਾ ਵਾਸਤਾ ਦੇ ਕੇ ਓਦਾਂ ਖਵਾਉਂਦੇ ਹੁੰਦੇ ਐ ਜਿਵੇਂ ਪੰਛੀਆਂ ਨੂੰ ਚੋਗਾ । ਕਹਿੰਦੇ ਨੇ ਖਾਲੀ ਪੇਟ ਰਹਿਣ ਨਾਲ ਗਰਮੀਆਂ ਵਿੱਚ ਅੰਦਰ ਗਰਮੀ ਭਰ ਜਾਂਦੀ ਐ ਅਤੇ ਸਰਦੀਆਂ ਵਿੱਚ ਵੀ ਸਰੀਰ ਤੇ ਬੁਰਾ ਅਸਰ ਹੁੰਦਾ ਐ। ਇਸ ਲਈ ਗਮਗੀਨ ਪਰਿਵਾਰ ਨੂੰ ਥੋੜ੍ਹਾ ਥੋੜ੍ਹਾ ਖਵਾਉਂਦੇ ਅਤੇ ਪਾਣੀ ਪਿਆਉਂਦੇ ਰਹਿਣਾ ਚਾਹੀਦਾ। ਪਰ ਸ਼ਹਿਰਾਂ ਵਿੱਚ ਤਾਂ ਜਦੋਂ ਸਰੀਰ ਕੰਮ ਕਰਨੋਂ ਜਵਾਬ ਦੇਣ ਲੱਗਦਾ ਆਪੇ ਬੰਦੇ ਨੂੰ ਉੱਠ ਕੇ ਕੰਮ ਵੀ ਕਰਨਾ ਪੈਂਦਾ ਹੈ ਤੇ ਖਾਣ ਨੂੰ ਵੀ ਮੰਗਦਾ ਸਰੀਰ। ਦੁਨੀਆਂ ਨੇ ਤਾਂ ਚੱਲਦੇ ਹੀ ਰਹਿਣਾ ਹੁੰਦੈ। ਪਿੰਡ ਤਾਂ ਜਦੋਂ ਸਾਡੇ ਬਾਪੂ ਜੀ (ਸਹੁਰਾ ਸਾਬ੍ਹ) ਮੁੱਕੇ ਸਨ ਤਾਂ ਕਦੋਂ ਸ਼ਰੀਕੇ ਕਬੀਲੇ ਵਾਲਿਆਂ ਨੇ ਆ ਕੇ ਘਰ ਦੇ ਸਾਰੇ ਕੰਮ ਸੰਭਾਲ ਲਏ ਸਨ ਸਾਨੂੰ ਪਤਾ ਵੀ ਨਹੀਂ ਸੀ ਲੱਗਿਆ।
  ਤੈਨੂੰ ਪਤੈ..? ਜਿਸ ਦਿਨ ਤੇਰੇ ਫੁੱਲ ਚੁਗਣੇ ਸੀ ਜਦੋਂ ਮੈਂ ਸਵੇਰ ਦੀ ਰੋਟੀ ਬਣਾ ਰਹੀ ਸੀ ਤਾਂ ਮੇਰੀਆਂ ਅੱਖਾਂ ਪਰਲ ਪਰਲ ਵਹਿ ਰਹੀਆਂ ਸਨ। ਅੱਥਰੂ ਰੁਕਣ ਦਾ ਨਾਂ ਨਹੀਂ ਸਨ ਲੈ ਰਹੇ। ਸੋਚ ਰਹੀ ਸੀ ਮਾਂ ਤੂੰ ਤੁਰ ਵੀ ਗਈ ਪਰ ਸਾਨੂੰ ਤੇਰੀਆਂ ਗੱਲਾਂ ਕਰਨ ਦਾ ਵੀ ਵਿਹਲ ਨਹੀਂ। ਆਮ ਕਰਕੇ ਲੋਕ ਕਹਿ ਦਿੰਦੇ ਨੇ ਕਿ ਰਿਸ਼ਤੇਦਾਰੀ ਵਿੱਚ ਜਾਣ ਦੀ ਸਾਨੂੰ ਵਿਹਲ ਨਹੀਂ ਲੱਗਦੀ ਪਰ ਜਦੋਂ ਕੋਈ ਮੁੱਕ ਜਾਂਦੈ ਤਾਂ ਸਾਰੇ ਕੰਮ ਧੰਦੇ ਛੱਡ ਛਡਾ ਕੇ ਦੁਨੀਆਂਦਾਰੀ ਨਿਭਾਉਣ ਤੁਰ ਪੈਨੇ ਆਂ। ਪਰ ਐਨੀ ਹਿੰਮਤ ਨਹੀਂ ਕਰ ਸਕਦੇ ਕਿ ਕੰਮ ਛੱਡ ਕੇ ਕਿਸੇ ਰਿਸ਼ਤੇਦਾਰ ਭੈਣ ਭਾਈ ਨੂੰ ਉਹਦੇ ਜੀਉਂਦੇ ਜੀਅ ਮਿਲਣ ਚਲੇ ਜਾਈਏ। 
     ਕਦੇ ਕਦੇ ਸੋਚੀਦੈ ਕਿ ਆਲੇ ਦੁਆਲੇ ਵਾਲੇ ਰਿਸ਼ਤਿਆਂ ਨੂੰ ਖੁਸ਼ ਕਰਦੇ ਕਰਦੇ ਆਪਣੇ ਆਪ ਨੂੰ ਖੁਸ਼ ਕਰਨਾ ਭੁੱਲ ਹੀ ਗਏ। ਪਰ ਇੱਕ ਗੱਲ ਐ ਜਿਹੜਾ ਬੰਦਾ ਤੁਹਾਡੀ ਹਰ ਗੱਲ ਦਾ ਮਤਲਬ ਪੁੱਠਾ ਕੱਢਦਾ ਹੋਵੇ ਉਸ ਦੇ ਭਾਵੇਂ ਸਾਰੀ ਉਮਰ ਪੈਰਾਂ ਹੇਠ ਹੱਥ ਦੇ ਕੇ ਰੱਖੋ ਉਹਨੇ ਤਾਂ ਵੀ ਖੁਸ਼ ਨਹੀਂ ਹੋਣਾ ਹੁੰਦਾ। ਬਸ ਮੈਂ ਵੀ ਇਸੇ ਕੋਸ਼ਿਸ਼ ਵਿੱਚ ਪੰਦਰਾਂ ਵੀਹ ਸਾਲ ਲੰਘਾ ਲਏ ਹੁਣ ਐਂ ਲੱਗਦਾ ਢਾਈ ਦਿਨ ਦੀ ਜ਼ਿੰਦਗੀ ਐ ਕਾਹਦੇ ਲਈ ਆਪਣੀ ਮਰਜ਼ੀ ਕਰਕੇ ਕਿਸੇ ਦਾ ਦਿਲ ਦੁਖਾਉਣੈ। 
     ਮਾਂ! ਮੈਨੂੰ ਅੱਜ ਵੀ ਯਾਦ ਐ..... ਇੱਕ ਵਾਰੀ ਆਪਾਂ ਕਿਸੇ ਰਿਸ਼ਤੇਦਾਰੀ ਵਿੱਚ ਵਿਆਹ ਤੇ 'ਕੱਠੇ ਹੋਏ ਸੀ ਸਾਰੇ ਰਿਸ਼ਤੇਦਾਰਾਂ ਦੇਖਿਆ ਕਿ ਸੂਟ ਦਾ ਰੰਗ ਬੜਾ ਫੱਬਦੈ। ਪਰ ਜਦੋਂ ਸਾਰੇ ਇਧਰ ਉਧਰ ਹੋ ਗਏ। ਤੂੰ ਮੇਰੇ ਕੋਲ ਬੈਠ ਕੇ ਪੁੱਛਿਆ ਸੀ, "ਤੂੰ ਠੀਕ ਐਂ ਪੁੱਤ? " ਮੈਂ ਕਿਹਾ, "ਹਾਂ ਬਿਲਕੁੱਲ ਤੰਦਰੁਸਤ ਆਂ ਮੈਂ।" ਤੂੰ ਫਿਰ ਪੁੱਛਿਆ, "ਬਾਕੀ ਸਾਰਾ ਪਰਿਵਾਰ ਕਿਵੇਂ ਐ?" ਮੈਂ ਕਿਹਾ, "ਸਭ ਠੀਕ ਨੇ।" ਤੂੰ ਫਿਰ ਪੁੱਛਿਆ, " ਰਾਤ ਨੂੰ ਨੀਂਦ ਆਉਂਦੀ ਕਿ ਨਹੀਂ? " ਮੈਂ ਕਮਲ਼ਿਆਂ ਦੀ ਤਰ੍ਹਾਂ ਹੱਸਣ ਲੱਗੀ । ਫਿਰ ਤੂੰ ਥੋੜ੍ਹਾ ਗੁੱਸੇ ਨਾਲ ਕਿਹਾ, " ਨਹੀਂ ਦੱਸਣਾ ਨਾ ਦੱਸ ਪੁੱਤ.. ਤੇਰੀਆਂ ਅੱਖਾਂ ਦੱਸ ਰਹੀਆਂ ਨੇ। ਕਾਲੀਆਂ ਹੋਈਆਂ ਪਈਆਂ ਨੇ ਹੇਠੋਂ।"   ਸੱਚੀ ਉਹਨਾਂ ਦਿਨਾਂ ਵਿੱਚ ਬਹੁਤ ਸਮੱਸਿਆ ਵਿੱਚ ਸੀ। ਮਾਵਾਂ ਸੱਚੀ ਅੰਤਰਜਾਮੀ ਹੁੰਦੀਆਂ ਨੇ ਜੋ ਦੁਨੀਆਂ ਨਹੀਂ ਦੇਖ ਸਕਦੀ ਉਹ ਵੀ ਦੇਖ ਲੈਂਦੀਆਂ ਨੇ। 
 ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਤਾਂ ਅਸੀਂ ਸਵੇਰੇ ਅਧ-ਸੁੱਤੇ ਜਿਹੇ ਹੁੰਦੇ ਸੀ, ਤੇਰਾ ਸੁਭਾਅ ਸੀ ਬੋਲ ਕੇ ਪਾਠ ਕਰਨ ਦਾ। ਤੂੰ ਕੰਮ ਧੰਦੇ ਵੀ ਕਰੀ ਜਾਣਾ ਤੇ ਪਾਠ ਵੀ ਕਰੀ ਜਾਣਾ। ਥੋੜ੍ਹਾ ਵੱਡੇ ਹੋਏ ਤਾਂ ਸਾਨੂੰ ਪਤਾ ਲੱਗਿਆ ਕਿ ਤੈਨੂੰ ਮੂੰਹ ਜ਼ੁਬਾਨੀ ਬਾਣੀ ਸਿਖਾਉਣ ਲਈ ਸਾਡੀ ਅੰਬੋ (ਦਾਦੀ) ਨੇ ਗੁਰਦੁਆਰਾ ਸਾਹਿਬ ਵਾਲੇ ਭਾਈ ਜੀ ਨੂੰ ਆਖਿਆ ਸੀ। ਉਹ ਹਰ ਰੋਜ਼ ਤੈਨੂੰ ਇੱਕ ਪਉੜੀ ਜਾਂ ਇੱਕ ਸ਼ਬਦ ਕੰਠ ਕਰਾ ਜਾਂਦੇ ਤੇ ਤੂੰ ਸਾਰਾ ਦਿਨ ਕੰਮ ਧੰਦੇ ਵੀ ਕਰੀ ਜਾਣਾ ਤੇ ਕੰਠ ਵੀ ਕਰ ਲੈਣਾ। ਇਸੇ ਤਰ੍ਹਾਂ ਪੰਜੇ ਬਾਣੀਆਂ ਮੂੰਹ ਜ਼ੁਬਾਨੀ ਯਾਦ ਕਰ ਲਈਆਂ ਸਨ ਜਦੋਂਕਿ  ਪੜ੍ਹਨਾ ਨਹੀਂ ਸੀ ਆਉਂਦਾ। ਤੇਰਾ ਬੋਲ ਕੇ ਪਾਠ ਕਰਨ ਦਾ ਬੀਜ ਸਾਡੇ ਅੰਦਰ ਵੀ ਬੀਜਿਆ ਗਿਆ। ਹੁਣ ਕੰਮ ਧੰਦੇ ਕਰਨ ਲੱਗਿਆਂ ਬੋਲ ਕੇ ਪਾਠ ਕਰਦੀ ਆਂ ਤਾਂ ਬੀ ਜੀ ਨੂੰ ਚੰਗਾ ਨਹੀਂ ਲੱਗਦਾ ਕਿਉਂਕਿ ਉਹਨਾਂ ਕਿਸੇ ਡੇਰੇ ਤੋਂ ਕੋਈ ਸ਼ਬਦ ਲਿਆ ਹੋਇਆ ਜਿਸ ਨੂੰ ਉਹ 'ਨਾਮਦਾਨ' ਆਖਦੇ ਨੇ ਅਤੇ ਸਵੇਰੇ ਸਵੇਰੇ ਮੂੰਹ ਸਿਰ ਲਪੇਟ ਕੇ ਆਪਣਾ ਭਜਨ ਕਰਦੇ ਨੇ। ਉਹ ਕਹਿੰਦੇ ਭਜਨ ਪਾਠ ਕਰਨਾ ਮਨ ਵਿੱਚ ਕਰੋ ਬੋਲ ਕੇ ਕਰਨਾ ਡਰਾਮੇਬਾਜ਼ੀ ਹੁੰਦੀ ਐ। ਕਈ ਕਈ ਦਿਨ ਤਾਲੂਏ ਜੀਭ ਲੱਗੀ ਰਹਿੰਦੀ ਐ । ਬੰਦਾ ਚੁੱਪ ਕਰਿਆ ਰਹੇ ਤੇ ਅੰਦਰ ਭਜਨ ਬੰਦਗੀ ਵੀ ਚਲਦੀ ਰਹੇ ਇਹ ਮੇਰੇ ਵਰਗੇ ਬੰਦੇ ਦੇ ਵਸ ਦੀ ਗੱਲ ਕਿੱਥੇ ਐ ? ਬੜੀ ਤਕਲੀਫ਼ ਜਿਹੀ ਹੁੰਦੀ ਐ ਕਿ ਆਪਣੇ ਹੀ ਘਰ ਵਿੱਚ ਐਨੀ ਕੁ ਅਜ਼ਾਦੀ ਵੀ ਨਹੀਂ। ਮੈਂ ਕਿਹੜਾ ਬਹੁਤਾ ਉੱਚੀ ਬੋਲ ਕੇ ਕਰਦੀ ਹੁੰਦੀ ਆਂ। ਬਸ ਐਨਾ ਕੁ ਹੁੰਦੈ ਕਿ ਮੇਰੇ ਕੰਨਾਂ ਨੂੰ ਸੁਣੇ। ਚਲੋ ਇਹ ਸਮੱਸਿਆਵਾਂ ਤਾਂ ਚੱਲਦੀਆਂ ਹੀ ਰਹਿੰਦੀਆਂ ਨੇ। ਬਸ ਮਨ ਵਿੱਚ ਇਹੀ ਮਲਾਲ ਐ ਕਿ ਹਰ ਤਰ੍ਹਾਂ ਦੀ ਕੋਸ਼ਿਸ਼ ਕਰਨ ਤੇ ਵੀ ਬੀ ਜੀ ਖੁਸ਼ ਨਹੀਂ ਹੁੰਦੇ। ਕਈ ਵਾਰ ਸੋਚਦੀ ਆਂ ਕਿ ਮਨਾ ਏਦੂੰ ਤਾਂ ਆਪਣੀ ਮਰਜ਼ੀ ਹੀ ਕਰ ਲਿਆ ਕਰਦਾ ਨਾਲੇ ਆਪ ਨਾ-ਖੁਸ਼ ਰਹੀ ਨਾਲੇ ਦੂਜਿਆਂ ਨੂੰ ਖੁਸ਼ ਨਹੀਂ ਕਰ ਸਕੀ। ਮਾਂ! ਇੱਕ ਮਿੰਟ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ ਅਜੇ। ਸ਼ਾਇਦ ਬੀ ਜੀ ਕੁਝ ਕਹਿ ਰਹੇ ਨੇ ਸੁਣ ਲਵਾਂ। 
" ਜੇ ਕੁਸ਼ ਦੁਖਦੈ ਗੋਲੀ ਗੂਲੀ ਖਾ ਲੈ ਕੋਈ.... ਕੁਵੇਲਾ ਹੋਈ ਜਾਂਦੈ ਰੋਟੀ ਟੁੱਕ ਨੂੰ........।" ਬੀ ਜੀ ਨੇ ਉੱਚੀ ਦੇਣੇ ਕਿਹਾ... ਉਸ ਤੋਂ ਬਾਅਦ ਭਾਂਡਿਆਂ ਦੇ ਖੜਕੇ ਵਿੱਚ ਰਲੀ ਆਵਾਜ਼ ਦੀ ਸਮਝ ਨਹੀਂ ਆਈ। ਉਸ ਨੇ ਦਰਵਾਜ਼ੇ ਵੱਲ ਪਿੱਠ ਕਰਕੇ ਅੱਖਾਂ ਪੂੰਝੀਆਂ। 
" ਅੱਛਾ ਮਾਂ!  ਫੇਰ ਕਰਾਂਗੇ ਰਹਿੰਦੀਆਂ ਗੱਲਾਂ। ਰੋਟੀ ਪਾਣੀ ਦਾ ਆਹਰ ਕਰ ਲਵਾਂ।" ਉਸ ਨੇ ਸਿਰ ਦਰਦ ਨੂੰ ਜਾੜ੍ਹ ਹੇਠ ਦੱਬਿਆ ਤੇ ਕੰਮਾਂ ਵਿੱਚ ਜੁਟ ਗਈ। 
ਅੰਮ੍ਰਿਤ ਕੌਰ ( ਬਡਰੁੱਖਾਂ )
ਸੰਗਰੂਰ। 

Have something to say? Post your comment