Saturday, July 05, 2025
24 Punjabi News World
Mobile No: + 31 6 39 55 2600
Email id: hssandhu8@gmail.com

Article

ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ।

September 18, 2021 11:31 PM



ਲੱਗੀ ਨਜ਼ਰ ਪੰਜਾਬ ਨੂੰ,  ਏਦ੍ਹੀ ਨਜ਼ਰ ਉਤਾਰੋ।

     ਪੰਜਾਬ ਸ਼ਬਦ , ਦੋ ਸ਼ਬਦਾਂ ਦੇ ਸੁਮੇਲ ' ਪੰਜ+ ਆਬ ' ਤੋਂ ਬਣਿਆ ਹੈ, ਜਿਸ ਦਾ ਅਰਥ ਹੈ, ਪੰਜ ਪਾਣੀਆਂ ਦੀ ਧਰਤੀ ਹੈ। ਨਜ਼ਰ ਤਾਂ ਸੰਨ 1947 ਦੀ ਵੰਡ ਸਮੇਂ ਹੀ ਲੱਗ ਗਈ ਸੀ ਜਦ ਇਸ ਦਾ ਧੜ ਪਾਕਿਸਤਾਨ ਵਿੱਚ ਰਹਿ ਗਿਆ ਸੀ ਤੇ ਹੇਠਲਾ ਹਿੱਸਾ ਹਿੰਦੁਸਤਾਨ ਦੇ ਹਿੱਸੇ ਆਇਆ ਸੀ। ਅਧਰੰਗ ਤਾਂ ਇਸ ਨੂੰ ਉਸ ਵੇਲੇ ਦਾ ਹੀ ਹੋ ਗਿਆ ਹੈ ਜੋ ਹਾਲੇ ਤੱਕ ਪੱਬਾ ਭਾਰ ਨਹੀਂ ਹੋ ਸਕਿਆ ਹੈ। ਬਹੁਤਾ ਘਾਟਾ  ਸਾਡੀ ਪੰਜਾਬੀ ਮਾਂ-ਬੋਲੀ  ਅਤੇ ਪੰਜਾਬੀਅਤ ਨੂੰ ਪਿਆ ਹੈ। ਉਦੋਂ ਤੋਂ ਲੈ ਕੇ ਹੁਣ ਤੱਕ ਪੰਜਾਬ ਨੇ ਬਹੁਤ ਕੁੱਝ ਸਹਿਣ ਕੀਤਾ ਹੈ। ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ ਪੰਜਾਬ ਦੇ ਉੱਨੀ ਸੌ ਚੁਰਾਸੀ ਵਾਲੇ ਜ਼ਖਮੀ ਹਾਲੇ ਤੱਕ ਵੀ ਰਿਸ ਰਹੇ ਹਨ।

ਕੀ ਪੰਜਾਬ ਇੱਕ ਦਿਨ ਖ਼ਾਲੀ ਹੋ ਜਾਵੇਗਾ ?

ਸਾਡੀ ਨੌਜਵਾਨ ਪੀੜ੍ਹੀ ਦਿਨੋਂ-ਦਿਨ ਵਿਦੇਸ਼ਾਂ ਵੱਲ ਪ੍ਰਵਾਸ ਕਰ ਰਹੀ ਹੈ। ਬਾਰਾਂ ਕਲਾਸਾਂ  ਪਾਸ ਕਰਨ ਤੋਂ ਬਾਅਦ ਹਰ ਕੋਈ ਆਈਲੈਟਸ ਦੇ ਬੈਂਡ ਇਕੱਠੇ ਕਰਨ ਤੁਰ ਪਿਆ ਹੈ। ਜੇਕਰ ਕਿਸੇ ਨੂੰ ਪੁੱਛੀਏ  ਕਿ ਇਹ ਵਹੀਰਾਂ ਕਿਉਂ ਘੱਤੀਆਂ ਜਾ ਰਹੀਆਂ ਹਨ ਤਾਂ ਹਰ ਕੋਈ ਆਖਦਾ ਹੈ, "  ਏਥੇ ਵੀ ਕੋਈ ਸਿਸਟਮ ਹੈ! "
ਜੇਕਰ ਇੱਥੇ ਕੋਈ ਸਿਸਟਮ ਨਹੀਂ ਹੈ ਤਾਂ ਇਹ ਸਿਸਟਮ ਠੀਕ ਕੌਣ ਕਰੇਗਾ ?  ਕੀ ਉਹ ਕਰਨਗੇ ਜੋ ਸਾਰੀ ਉਮਰ ਖ਼ੇਤਾਂ ਵਿੱਚ ਝੋਨਾ ਲਾ ਕੇ ਗੁਜ਼ਾਰਦੇ ਨੇ! ਜਾਂ ਉਹ ਕਰਨਗੇ ਜਿਨ੍ਹਾਂ ਦੀਆਂ ਪੀੜ੍ਹੀਆਂ ਨੇ ਕਿਸੇ ਜਿੰਮੀਦਾਰ ਦਾ ਸੀਰਪੁਣਾ ਕਰਦਿਆਂ , ਆਪਣੀ ਸਾਰੀ ਜ਼ਿੰਦਗੀ ਵਿਹਾਅ ਦਿੱਤੀ ਹੈ। ਸਾਰਾ ਹੀ ਪੜ੍ਹਿਆ-ਲਿਖਿਆ ਜਾਂ ਸੱਭਿਅਕ ਤਬਕਾ ਵਿਦੇਸ਼ਾਂ ਵੱਲ ਪਰਵਾਸ ਕਰ ਰਿਹਾ ਹੈ। ਜੋ ਬਾਕੀ ਰਹਿ ਗਏ ਹਨ,  ਕੀ ਉਹ ਸਿਸਟਮ ਦਾ ਸੁਧਾਰ ਕਰ ਸਕਣਗੇ?
         ਪੰਜਾਬ ਦੇ ਬਹੁਤੇ ਕਾਲਜ ਸੱਖਣੇ ਹਨ। ਵਿਦਿਆਰਥੀਆਂ ਤੋਂ ਵੀ ਅਤੇ ਪ੍ਰੋਫੈਸਰਾਂ ਤੋਂਂ ਵੀ । ਲੰਮੇਂ ਸਮੇਂ ਤੋਂ ਕੋਈ ਭਰਤੀ ਨਹੀਂ ਹੋਈ ਹੈ। ਤੇ ਫਿਰ ਉੱਚ ਵਿੱਦਿਆ ਕੌਣ ਹਾਸਲ ਕਰੇਗਾ ਅਤੇ ਕੌਣ ਕਰਵਾਏਗਾ? ਮੈਨੂੰ ਇਸ ਤਰ੍ਹਾਂ ਜਾਪਦਾ ਹੈ ਕਿ ਇੱਕ ਨਾ ਇੱਕ ਦਿਨ ਕਾਲਜਾਂ- ਯੂਨੀਵਰਸਿਟੀਆਂ ਦਾ ਵੀ ਭੋਗ ਪੈ ਜਾਵੇਗਾ ਤੇ ਸ਼ਾਇਦ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਦੱਸੀਏ ਕਿ ਕੋਈ ਕਾਲਜ ਜਾਂ ਯੂਨੀਵਰਸਿਟੀ ਨਾਮ ਦੀ ਵੀ ਇਕ ਚੀਜ਼ ਹੁੰਦੀ ਸੀ।

ਨਾ ਪਾਣੀ ਪਿਤਾ ਰਿਹਾ ਹੈ ਤੇ ਨਾ ਧਰਤੀ ਮਾਂ ਰਹੀ ਹੈ!

            ਪੰਜਾਬ ਦੇ ਪਾਣੀ ਦੇ ਪਾਣੀ ਦਿਨੋਂ-ਦਿਨ ਹੋਰ ਡੂੰਘੇ ਹੋ ਰਹੇ ਹਨ ਤੇ ਹੋ ਰਹੇ ਹਨ। ਜੋ ਵਗਦੇ ਪਾਣੀ ਹਨ, ਉਨ੍ਹਾਂ ਵਿੱਚ ਵੀ ਜ਼ਹਿਰਾਂ ਘੋਲ ਦਿੱਤੀਆਂ ਗਈਆਂ ਹਨ। ਪੁਰਾਣੇ ਸਮੇਂ ਵਿੱਚ ਭੇਡਾਂ- ਬੱਕਰੀਆਂ ਚਾਰਦੇ ਆਜੜੀ , ਕੱਸੀਆਂ -ਖਾਲਾਂ ਤੋਂ ਪਾਣੀ ਭਰ ਕੇ ਚਾਹ ਬਣਾ ਕੇ ਪੀਂਦੇ ਸਨ, ਪਰ ਹੁਣ ਅਜਿਹਾ ਨਹੀ ਹੈ। ਹੁਣ ਉਹ ਵੀ ਹੁਣ ਚਾਹ ਬਣਾਉਣ ਵਾਸਤੇ ਪਾਣੀ, ਬੋਤਲ ਵਿੱਚ ਪਾਕੇ ਘਰਾਂ ਤੋਂ ਲੈ ਕੇ ਜਾਂਦੇ ਹਨ। ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਕਿ ਸਾਡੇ ਬਹੁਤੇ ਕਿਸਾਨ ਬਹੁਤਾ ਝੋਨਾ ਬੀਜ਼ਣ ਮਗਰ ਹੀ ਕਿਉਂ ਪਏ ਹੋਏ ਹਨ ? ਸਾਡੇ ਪੰਜਾਬ ਦੇ ਕਿੰਨੇ ਕੁ ਲੋਕ ਨੇ ਜੋ ਚੌਲ ਖਾਂਦੇ ਨੇ ? ਇਸ ਦਾ ਬੁਰਾ ਸਿੱਟਾ ਤਾਂ ਇਹ ਹੈ ਕਿ ਪਾਣੀ  ਡੂੰਘੇ ਹੋ ਰਹੇ ਹਨ। ਇਹ ਬਹੁਤ ਹੀ ਵੱਡਾ ਚਿੰਤਾ ਦਾ ਵਿਸ਼ਾ ਹੈ
         ਸਾਨੂੰ ਚਾਹੀਦਾ ਹੈ ਕਿ ਅਸੀਂ ਫ਼ਸਲੀ-ਚੱਕਰ ਅਪਣਾਈਏ ਤਾਂ ਜੋ ਧਰਤੀ ਮਾਂ ਦੀ ਕੁੱਖ ਨੂੰ ਬਾਂਝ ਨਾ ਕੀਤਾ ਜਾ ਸਕੇ । ਅਸੀਂ ਜਿੰਨਾ ਜ਼ਹਿਰ ਪਾਣੀ ਵਿੱਚ ਘੋਲ ਦਿੱਤਾ ਹੈ , ਉਸ ਤੋਂ ਵੱਧ ਅਸੀਂ ਧਰਤੀ ਮਾਂ ਦੀ ਕੁੱਖ ਵਿੱਚ ਰਲਾ ਦਿੱਤਾ ਹੈ। ਹੁਣ ਬਹੁਤੀਆਂ ਫ਼ਸਲਾਂ ਅਤੇ ਫ਼ਲ ਵਿਦੇਸ਼ਾਂ ਨੇ ਵੀ ਖ਼ਰੀਦਣ ਤੋਂ ਇਨਕਾਰ ਕਰ ਦਿੱਤਾ ਹੈ। ਮੱਤ ਕੋਈ ਭਰਮ ਵਿੱਚ ਰਹੇ ਕਿ ਸਾਡਾ ਬੀਜਿਆ ਜ਼ਹਿਰ ਅਸੀਂ ਨਹੀਂ ਖਾ ਰਹੇ ਤੇ ਇਹ ਹੋਰਨਾਂ ਦੇ ਢਿੱਡ ਵਿੱਚ ਪੈ ਰਿਹਾ ਹੈ । ਅਸੀਂ ਆਪਣੇ ਪੇਟ ਦੀ ਧਰਤੀ ਅਤੇ ਬਾਹਰਲੀ ਧਰਤੀ ਵਿੱਚ ਖ਼ੁਦ ਹੀ ਜ਼ਹਿਰ ਬੀਜਦੇ ਜਾ ਰਹੇ ਹਾਂ ਜਿਸ ਦਾ ਨਤੀਜਾ  ਕੈਂਸਰ ਦੇ ਰੂਪ ਵਿੱਚ ਸਾਡੇ ਸਾਹਮਣੇ ਹੈ। ਨਾ ਉਪਰਲੀ ਧਰਤੀ ਦਾ ਪਾਣੀ ਸਾਫ਼ ਰਿਹਾ ਹੈ ਤੇ ਨਾ ਧਰਤੀ ਹੇਠਲਾ ਪਾਣੀ ਸਾਫ਼ ਰਿਹਾ ਹੈ। ਅਜੇ ਵੀ ਵੇਲਾ ਹੈ। ਸਾਨੂੰ ਸੰਭਲਣ ਦੀ ਲੋੜ ਹੈ।

ਕਿਸਾਨੀ ਸੰਘਰਸ਼ ਦਾ ਕੀ ਬਣੇਗਾ।

         ਕਿਸਾਨੀ ਸੰਘਰਸ਼ ਇਤਿਹਾਸਕ ਸੰਘਰਸ਼ ਬਣ ਗਿਆ ਹੈ। ਇਹ ਇੱਕ ਅਜਿਹਾ ਸੰਘਰਸ਼ ਹੈ ਜੋ ਸਭ ਤੋਂ ਲੰਮਾ, ਸਹਿਜ ਅਤੇ ਵੱਡੇ ਇਕੱਠ ਵਾਲਾ ਹੋ ਨਿੱਬੜਿਆ ਹੈ। ਇਹ ਸੰਘਰਸ਼ , ਸੰਘਰਸ਼ ਹੀ ਨਹੀਂ ਸਗੋਂ ਸਿਸਟਮ ਨਾਲ ਸਿੱਧੀ ਟੱਕਰ ਹੈ ਅਤੇ ਆਰ-ਪਾਰ ਦੀ ਲੜਾਈ ਹੈ। ਕੀ ਸਰਕਾਰ ਉਪਰ ਇਸਦਾ ਅਸਰ ਹੋਵੇਗਾ ? ਮੈਨੂੰ ਜਾਪਦਾ ਹੈ ਕਿ ਅਸਰ ਹੋਵੇਗਾ , ਪਰ ਕੁਝ ਸਮਾਂ ਹੋਰ ਲੱਗ ਸਕਦਾ ਹੈ । ਤੇ ਜੇ ਕਿਧਰੇ ਬਦਕਿਸਮਤੀ ਨਾਲ ਇਸ ਸੰਘਰਸ਼ ਦੀ ਹਾਰ ਹੁੰਦੀ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਹੋਣ ਵਾਲੇ ਹੋਰ ਸੰਘਰਸ਼ ਇਸ ਦੇ ਸਾਹਮਣੇ ਬਹੁਤ ਬੌਣੇ ਰਹਿ ਜਾਣਗੇ।
              ਇਸ ਸੰਘਰਸ਼ ਦਾ ਸਭ ਤੋਂ ਵੱਡਾ ਲਾਭ ਇਹ ਹੋਇਆ ਹੈ ਕਿ ਇਸ ਨੇ ਜ਼ਾਤ ਪਾਤ , ਛੂਤ-ਛਾਤ ਅਤੇ ਊਚ-ਨੀਚ ਦੇ ਭੇਦ-ਭਾਵ ਨੂੰ ਘੱਟ ਕਰਨ ਲਈ ਅਹਿਮ ਭੂਮਿਕਾ ਨਿਭਾਈ ਹੈ। ਤੇ ਜੇਕਰ ਇਹ ਸੰਘਰਸ਼ ਪੈਦਾ ਨਾ ਹੁੰਦਾ ਹੈ ਤਾਂ ਇਹ ਚਹੁੰ ਧਰਮਾਂ ਦੇ ਮੇਲ-ਮਿਲਾਪ ਤੇ ਭਾਈਚਾਰਕ-ਸਾਂਝਾਂ ਸ਼ਾਇਦ ਨਾ ਕਾਇਮ ਹੁੰਦੀਆਂ। ਭੱਜੀਆਂ- ਬਾਹਾਂ ਆਖ਼ਰ ਗੱਲ ਨੂੰ ਹੀ ਆਣ ਪਈਆਂ ਹਨ।

ਪੰਜਾਬ ਵਿਚ ਫ਼ੈਲਦਾ ਅਰਾਜਕਤਾ ਦਾ ਮਾਹੌਲ।

ਅੱਜਕਲ੍ਹ ਹਰ ਪਾਸੇ ਅਰਾਜਕਤਾ  ਫ਼ੈਲਦੀ ਨਜ਼ਰ ਆ ਰਹੀ ਹੈ। ਬੇਰੋਜ਼ਗਾਰੀ ਦਰ ਵਧੀ ਹੈ।  ਲੁੱਟਾਂ-ਖੋਹਾਂ ਵੱਧ ਰਹੀਆਂ ਹਨ। ਨਸ਼ੇ ਵਧ ਰਹੇ ਹਨ । ਨੌਜਵਾਨ ਪੀੜ੍ਹੀ ਸਰੀਰਕ ਪੱਖੋਂ ਦਿਨ-ਬ-ਦਿਨ ਨਿੱਘਰਦੀ ਜਾ ਰਹੀ ਹੈ। ਬਲਾਤਕਾਰ ਵਧ ਰਹੇ ਹਨ। ਅਗਵਾਹ ਕਰਨ ਦੀਆ ਵਾਰਦਾਤਾਂ ਵਧ ਰਹੀਆਂ ਹਨ। ਨਿਆਂ ਘੱਟ ਰਹੇ ਹਨ। ਧਰਨੇ-ਮੁਜਾਹਰੇ ਵਧ ਹਨ, ਪਰ ਸਰਕਾਰਾਂ ਦਾ ਇਸ ਉੱਪਰ ਕੋਈ ਨਿਯੰਤਰਣ ਨਜ਼ਰ ਨਹੀਂ ਆ ਰਿਹਾ। ਲੋਕ ਖੱਜਲ-ਖੁਆਰ ਹੋ ਰਹੇ ਹਨ। ਪਰ ਸਰਕਾਰਾਂ ਉਪਰ ਕੋਈ ਅਸਰ ਨਹੀਂ ਹੈ। ਤਕੜੇ ਦਾ ਸੱਤੀਂ-ਬੀਹੀਂ ਸੌ ਹੈ ਤੇ ਗਰੀਬ ਦੀ ਕੋਈ ਜ਼ਿੰਦਗੀ ਨਹੀਂ ਹੈ।
       ਨਿੱਤ-ਦਿਹਾੜੇ ਬਹੁਤ ਸਾਰੀਆਂ ਸਰਕਾਰੀ ਸਕੀਮਾਂ ਚੱਲ ਰਹੀਆਂ ਹਨ। ਲਾਭਪਾਤਰੀ ਲੋਕਾਂ ਨੂੰ ਬਹੁਤ ਸਾਰੀਆਂ ਕਾਰਵਾਈਆਂ ਤੇ ਕਈ ਤਰ੍ਹਾਂ ਦੇ ਪੜ੍ਹਾਵਾਂ ਵਿੱਚੋਂ ਲੰਘਣਾ ਪੈਂਦਾ ਹੈ। ਇੱਕ ਗਰੀਬ ਜਾਂ ਦਿਹਾੜੀਦਾਰ ਬੰਦਾ ਅੱਕ ਕੇ ਇਹੀ ਆਖਦਾ ਹੈ, " ਦਫ਼ਾ ਕਰੋ! ਮੈਂ ਇਹੋ ਜਿਹੀ ਸਹੂਲਤ ਲੈਣੀ ਹੀ ਨਹੀਂ!"
       ਇਥੇ ਦੁੱਧ ਵਿੱਚ ਮੀਂਗਣਾਂ ਘੋਲ ਕੇ ਦੇਣ ਦਾ ਰਿਵਾਜ਼ ਪੈ ਚੁੱਕਾ ਹੈ। ਲਾਭਪਾਤਰੀ ਨੂੰ ਕੋਈ ਲਾਭ ਮਿਲੇ ਜਾਂ ਨਾ ਮਿਲੇ ਪਰ ਧੂੜ-ਧੱਪੇ ਤਾਂ ਜ਼ਰੂਰ ਮਿਲਦੇ ਹਨ। ਸੋ ਅੰਤ ਵਿੱਚ ਮੈਨੂੰ ਸਾਡੇ ਪੰਜਾਬ ਦੇ ਮਕਬੂਲ ਸ਼ਾਇਰ ਜਨਾਬ ਸੁਰਜੀਤ ਪਾਤਰ ਜੀ ਦੀਆਂ ਸਤਰਾਂ ਯਾਦ ਆਉਂਦੀਆਂ ਹਨ ਜਿਨ੍ਹਾਂ ਨੇ ਲਿਖਿਆ ਸੀ ਕਿ:-
      
ਲੱਗੀ ਨਜ਼ਰ ਪੰਜਾਬ ਨੂੰ , ਏਦ੍ਹੀ ਨਜ਼ਰ ਉਤਾਰੋ ।
ਲੈ ਕੇ ਮਿਰਚਾਂ ਕੌੜੀਆਂ , ਇਹਦੇ ਸਿਰ ਤੋਂ ਵਾਰੋ।
ਸਿਰ ਤੋਂ ਵਾਰੋ, ਵਾਰ ਕੇ ,ਅੱਗ ਦੇ ਵਿੱਚ ਸਾੜ੍ਹੋ ।
ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ ।

********
ਹੀਰਾ ਸਿੰਘ ਤੂਤ

Have something to say? Post your comment