ਜ਼ੀਰਕਪੁਰ: ਜ਼ੀਰਕਪੁਰ-ਪੰਚਕੂਲਾ ਰੋਡ 'ਤੇ ਸਥਿਤ ਔਰਾ ਗਾਰਡਨ ਅਤੇ ਸੇਖੋਂ ਗਾਰਡਨ ਵਿੱਚ ਐਤਵਾਰ ਰਾਤ ਇੱਕ ਵਿਆਹ ਸਮਾਰੋਹ ਦੌਰਾਨ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਬਰਾਤ ਵਿੱਚ ਚਲਾਏ ਗਏ ਪਟਾਕਿਆਂ ਦੀ ਚੰਗਿਆੜੀ ਨੇ ਵਿਆਹ ਦੇ ਪੰਡਾਲ ਨੂੰ ਅੱਗ ਦੀ ਲਪੇਟ ਵਿੱਚ ਲੈ ਲਿਆ। ਕੁਝ ਹੀ ਮਿੰਟਾਂ ਵਿੱਚ ਅੱਗ ਇੰਨੀ ਭਿਆਨਕ ਹੋ ਗਈ ਕਿ ਦੋਵੇਂ ਮੈਰਿਜ ਪੈਲੇਸ ਸਜਾਵਟ ਸਮੇਤ ਸੁਆਹ ਹੋ ਗਏ। ਹਾਦਸੇ ਵੇਲੇ ਦੋਵਾਂ ਗਾਰਡਨਾਂ ਵਿੱਚ 1100 ਤੋਂ ਵੱਧ ਮਹਿਮਾਨ ਮੌਜੂਦ ਸਨ, ਜਿਨ੍ਹਾਂ ਵਿੱਚ ਜਾਨ ਬਚਾਉਣ ਲਈ ਭਗਦੜ ਮਚ ਗਈ।
ਚਸ਼ਮਦੀਦਾਂ ਅਨੁਸਾਰ, ਅੱਗ ਰਾਤ ਕਰੀਬ 10:20 ਵਜੇ ਲੱਗੀ। ਪਲਾਸਟਿਕ ਅਤੇ ਥਰਮੋਕੋਲ ਦੀ ਸਜਾਵਟ ਕਾਰਨ ਅੱਗ ਬਹੁਤ ਤੇਜ਼ੀ ਨਾਲ ਫੈਲ ਗਈ। ਘਬਰਾਏ ਹੋਏ ਮਹਿਮਾਨ ਇਕੱਲੇ ਮੁੱਖ ਗੇਟ ਵੱਲ ਦੌੜੇ, ਜਿਸ ਨਾਲ ਹਾਲਾਤ ਹੋਰ ਵੀ ਗੰਭੀਰ ਹੋ ਗਏ। ਕਈ ਔਰਤਾਂ ਅਤੇ ਬੱਚੇ ਰੋਂਦੇ ਹੋਏ ਬਾਹਰ ਵੱਲ ਨਿਕਲੇ। ਇਸ ਦੌਰਾਨ ਕੁਝ ਨੌਜਵਾਨਾਂ ਨੇ ਸਟੇਜ ਤੇ ਸਜਾਵਟ ਹਟਾ ਕੇ ਨਿਕਾਸ ਦਾ ਰਸਤਾ ਬਣਾਇਆ ਅਤੇ ਲੋਕਾਂ ਦੀ ਮਦਦ ਕੀਤੀ।
ਫਾਇਰ ਬ੍ਰਿਗੇਡ ਨੂੰ ਤੁਰੰਤ ਸੂਚਿਤ ਕੀਤਾ ਗਿਆ ਪਰ ਪਹਿਲੀ ਗੱਡੀ ਨੂੰ ਮੌਕੇ 'ਤੇ ਪਹੁੰਚਣ ਵਿੱਚ ਲਗਭਗ 45 ਮਿੰਟ ਲੱਗ ਗਏ, ਕਿਉਂਕਿ ਜ਼ੀਰਕਪੁਰ ਦੀਆਂ ਗੱਡੀਆਂ ਟ੍ਰੈਫਿਕ ਜਾਮ ਵਿੱਚ ਫਸ ਗਈਆਂ ਸਨ। ਅੱਗ ਦੀ ਭਿਆਨਕਤਾ ਦੇ ਮੱਦੇਨਜ਼ਰ ਪੰਚਕੂਲਾ, ਮੋਹਾਲੀ, ਡੇਰਾਬੱਸੀ ਅਤੇ ਰਾਜਪੁਰਾ ਤੋਂ ਵੀ 11 ਤੋਂ ਵੱਧ ਫਾਇਰ ਟੈਂਡਰ ਮੰਗਾਏ ਗਏ।
ਜਦੋਂ ਅੱਗ ਰਸੋਈ ਖੇਤਰ ਤੱਕ ਪਹੁੰਚੀ ਤਾਂ ਉੱਥੇ ਰੱਖੇ ਦੋ ਗੈਸ ਸਿਲੰਡਰ ਤੇਜ਼ ਧਮਾਕਿਆਂ ਨਾਲ ਫਟ ਗਏ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਗਨੀਮਤ ਰਹੀ ਕਿ ਪਾਰਕਿੰਗ ਵਿੱਚ ਖੜ੍ਹੀਆਂ ਲਗਭਗ 250 ਗੱਡੀਆਂ ਨੂੰ ਸਮੇਂ ਸਿਰ ਹਟਾ ਲਿਆ ਗਿਆ, ਨਹੀਂ ਤਾਂ ਨੁਕਸਾਨ ਕਈ ਗੁਣਾ ਵੱਧ ਹੋ ਸਕਦਾ ਸੀ।
ਬਚੇ ਮਹਿਮਾਨਾਂ ਨੇ ਪੈਲੇਸ ਮਾਲਕਾਂ 'ਤੇ ਗੰਭੀਰ ਲਾਪਰਵਾਹੀ ਦੇ ਦੋਸ਼ ਲਗਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਔਰਾ ਗਾਰਡਨ ਵਿੱਚ ਨਾ ਤਾਂ ਫਾਇਰ ਅਲਾਰਮ ਸੀ, ਨਾ ਐਕਸਟਿੰਗੁਈਸ਼ਰ ਅਤੇ ਨਾ ਹੀ ਕੋਈ ਐਮਰਜੈਂਸੀ ਏਗਜ਼ਿਟ। ਸਟਾਫ਼ ਵੀ ਘਬਰਾਅਟ ਵਿੱਚ ਸਥਾਨ ਛੱਡ ਕੇ ਭੱਜ ਗਿਆ।
ASP ਗਜ਼ਲਪ੍ਰੀਤ ਕੌਰ ਨੇ ਕਿਹਾ ਕਿ, “ਇੰਨਾ ਵੱਡਾ ਫੰਕਸ਼ਨ ਕਰਨ ਤੋਂ ਪਹਿਲਾਂ ਪੈਲੇਸ ਮਾਲਕਾਂ ਨੂੰ ਅੱਗ ਨਾਲ ਨਜਿੱਠਣ ਦੇ ਪ੍ਰਬੰਧ ਕਰਣੇ ਲਾਜ਼ਮੀ ਸਨ। ਉਨ੍ਹਾਂ ਦੀ ਲਾਪਰਵਾਹੀ ਸਾਫ਼ ਹੈ, ਇਸ ਲਈ ਉਨ੍ਹਾਂ 'ਤੇ ਕੇਸ ਦਰਜ ਕੀਤਾ ਜਾਵੇਗਾ।” ਪੁਲਿਸ ਵੱਲੋਂ ਦੋਵਾਂ ਪੈਲੇਸ ਮਾਲਕਾਂ, ਡੈਕੋਰੇਸ਼ਨ ਟੀਮ ਅਤੇ ਬਰਾਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਪਟਾਕੇ ਕਿਸਨੇ ਚਲਾਏ ਸਨ।
ਇਹ ਹਾਦਸਾ ਇੱਕ ਵਾਰ ਫਿਰ ਸ਼ਹਿਰ ਦੇ ਮੈਰਿਜ ਪੈਲੇਸਾਂ ਵਿੱਚ ਫਾਇਰ ਸੇਫਟੀ ਪ੍ਰਬੰਧਾਂ ਦੀ ਕਮੀ ਅਤੇ ਪ੍ਰਸ਼ਾਸਨਿਕ ਲਾਪਰਵਾਹੀ ਨੂੰ ਬੇਨਕਾਬ ਕਰ ਗਿਆ ਹੈ।