ਉੱਤਰੀ ਅਫਗਾਨਿਸਤਾਨ ਦੇ ਮਜ਼ਾਰ-ਏ-ਸ਼ਰੀਫ ਅਤੇ ਖੁਲਮ ਸ਼ਹਿਰ ਦੇ ਨੇੜੇ ਸੋਮਵਾਰ ਤੜਕੇ ਆਏ 6.3 ਤੀਬਰਤਾ ਦੇ ਭੂਚਾਲ ਨੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ। ਅਮਰੀਕੀ ਭੂ-ਵਿਗਿਆਨਕ ਸਰਵੇਖਣ (USGS) ਦੇ ਅਨੁਸਾਰ, ਭੂਚਾਲ ਦਾ ਕੇਂਦਰ ਲਗਭਗ 28 ਕਿਲੋਮੀਟਰ ਜ਼ਮੀਨ ਹੇਠ ਸੀ। ਸ਼ਮਸ਼ਾਦ ਨਿਊਜ਼ ਦੇ ਮੁਤਾਬਕ, ਇਸ ਘਟਨਾ ਵਿੱਚ ਘੱਟੋ-ਘੱਟ ਸੱਤ ਲੋਕਾਂ ਦੀ ਮੌਤ ਹੋ ਗਈ ਹੈ ਅਤੇ 150 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ।
ਸਥਾਨਕ ਸਮੇਂ ਅਨੁਸਾਰ, ਸਵੇਰੇ 1 ਵਜੇ ਦੇ ਕਰੀਬ ਮਹਿਸੂਸ ਹੋਏ ਭੂਚਾਲ ਨੇ ਬਲਖ ਪ੍ਰਾਂਤ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਦਹਿਸ਼ਤ ਫੈਲਾ ਦਿੱਤੀ। ਕਈ ਘਰਾਂ ਅਤੇ ਇਮਾਰਤਾਂ ਵਿੱਚ ਦਰਾਰਾਂ ਆਉਣ ਦੀਆਂ ਖਬਰਾਂ ਮਿਲ ਰਹੀਆਂ ਹਨ, ਜਦਕਿ ਬਿਜਲੀ ਸਪਲਾਈ ਅਸਥਾਈ ਤੌਰ 'ਤੇ ਬਾਧਿਤ ਹੋ ਗਈ।
ਅਫਗਾਨਿਸਤਾਨ ਭੂਚਾਲਾਂ ਲਈ ਬਹੁਤ ਸੰਵੇਦਨਸ਼ੀਲ ਖੇਤਰ ਹੈ। ਇਸ ਤੋਂ ਪਹਿਲਾਂ, ਅਗਸਤ 2025 ਵਿੱਚ ਪੂਰਬੀ ਅਫਗਾਨਿਸਤਾਨ ਵਿੱਚ ਆਏ 6.0 ਤੀਬਰਤਾ ਦੇ ਭੂਚਾਲ ਵਿੱਚ 2,200 ਤੋਂ ਵੱਧ ਲੋਕ ਮਾਰੇ ਗਏ ਸਨ। 7 ਅਕਤੂਬਰ 2023 ਨੂੰ ਵੀ ਇਸੇ ਖੇਤਰ ਵਿੱਚ ਆਏ ਭੂਚਾਲ ਨੇ 4,000 ਤੋਂ ਵੱਧ ਜਾਨਾਂ ਲੈ ਲਈਆਂ ਸਨ।
USGS ਅਤੇ ਸਥਾਨਕ ਆਫ਼ਤ ਪ੍ਰਬੰਧਨ ਵਿਭਾਗ ਨੇ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਸੁਰੱਖਿਅਤ ਥਾਵਾਂ 'ਤੇ ਰਹਿਣ ਦੀ ਸਲਾਹ ਦਿੱਤੀ ਹੈ। ਅਧਿਕਾਰੀਆਂ ਨੇ ਐਮਰਜੈਂਸੀ ਰਾਹਤ ਟੀਮਾਂ ਨੂੰ ਤੁਰੰਤ ਤੈਨਾਤ ਕਰ ਦਿੱਤਾ ਹੈ ਤਾਂ ਜੋ ਜ਼ਖ਼ਮੀਆਂ ਨੂੰ ਮਦਦ ਮਿਲ ਸਕੇ ਅਤੇ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਸਕੇ।
ਮਾਹਿਰਾਂ ਦਾ ਕਹਿਣਾ ਹੈ ਕਿ ਅਫਗਾਨਿਸਤਾਨ ਵਿੱਚ ਬਾਰੰਬਾਰ ਆਉਣ ਵਾਲੇ ਭੂਚਾਲਾਂ ਨੂੰ ਦੇਖਦੇ ਹੋਏ ਸਰਕਾਰ ਨੂੰ ਢਾਂਚਾਗਤ ਸੁਰੱਖਿਆ ਅਤੇ ਐਮਰਜੈਂਸੀ ਤਿਆਰੀ ਉੱਤੇ ਖਾਸ ਧਿਆਨ ਦੇਣ ਦੀ ਲੋੜ ਹੈ।