ਭ੍ਰਿਸ਼ਟਾਚਾਰ ਮਾਮਲੇ ਵਿੱਚ ਗ੍ਰਿਫ਼ਤਾਰ ਪੰਜਾਬ ਪੁਲਿਸ ਦੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਅਤੇ ਉਸਦੇ ਵਿਚੋਲੇ ਕ੍ਰਿਸ਼ਨੂ ਨੂੰ ਸ਼ੁੱਕਰਵਾਰ ਨੂੰ ਚੰਡੀਗੜ੍ਹ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ। ਸੁਣਵਾਈ ਦੌਰਾਨ ਭੁੱਲਰ ਨੇ ਮੂੰਹ ਰੁਮਾਲ ਨਾਲ ਢੱਕਿਆ ਹੋਇਆ ਸੀ, ਜਿਸ 'ਤੇ ਜੱਜ ਨੇ ਉਸਨੂੰ ਰੁਮਾਲ ਹਟਾਉਣ ਲਈ ਕਿਹਾ। ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਉਸਨੇ ਕਿਹਾ, “ਅਦਾਲਤ ਇਨਸਾਫ਼ ਕਰੇਗੀ, ਮੈਂ ਹਰ ਚੀਜ਼ ਦਾ ਜਵਾਬ ਦੇਵਾਂਗਾ।”
ਅਦਾਲਤ ਨੇ ਭੁੱਲਰ ਦੀ ਸਿਹਤ ਅਤੇ ਦਵਾਈਆਂ ਬਾਰੇ ਵਕੀਲਾਂ ਦੀ ਬੇਨਤੀ ਮਨਜ਼ੂਰ ਕਰਦਿਆਂ ਜੇਲ੍ਹ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ।
ਘਰੋਂ ਹੋਈ ਵੱਡੀ ਬਰਾਮਦਗੀ
ਸੀਬੀਆਈ ਨੇ ਡੀਆਈਜੀ ਦੇ ਚੰਡੀਗੜ੍ਹ ਸੈਕਟਰ-8 ਘਰੋਂ ₹7.5 ਕਰੋੜ ਨਕਦ, 26 ਲਗਜ਼ਰੀ ਘੜੀਆਂ, 2.5 ਕਿਲੋਗ੍ਰਾਮ ਸੋਨਾ, 50 ਤੋਂ ਵੱਧ ਜਾਇਦਾਦਾਂ ਦੇ ਦਸਤਾਵੇਜ਼, ਬੈਂਕ ਖਾਤਿਆਂ ਦੀ ਜਾਣਕਾਰੀ ਅਤੇ 100 ਜ਼ਿੰਦਾ ਕਾਰਤੂਸਾਂ ਸਮੇਤ 4 ਹਥਿਆਰ ਬਰਾਮਦ ਕੀਤੇ।
ਫਾਰਮ ਹਾਊਸ ਅਤੇ ਦਲਾਲ ਦੇ ਘਰ ਤੋਂ ਵੀ ਨਕਦੀ
ਸਮਰਾਲਾ ਫਾਰਮ ਹਾਊਸ ਤੋਂ 108 ਸ਼ਰਾਬ ਦੀਆਂ ਬੋਤਲਾਂ, ₹5.7 ਲੱਖ ਨਕਦ ਅਤੇ 17 ਕਾਰਤੂਸ ਮਿਲੇ, ਜਦਕਿ ਦਲਾਲ ਕ੍ਰਿਸ਼ਨੂ ਦੇ ਘਰੋਂ ₹21 ਲੱਖ ਬਰਾਮਦ ਹੋਏ।
ਇਸ ਮਾਮਲੇ ਨੇ ਪੰਜਾਬ ਪੁਲਿਸ ਵਿਭਾਗ ਵਿੱਚ ਹੜਕੰਪ ਮਚਾ ਦਿੱਤਾ ਹੈ। ਸੀਬੀਆਈ ਹੁਣ ਡੀਆਈਜੀ ਦੀ ਸੰਪਤੀ ਤੇ ਆਮਦਨੀ ਦੇ ਸਰੋਤਾਂ ਦੀ ਜਾਂਚ ਕਰ ਰਹੀ ਹੈ।