ਨਵੀਂ ਦਿੱਲੀ, 19 ਸਤੰਬਰ (ਏਜੰਸੀ): ਐਪਲ ਨੇ ਭਾਰਤ ਵਿੱਚ ਆਪਣੀ ਨਵੀਂ iPhone 17 ਸੀਰੀਜ਼ ਦੀ ਵਿਕਰੀ ਸ਼ੁਰੂ ਕਰ ਦਿੱਤੀ ਹੈ। 9 ਸਤੰਬਰ ਨੂੰ ਲਾਂਚ ਕੀਤੀ ਗਈ ਇਸ ਸੀਰੀਜ਼ ਨੂੰ ਲੈ ਕੇ ਗ੍ਰਾਹਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਮੁੰਬਈ ਅਤੇ ਦਿੱਲੀ ਸਹਿਤ ਕਈ ਸ਼ਹਿਰਾਂ ਵਿੱਚ ਐਪਲ ਸਟੋਰਾਂ ਦੇ ਬਾਹਰ ਸੈਂਕੜੇ ਲੋਕ ਘੰਟਿਆਂ ਤੋਂ ਲਾਈਨਾਂ ਵਿੱਚ ਖੜ੍ਹੇ ਨਜ਼ਰ ਆਏ।
ਮੁੰਬਈ ਦੇ BKC ਐਪਲ ਸਟੋਰ 'ਤੇ ਸਵੇਰੇ ਤੜਕੇ ਹੀ ਭੀੜ ਇਕੱਠੀ ਹੋ ਗਈ। ਕੁਝ ਗ੍ਰਾਹਕ 7-8 ਘੰਟੇ ਪਹਿਲਾਂ ਤੋਂ ਲਾਈਨ ਵਿੱਚ ਖੜ੍ਹੇ ਰਹੇ। ਦਿੱਲੀ ਦੇ ਸਕੇਤ ਸਥਿਤ ਐਪਲ ਸਟੋਰ 'ਤੇ ਵੀ ਲੋਕ ਅੱਧੀ ਰਾਤ ਤੋਂ ਹੀ ਉਡੀਕ ਕਰਦੇ ਮਿਲੇ। ਵੱਧਦੀ ਭੀੜ ਨੂੰ ਦੇਖਦੇ ਹੋਏ ਵਾਧੂ ਸੁਰੱਖਿਆ ਪ੍ਰਬੰਧ ਕੀਤੇ ਗਏ।
ਐਪਲ ਦੀ ਨਵੀਂ ਸੀਰੀਜ਼ ਵਿੱਚ iPhone 17, iPhone 17 Air, iPhone 17 Pro ਅਤੇ iPhone 17 Pro Max ਸ਼ਾਮਲ ਹਨ। ਕੰਪਨੀ ਦੇ ਮੁਤਾਬਕ, ਇਹ ਹੁਣ ਤੱਕ ਦੇ ਸਭ ਤੋਂ ਸ਼ਕਤੀਸ਼ਾਲੀ ਅਤੇ ਤਕਨਾਲੋਜੀਕ ਤੌਰ 'ਤੇ ਅਗੇ ਵਧੇ ਮਾਡਲ ਹਨ।
iPhone 17 Pro Max ਵਿੱਚ 48 ਮੈਗਾਪਿਕਸਲ ਦਾ ਤਿੰਨ ਕੈਮਰਿਆਂ ਵਾਲਾ ਸੈੱਟਅੱਪ ਹੈ, ਜਿਸ ਵਿੱਚ 8x ਆਪਟੀਕਲ ਅਤੇ 40x ਡਿਜੀਟਲ ਜ਼ੂਮ ਦੀ ਸੁਵਿਧਾ ਹੈ। iPhone 17 Air ਹੁਣ ਤੱਕ ਦਾ ਸਭ ਤੋਂ ਪਤਲਾ ਆਈਫੋਨ ਦੱਸਿਆ ਜਾ ਰਿਹਾ ਹੈ, ਜਿਸ ਦੀ ਮੋਟਾਈ ਸਿਰਫ਼ 5.6 ਮਿਲੀਮੀਟਰ ਹੈ। ਸਾਰੇ ਮਾਡਲ ਨਵੀਂ A19 Pro ਚਿੱਪ ਨਾਲ ਲੈਸ ਹਨ ਅਤੇ ਤੇਜ਼ ਚਾਰਜਿੰਗ ਸਮਰੱਥਾ ਦੇ ਨਾਲ ਆਉਂਦੇ ਹਨ।
ਕੀਮਤਾਂ ਦੀ ਗੱਲ ਕੀਤੀ ਜਾਵੇ ਤਾਂ iPhone 17 ਦੀ ਸ਼ੁਰੂਆਤੀ ਕੀਮਤ ₹82,900 ਹੈ, ਜਦਕਿ iPhone 17 Air ₹1,19,900 ਤੋਂ, iPhone 17 Pro ₹1,34,900 ਤੋਂ ਅਤੇ iPhone 17 Pro Max ₹1,49,900 ਤੋਂ ਉਪਲਬਧ ਹੋਵੇਗਾ।
ਭਾਰਤ ਐਪਲ ਲਈ ਤੇਜ਼ੀ ਨਾਲ ਵਧਦਾ ਬਾਜ਼ਾਰ ਬਣਦਾ ਜਾ ਰਿਹਾ ਹੈ। ਕੰਪਨੀ ਦੇ ਅਨੁਸਾਰ, ਇਸ ਵਾਰ ਦੀ ਵਿਕਰੀ ਨੇ ਦਰਸਾ ਦਿੱਤਾ ਹੈ ਕਿ ਦੇਸ਼ ਵਿੱਚ ਆਈਫੋਨ ਦੀ ਮੰਗ ਲਗਾਤਾਰ ਵੱਧ ਰਹੀ ਹੈ।