ਸਰੀ, 19 ਸਤੰਬਰ 2025 – ਸਿੱਖੀ ਦੇ ਸੱਭਿਆਚਾਰਕ ਵਖਰੇਵੇਂ ਨੂੰ ਉਜਾਗਰ ਕਰਨ, ਸਹਿ-ਹੋਂਦ ਨੂੰ ਮਜ਼ਬੂਤ ਕਰਨ ਅਤੇ ਵਿਸ਼ਵ ਪੱਧਰੀ ਵਿਦਿਅਕ ਸੰਸਥਾਵਾਂ ਦੇ ਮੁਕਾਬਲਤਨ ਯੂਨੀਵਰਸਿਟੀ ਬਣਾਉਣ ਦੇ ਉਦੇਸ਼ ਨਾਲ ਕੰਮ ਕਰ ਰਹੀ ਸੰਸਥਾ ਗੁਰੂ ਨਾਨਕ ਇੰਸਟੀਟਿਊਟ ਆਫ ਗਲੋਬਲ ਸਟੱਡੀਜ਼ ਵੱਲੋਂ ਆਪਣੀ ਚੌਥੀ ਸਾਲਾਨਾ ਅੰਤਰਰਾਸ਼ਟਰੀ ਸਿੱਖ ਖੋਜ ਕਾਨਫਰੰਸ ਸਰੀ ਸਿਟੀ ਹਾਲ ਵਿੱਚ 20 ਅਤੇ 21 ਸਤੰਬਰ ਨੂੰ ਆਯੋਜਿਤ ਕੀਤੀ ਜਾ ਰਹੀ ਹੈ।
ਸੰਸਥਾ ਦੇ ਪ੍ਰਧਾਨ ਅਤੇ ਸੀਈਓ ਗਿਆਨ ਸਿੰਘ ਸੰਧੂ ਨੇ ਦੱਸਿਆ ਕਿ ਇਸ ਦੋ-ਰੋਜ਼ਾ ਕਾਨਫਰੰਸ ਵਿੱਚ ਇਤਿਹਾਸ ਵਿੱਚ ਸਿੱਖ ਅਧਿਕਾਰ ਅਤੇ ਜ਼ਿੰਮੇਵਾਰੀਆਂ, ਸਿੱਖੀ ਵਿੱਚ ਔਰਤਾਂ ਅਤੇ ਲਿੰਗ, ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ) ਦੇ ਯੁੱਗ ਵਿੱਚ ਯੂਨੀਵਰਸਿਟੀ ਦਾ ਵਿਕਾਸ, ਸਿੱਖੀ ਅਤੇ ਵਿਅਕਤੀਗਤ ਸਿੱਖਿਆ ਉੱਤੇ ਇਸਦਾ ਪ੍ਰਭਾਵ, ਤਕਨਾਲੋਜੀ ਤੇ ਅਧਿਆਤਮਿਕਤਾ, ਮਾਨਸਿਕ ਸਿਹਤ ਅਤੇ ਹੋਰ ਵਿਸ਼ਿਆਂ ਉੱਤੇ ਚਰਚਾ ਹੋਵੇਗੀ।
ਵੱਖ-ਵੱਖ ਯੂਨੀਵਰਸਿਟੀਆਂ ਦੇ ਪ੍ਰਸਿੱਧ ਵਿਦਵਾਨ ਅਤੇ ਖੇਤਰ-ਵਿਸ਼ੇਸ਼ਗਿਆਣ ਆਪਣੇ ਖੋਜ ਪਰਚੇ ਅਤੇ ਵਿਚਾਰ ਸਾਂਝੇ ਕਰਨਗੇ। ਉਨ੍ਹਾਂ ਕਿਹਾ ਕਿ ਇਹ ਕਾਨਫਰੰਸ ਵਿਦਵਾਨਾਂ, ਖੋਜਕਰਤਾਵਾਂ, ਭਾਈਚਾਰਕ ਆਗੂਆਂ ਅਤੇ ਵਿਦਿਆਰਥੀਆਂ ਲਈ ਵਿਚਾਰ-ਵਟਾਂਦਰੇ ਦਾ ਇੱਕ ਮਹੱਤਵਪੂਰਨ ਮੰਚ ਸਾਬਤ ਹੋਵੇਗੀ।
ਸੰਧੂ ਨੇ ਸਮੂਹ ਭਾਈਚਾਰੇ ਨੂੰ ਇਸ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਸ਼ਮੂਲੀਅਤ ਲਈ ਖੁੱਲ੍ਹਾ ਸੱਦਾ ਦਿੱਤਾ ਹੈ।