ਭਗਵਤ ਗੀਤਾ ਵਿੱਚ ਮਨੁੱਖ ਨੂੰ ਇਹ ਸੰਦੇਸ਼ ਦੇਣ ਦਾ ਯਤਨ ਕੀਤਾ ਗਿਆ ਕਿ ਕੰਮ ਹੀ ਪੂਜਾ ਹੈ। ਮਨੁੱਖ ਕੰਮ ਕਰੇ, ਫ਼ਲ ਦੀ ਚਿੰਤਾ ਨਾ ਕਰੇ, ਜ਼ੇਕਰ ਮਨੁੱਖ ਕਰਮ ਕਰੇਗਾ ਉਸਦੀ ਮਿਹਨਤ ਨੂੰ ਫ਼ਲ ਜ਼ਰੂਰ ਲੱਗੇਗਾ। ਮਨੁੱਖ ਪੜ੍ਹਦਾ ਜਰੂਰ ਹੈ, ਉਹ ਪੜ੍ਹ ਪੜ੍ਹ ਥੱਕ ਗਿਆ ਪਰ ਕੋਈ ਬਦਲਾਅ ਨਹੀਂ ਆਇਆ ਕਿਉਂਕਿ ਅਮਲਾਂ ਤੋਂ ਬਿਨਾਂ ਗਿਆਨ ਭਾਰ ਹੈ।ਜਿਸ ਗਿਆਨ ਨੂੰ ਅਮਲ ਵਿੱਚ ਨਾ ਲਿਆਂਦਾ ਜਾਵੇ ਅਜਿਹੀ ਕੀਤੀ ਹੋਈ ਪੜ੍ਹਾਈ ਅਤੇ ਪ੍ਰਾਪਤ ਕੀਤੀ ਡਿਗਰੀ ਦਾ ਕੋਈ ਫ਼ਾਇਦਾ ਨਹੀਂ ਹੁੰਦਾ।ਕੰਮ ਕਰਨ ਵਾਲਿਆਂ ਲਈ ਕੰਮ ਬਹੁਤ ਹੈ ਪਰੰਤੂ ਟਾਲ ਮਟੋਲ ਕਰਨ ਵਾਲਿਆਂ ਲਈ ਬਹਾਨੇ ਵੀ ਘੱਟ ਨਹੀਂ।
ਜਹਾਜ਼ ਭਰ ਭਰ ਕੇ ਵਿਦੇਸ਼ਾਂ ਤੋਂ ਆ ਰਹੇ ਨੌਜਵਾਨ ਸੁਨਹਿਰੀ ਭਵਿੱਖ ਦੀ ਭਾਲ ਵਿੱਚ ਪਤਾ ਨਹੀਂ ਕਿੰਨੇ ਤਸੀਹੇ ਝੱਲ ਚੁੱਕੇ ਹਨ। ਭਵਿੱਖ ਸੁਨਹਿਰੀ ਹੋਵੇਗਾ ਸਾਡੇ ਕੰਮ ਨਾਲ ,ਜਦੋਂ ਅਸੀਂ ਕੰਮ ਨਹੀਂ ਕਰਾਂਗੇ ਚਾਹੇ ਆਪਣਾ ਦੇਸ਼ ਹੋਵੇ ਜਾਂ ਬਿਗਾਨਾ ਤਾਂ ਫ਼ਿਰ ਭਵਿੱਖ ਵਧੀਆ ਕਿਵੇਂ ਹੋਵੇਗਾ?
ਜੀਵਨ ਵਿੱਚ ਖੁਸ਼ਹਾਲੀ ਲਿਆਉਣ ਲਈ ਕੰਮ ਮਨੁੱਖ ਦੀ ਮੁੱਖ ਲੋੜ ਹੈ।ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ।ਕੰਮ ਕਰਨ ਵਾਲਾ ਹਮੇਸ਼ਾ ਤੰਦਰੁਸਤ ਅਤੇ ਬੁਰੇ ਖਿਆਲਾਂ ਤੋਂ ਦੂਰ ਰਹਿੰਦਾ ਹੈ।ਕੰਮ ਨੂੰ ਸ਼ੌਕ ਨਾਲ ਕਰਨ ਵਾਲੇ ਕੰਮ ਵਿੱਚੋਂ ਸਦਾ ਖ਼ੁਸ਼ੀ ਲੱਭਦੇ ਹਨ। ਜਿਨ੍ਹਾਂ ਦੀ ਕੰਮ ਕਰਕੇ ਰੂਹ ਖੁਸ਼ ਹੋ ਜਾਵੇ ਉਹਨਾਂ ਲਈ ਕੰਮ ਹੀ ਵਰਦਾਨ ਹੈ। ਕਿਸੇ ਲੇਖ਼ਕ ਨੇ ਕਿਆ ਖ਼ੂਬ ਲਿਖਿਆ ਹੈ ਕਿ ਜ਼ਿੰਦਗੀ ਵਿੱਚ ਏਨਾ ਕੰਮ ਕਰੋ ਕਿ ਤੁਹਾਡੇ ਕੰਮ ਨੂੰ ਦੇਖ ਕੇ ਕੰਮ ਵੀ ਥੱਕ ਜਾਵੇ। ਚਿਹਰੇ ਤੇ ਪਈਆਂ ਝੂਰੀਆਂ ਚਾਹੇ ਖ਼ੂਬਸੂਰਤੀ ਨੂੰ ਘਟਾਉਦੀਆਂ ਹਨ ਪਰੰਤੂ ਹੱਥ ਤੇ ਪਈਆਂ ਝੂਰੀਆਂ ਤੁਹਾਡੇ ਕਾਮੇ ਹੋਣ ਦੀਆਂ ਨਿਸ਼ਾਨੀਆਂ ਹਨ। ਪੈਸੇ ਅਤੇ ਰੁਤਬੇ ਨਾਲ ਕੰਮ ਤਾਂ ਮਿਲ ਜਾਂਦਾ ਹੈ ਪਰੰਤੂ ਕੰਮ ਨਾਲ ਮਿਲਿਆ ਪੈਸਾ ਅਤੇ ਰੁਤਬਾ ਮਨੁੱਖ ਨੂੰ ਹਰ ਜਗ੍ਹਾ ਸਨਮਾਨ ਦਿਵਾਉਂਦਾ ਹੈ।
ਵਿਦੇਸ਼ਾਂ ਵੱਲ ਵਹੀਰਾਂ ਘੱਤਣ ਵਾਲਿਆਂ ਲਈ ਦੇਸ਼ ਵਿੱਚ ਕੰਮ ਨਹੀਂ ਪ੍ਰੰਤੂ ਗੁਆਂਢੀ ਸੂਬਿਆਂ ਦੇ ਕਾਮੇ ਪੰਜਾਬ ਵਿੱਚ ਆ ਕੇ ਚੰਗੀ ਕਮਾਈ ਕਰਕੇ ਪਰਿਵਾਰ ਪਾਲ ਰਹੇ ਹਨ। ਮੇਰੇ ਪਿੰਡ ਵਿੱਚ ਬਿਸਕੁਟ ਦੀ ਭੱਠੀ ਤੇ ਕੰਮ ਕਰਨ ਵਾਲਾ ਰਾਮਚੰਦ ਉੱਤਰ ਪ੍ਰਦੇਸ਼ ਦੇ ਪਰਿਆਗਰਾਜ (ਪੁਰਾਣਾ ਨਾਮ ਇਲਾਹਾਬਾਦ)ਦਾ ਰਹਿਣ ਵਾਲਾ ਹੈ।ਉਹ ਇਕੱਲਾ ਏਥੇ ਰਹਿੰਦਾ ਹੈ। ਮੈਂ ਉਸ ਕੋਲ ਜਦੋਂ ਬਿਸਕੁਟ ਕਢਵਾਉਣ ਗਿਆ ਤਾਂ ਮੈਂ ਦੇਖਿਆ ਜੂਨ ਮਹੀਨੇ ਵਿੱਚ ਹੁਣ ਜਦੋਂ ਅਸੀਂ ਪੱਖੇ, ਕੂਲਰਾਂ ਏਅਰ ਕੰਡੀਸ਼ਨਰਾਂ ਵਿੱਚ ਅਰਾਮ ਕਰ ਰਹੇ ਹਾਂ ਉਸ ਸਮੇਂ ਉਸ ਪ੍ਰਵਾਸੀ ਮਜ਼ਦੂਰ ਕੋਲ ਪੱਖਾ ਵੀ ਨਹੀਂ।ਉਹ ਸਵੇਰੇ ਦੋ ਵਜੇ ਉੱਠ ਕੇ ਕੰਮ ਕਰਨਾ ਸ਼ੁਰੂ ਕਰਦਾ ਹੈ। ਜਿਵੇਂ ਜਿਵੇਂ ਧੁੱਪ ਚੜ੍ਹਦੀ ਹੈ ,ਗਰਮੀ ਵਿੱਚ ਕੰਮ ਕਰਨਾ ਮੁਸ਼ਿਕਲ ਹੁੰਦਾ ਹੈ ਅਤੇ ਉਹ ਦੁਪਹਿਰ ਦਾ ਸਮਾਂ ਨਿੰਮ ਦੀ ਛਾਂ ਥੱਲੇ ਬੈਠ ਕੇ ਗੁਜਾਰਦਾ ਹੈ। ਰਾਮਚੰਦ ਵਰਗੇ ਪਤਾ ਨਹੀਂ ਕਿੰਨੇ ਹੀ ਮਜ਼ਦੂਰ ਪੰਜਾਬ ਵਿੱਚ ਸਫ਼ਲਤਾ ਦੇ ਝੰਡੇ ਗੱਡ ਰਹੇ ਹਨ ਅਤੇ ਪੰਜਾਬੀ ਵਿਦੇਸ਼ਾਂ ਵੱਲ ਵਹੀਰਾਂ ਘੱਤ ਰਹੇ ਹਨ,ਇਹ ਕਿਹੋ ਜਿਹੀ ਸਥਿਤੀ ਪੈਦਾ ਹੋ ਗਈ ਹੈ। ਕਿਤੇ ਇਹ ਗੱਲ ਤਾਂ ਨਹੀਂ ਕਿ ਅਜੋਕੇ ਸਮੇਂ ਵਿੱਚ ਅਸੀਂ ਕੰਮ ਤੋਂ ਭੱਜ ਰਹੇ ਹਾਂ। ਪੰਜਾਬੀ ਜੋ ਮਿੱਟੀ ਨਾਲ ਮਿੱਟੀ ਹੋ ਕੇ ਪੂਰੀ ਦੁਨੀਆਂ ਦਾ ਢਿੱਡ ਭਰਦਾ ਸੀ ਉਸ ਤੇ ਵੀ ਵਿਦੇਸ਼ਾਂ ਦੀ ਠਾਠ ਬਾਠ ਦਾ ਨਸ਼ਾ ਸਵਾਰ ਹੋ ਚੁੱਕਿਆ ਹੈ।ਜੇ ਕਿਸੇ ਨੂੰ ਯਕੀਨ ਨਹੀਂ ਤਾਂ ਦੁਆਬੇ ਵੱਲ ਝਾਤ ਮਾਰ ਲਵੋ ਪਿੰਡਾਂ ਦੇ ਪਿੰਡ ਖਾਲੀ ਹੋ ਚੁੱਕੇ ਹਨ।ਮਾਝਾ ਅਤੇ ਮਾਲਵਾ ਵੀ ਦੁਆਬੇ ਨੂੰ ਪੂਰੀ ਟੱਕਰ ਦੇ ਰਿਹਾ ਹੈ। ਲਿਮਟਾਂ ਅਤੇ ਕਰਜ਼ੇ ਚੁੱਕ ਚੁੱਕ ਵਿਦੇਸ਼ਾਂ ਨੂੰ ਜਾਣ ਵਾਲੇ ਵਿਦੇਸ਼ਾਂ ਵਿੱਚ ਵੀ ਸੌਖੇ ਨਹੀਂ। ਉਥੇ ਉਹਨਾਂ ਨਾਲ ਹੋਣ ਵਾਲਾ ਭੇਦਭਾਵ ਖੂਬਸੂਰਤ ਧਰਤੀ ਦੀ ਅਸਲੀਅਤ ਬਿਆਨ ਕਰਦਾ ਹੈ।ਸੱਚ ਹਮੇਸ਼ਾ ਕੌੜਾ ਹੁੰਦਾ ਹੈ।ਸੱਚਾਈ ਤਾਂ ਇਹ ਹੈ ਕਿ ਅਜੋਕੇ ਨੌਜਵਾਨ ਛੇਤੀ ਤੋਂ ਛੇਤੀ ਅਮੀਰ ਹੋਣਾ ਲੋਚਦੇ ਹਨ। ਥੋੜੇ ਸਮੇਂ ਵਿੱਚ ਬਹੁਤੇ ਦੀ ਭਾਲ ਕਰਦੇ ਹਨ। ਸਫ਼ਲਤਾ ਇੱਕ ਦਿਨ ਵਿੱਚ ਨਹੀਂ ਮਿਲਦੀ ਪ੍ਰੰਤੂ ਜੇਕਰ ਯਤਨ ਜ਼ਾਰੀ ਰਹਿਣ ਤਾਂ ਇੱਕ ਨਾ ਇੱਕ ਦਿਨ ਸਫ਼ਲਤਾ ਜ਼ਰੂਰ ਮਿਲਦੀ ਹੈ।
ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਵਿਅਕਤੀ ਦੀ ਸੋਚ ਹੀ ਛੋਟੀ ਵੱਡੀ ਹੁੰਦੀ ਹੈ। ਅੱਲੜ੍ਹ ਉਮਰਾਂ ਵਾਲੇ ਆਪਣੇ ਦੇਸ਼ ਵਿੱਚ ਰਹਿ ਕੇ ਤਾਂ ਸਕਿਊਰਟੀ ਗਾਰੜ ਲੱਗਣ ਵਿੱਚ ਵੀ ਸ਼ਰਮ ਮਹਿਸੂਸ ਕਰਦੇ ਹਨ ਪ੍ਰੰਤੂ ਵਿਦੇਸ਼ਾਂ ਵਿੱਚ ਜਾ ਕੇ ਪੈਟਰੋਲ ਪੰਪ, ਸੋਅ ਰੂਮਾਂ ਅਤੇ ਸੜਕਾਂ ਤੇ ਕੰਮ ਕਰਦੇ ਆਮ ਹੀ ਦੇਖੇ ਜਾ ਸਕਦੇ ਹਨ।ਕੇਵਲ ਪ੍ਰਵਾਸ ਕਰਨ ਨਾਲ ਮਸਲਾ ਹੱਲ ਨਹੀਂ ਹੋਣਾ, ਕੰਮ ਕਰਨਾ ਹੋਵੇਗਾ,ਕੁੱਝ ਕਮੀਆਂ ਸਾਡੇ ਵਿੱਚ ਵੀ ਹਨ ਸਾਨੂੰ ਵੀ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨਾ ਹੋਵੇਗਾ,ਕੰਮ ਤਾਂ ਕਰਨ ਲਈ ਆਪਣੇ ਦੇਸ਼ ਵਿੱਚ ਵੀ ਬਹੁਤ ਹੈ ਪਰੰਤੂ ਕੰਮ ਕਰਨ ਨੂੰ ਜੀਅ ਨਹੀਂ ਕਰਦਾ,ਇਹੀ ਅਜੋਕੇ ਸਮੇਂ ਦੀ ਕੌੜੀ ਸੱਚਾਈ ਹੈ।
ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ
ਤਹਿ ਅਤੇ ਜ਼ਿਲ੍ਹਾ ਬਠਿੰਡਾ
7087367969