ਨਵੀਂ ਦਿੱਲੀ, 15 ਸਤੰਬਰ 2025: ਰਾਜਧਾਨੀ ਦਿੱਲੀ ਵਿੱਚ ਐਤਵਾਰ ਸ਼ਾਮ ਰਿੰਗ ਰੋਡ 'ਤੇ ਵਾਪਰੇ ਸੜਕ ਹਾਦਸੇ ਵਿੱਚ ਵਿੱਤ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਦੀ ਮੌਤ ਹੋ ਗਈ, ਜਦਕਿ ਉਨ੍ਹਾਂ ਦੀ ਪਤਨੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਹ ਹਾਦਸਾ ਦਿੱਲੀ ਛਾਉਣੀ ਮੈਟਰੋ ਸਟੇਸ਼ਨ ਨੇੜੇ ਵਾਪਰਿਆ, ਜਦੋਂ ਇੱਕ ਤੇਜ਼ ਰਫ਼ਤਾਰ BMW ਕਾਰ ਨੇ ਬਾਈਕ ਸਵਾਰ ਜੋੜੇ ਨੂੰ ਪਿੱਛੋਂ ਜ਼ੋਰਦਾਰ ਟੱਕਰ ਮਾਰੀ। ਟੱਕਰ ਇੰਨੀ ਭਿਆਨਕ ਸੀ ਕਿ ਬਾਈਕ ਡਿਵਾਈਡਰ ਨਾਲ ਜਾ ਟਕਰਾਈ ਅਤੇ ਦੋਵੇਂ ਸੜਕ 'ਤੇ ਡਿੱਗ ਪਏ।
ਮ੍ਰਿਤਕ ਦੀ ਪਛਾਣ 52 ਸਾਲਾ ਨਵਜੋਤ ਸਿੰਘ ਵਜੋਂ ਹੋਈ ਹੈ, ਜੋ ਵਿੱਤ ਮੰਤਰਾਲੇ ਦੇ ਆਰਥਿਕ ਮਾਮਲਿਆਂ ਦੇ ਵਿਭਾਗ ਵਿੱਚ ਡਿਪਟੀ ਸੈਕਟਰੀ ਦੇ ਅਹੁਦੇ 'ਤੇ ਤਾਇਨਾਤ ਸਨ। ਜਾਣਕਾਰੀ ਅਨੁਸਾਰ, ਨਵਜੋਤ ਸਿੰਘ ਆਪਣੀ ਪਤਨੀ ਨਾਲ ਬੰਗਲਾ ਸਾਹਿਬ ਗੁਰਦੁਆਰੇ ਤੋਂ ਦਰਸ਼ਨ ਕਰਕੇ ਪੱਛਮੀ ਦਿੱਲੀ ਸਥਿਤ ਆਪਣੇ ਘਰ ਹਰੀ ਨਗਰ ਵਾਪਸ ਜਾ ਰਹੇ ਸਨ।
ਨਵਜੋਤ ਸਿੰਘ ਕੇਂਦਰੀ ਸਕੱਤਰੇਤ ਸੇਵਾ (CSS) ਕੈਡਰ ਦੇ ਸੀਨੀਅਰ ਅਧਿਕਾਰੀ ਸਨ ਅਤੇ ਨੌਰਥ ਬਲਾਕ ਸਥਿਤ ਵਿੱਤ ਮੰਤਰਾਲੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਸਨ। ਹਾਲ ਹੀ ਵਿੱਚ ਉਨ੍ਹਾਂ ਨੇ IIM ਲਖਨਊ ਤੋਂ ਇੱਕ ਟ੍ਰੇਨਿੰਗ ਕੋਰਸ ਪੂਰਾ ਕੀਤਾ ਸੀ ਅਤੇ ਜਲਦੀ ਹੀ ਦਫ਼ਤਰ ਜੁਆਇਨ ਕਰਨ ਵਾਲੇ ਸਨ। ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ ਤੋਂ ਇਲਾਵਾ ਦੋ ਬੱਚੇ ਹਨ।
ਚਸ਼ਮਦੀਦਾਂ ਮੁਤਾਬਕ, ਕਾਰ ਇੱਕ ਔਰਤ ਚਲਾ ਰਹੀ ਸੀ ਅਤੇ ਉਸਦੇ ਨਾਲ ਉਸਦਾ ਪਤੀ ਮੌਜੂਦ ਸੀ। ਹਾਦਸੇ ਤੋਂ ਬਾਅਦ ਦੋਸ਼ੀ ਜੋੜੇ ਨੇ ਹੀ ਇੱਕ ਟੈਕਸੀ ਕਰਕੇ ਨਵਜੋਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਨੂੰ ਹਸਪਤਾਲ ਪਹੁੰਚਾਇਆ। ਮ੍ਰਿਤਕ ਦੇ ਬੇਟੇ ਨਵਨੂਰ ਸਿੰਘ ਨੇ ਦੋਸ਼ ਲਗਾਇਆ ਹੈ ਕਿ ਮਾਤਾ-ਪਿਤਾ ਨੂੰ ਨੇੜਲੇ ਵੱਡੇ ਸਰਕਾਰੀ ਹਸਪਤਾਲ (AIIMS ਜਾਂ ਸਫ਼ਦਰਜੰਗ) ਲਿਜਾਣ ਦੀ ਬਜਾਏ, ਉਨ੍ਹਾਂ ਨੂੰ ਲਗਭਗ 17–22 ਕਿਲੋਮੀਟਰ ਦੂਰ ਮੁਖਰਜੀ ਨਗਰ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦੇ ਪਿਤਾ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਪਰਿਵਾਰ ਦਾ ਕਹਿਣਾ ਹੈ ਕਿ ਜੇ ਸਮੇਂ ਸਿਰ ਇਲਾਜ ਮਿਲਦਾ ਤਾਂ ਸ਼ਾਇਦ ਉਨ੍ਹਾਂ ਦੀ ਜਾਨ ਬਚ ਸਕਦੀ ਸੀ।
ਪੁਲਿਸ ਨੇ ਦੱਸਿਆ ਕਿ ਦੋਸ਼ੀ ਜੋੜਾ—ਗਗਨਪ੍ਰੀਤ ਕੌਰ ਅਤੇ ਪਰੀਕਸ਼ਿਤ ਕੱਕੜ—ਗੁਰੂਗ੍ਰਾਮ ਦੇ ਵਸਨੀਕ ਹਨ ਅਤੇ ਉਹ ਵੀ ਹਾਦਸੇ ਵਿੱਚ ਜ਼ਖਮੀ ਹੋਏ ਹਨ। ਉਨ੍ਹਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਂਚ ਲਈ ਸੀਸੀਟੀਵੀ ਫੁਟੇਜ ਅਤੇ ਚਸ਼ਮਦੀਦਾਂ ਦੇ ਬਿਆਨ ਇਕੱਠੇ ਕੀਤੇ ਜਾ ਰਹੇ ਹਨ।