ਨਵੀਂ ਦਿੱਲੀ/ਚੰਡੀਗੜ੍ਹ, 26 ਅਗਸਤ 2025 : ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਨੇ ਖੁਲਾਸਾ ਕੀਤਾ ਹੈ ਕਿ ਉਹ ਆਪਣੇ ਪਰਿਵਾਰ ਸਮੇਤ ਕੈਨੇਡਾ ਛੱਡ ਕੇ ਹੁਣ ਦੁਬਈ ਸਿਫ਼ਟ ਹੋ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਕੈਨੇਡਾ ਵਿੱਚ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਉਹ ਲਗਾਤਾਰ ਖ਼ਤਰੇ ਮਹਿਸੂਸ ਕਰ ਰਹੇ ਸਨ, ਜਿਸ ਕਰਕੇ ਇਹ ਕਦਮ ਚੁੱਕਣਾ ਪਿਆ।
ਕਰਨ ਔਜਲਾ ਨੇ ਇੱਕ ਯੂਟਿਊਬ ਇੰਟਰਵਿਊ ਦੌਰਾਨ ਕਿਹਾ ਕਿ 2019 ਤੋਂ ਲੈ ਕੇ ਹੁਣ ਤੱਕ ਉਨ੍ਹਾਂ ਅਤੇ ਉਨ੍ਹਾਂ ਦੇ ਘਰ 'ਤੇ ਛੇ ਵਾਰ ਗੋਲੀਬਾਰੀ ਹੋ ਚੁੱਕੀ ਹੈ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਗੈਂਗਸਟਰਾਂ ਵੱਲੋਂ ਪੈਸੇ ਦੀ ਮੰਗ ਕੀਤੀ ਜਾਂਦੀ ਸੀ ਅਤੇ ਧਮਕੀ ਦਿੱਤੀ ਜਾਂਦੀ ਸੀ ਕਿ ਉਨ੍ਹਾਂ ਨੂੰ ਸ਼ੋਅ ਕਰਨ ਨਹੀਂ ਦਿੱਤੇ ਜਾਣਗੇ।
ਗਾਇਕ ਨੇ ਕਿਹਾ ਕਿ ਕੈਨੇਡਾ ਵਿੱਚ ਘਰ ਲੱਕੜ ਦੇ ਬਣੇ ਹੁੰਦੇ ਹਨ, ਜਿਨ੍ਹਾਂ ਵਿੱਚੋਂ ਗੋਲੀਆਂ ਆਸਾਨੀ ਨਾਲ ਲੰਘ ਜਾਂਦੀਆਂ ਹਨ, ਜਿਸ ਕਾਰਨ ਪਰਿਵਾਰ ਲਈ ਵੱਡਾ ਖ਼ਤਰਾ ਬਣਿਆ ਰਹਿੰਦਾ ਹੈ। “ਜਦੋਂ ਰਾਤ ਦੇ ਸਮੇਂ ਘਰ ਦੇ ਬਾਹਰ 30 ਰਾਊਂਡ ਫਾਇਰ ਹੋਣ ਅਤੇ ਕਾਰ ਵੀ ਚੋਰੀ ਹੋ ਜਾਵੇ, ਤਾਂ ਪੁਲਿਸ ਵੀ ਕੁਝ ਨਹੀਂ ਕਰ ਸਕਦੀ,” ਔਜਲਾ ਨੇ ਕਿਹਾ।
ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਕੁਝ ਲੋਕਾਂ ਵੱਲੋਂ ਉਨ੍ਹਾਂ ਨੂੰ "ਭੱਜ ਜਾਣਾ" ਕਹਿਣਾ ਗਲਤ ਹੈ। “ਮੈਂ ਅਸਲੀ ਜੱਟ ਹਾਂ, ਨਕਲੀ ਨਹੀਂ। ਪਰਿਵਾਰ ਦੀ ਸੁਰੱਖਿਆ ਮੇਰੀ ਪਹਿਲੀ ਤਰਜੀਹ ਹੈ,” ਉਨ੍ਹਾਂ ਨੇ ਕਿਹਾ।
ਹਾਲ ਹੀ ਵਿੱਚ ਕਰਨ ਔਜਲਾ ਆਪਣੇ ਗੀਤ ਐਮਐਫ ਗਬਰੂ ਨੂੰ ਲੈ ਕੇ ਵੀ ਚਰਚਾ ਵਿੱਚ ਰਹੇ ਸਨ ਅਤੇ ਉਨ੍ਹਾਂ ਨੂੰ ਪੰਜਾਬ ਮਹਿਲਾ ਕਮਿਸ਼ਨ ਵੱਲੋਂ ਮੁਆਫੀ ਮੰਗਣੀ ਪਈ ਸੀ।