ਗੁਰਦਾਸਪੁਰ, 13 ਜੁਲਾਈ – ਪੰਜਾਬ ਪੁਲਿਸ ਦੀ ਹੈਡ ਕਾਂਸਟੇਬਲ ਰਜਨੀ ਨੇ ਅਮਰੀਕਾ ਵਿਚ ਹੋਈਆਂ ਵਰਲਡ ਪੁਲਿਸ ਗੇਮਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 4 ਗੋਲਡ, 1 ਸਿਲਵਰ ਅਤੇ 2 ਬਰੋਂਜ਼ ਮੈਡਲ ਜਿੱਤ ਕੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ। ਇਹ ਮੈਡਲ ਉਸ ਨੇ 100 ਮੀਟਰ, 400 ਮੀਟਰ ਸਮੇਤ ਕੁੱਲ 7 ਈਵੈਂਟਸ ਵਿੱਚ ਜਿੱਤੇ।
ਰਜਨੀ ਦਾ ਖੇਡ ਕੈਰੀਅਰ 2007 ਵਿੱਚ ਸ਼ੁਰੂ ਹੋਇਆ ਸੀ, ਪਰ ਸ਼ੁਰੂਆਤ ਵਿੱਚ ਲਗਾਤਾਰ ਸੱਟਾਂ ਕਾਰਨ ਉਹ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੀ। 2014 ਵਿੱਚ ਪਹਿਲਾ ਗੋਲਡ ਜਿੱਤਣ ਤੋਂ ਬਾਅਦ, 2017 ਵਿੱਚ ਪੰਜਾਬ ਪੁਲਿਸ 'ਚ ਭਰਤੀ ਹੋਈ ਅਤੇ 2020 ਵਿੱਚ ਵਿਆਹ ਹੋ ਗਿਆ।
ਵਿਆਹ ਤੋਂ ਬਾਅਦ ਰਜਨੀ ਨੇ ਦੌੜਣਾ ਛੱਡ ਦਿੱਤਾ ਸੀ, ਪਰ ਉਸ ਦੇ ਪਤੀ ਰਾਜੇਸ਼ ਕੁਮਾਰ (ਰੈਸਲਿੰਗ ਕੋਚ) ਅਤੇ ਸੱਸ ਦਰਸ਼ਨਾ ਦੇ ਉਤਸਾਹ ਨਾਲ ਫਿਰ ਪ੍ਰੈਕਟਿਸ ਸ਼ੁਰੂ ਕੀਤੀ। 2023 ਵਿੱਚ ਪੁਲਿਸ ਖੇਡਾਂ ਵਿੱਚ ਗੋਲਡ ਮੈਡਲ ਜਿੱਤਣ ਤੋਂ ਬਾਅਦ, ਉਸ ਨੇ ਅੰਤਰਰਾਸ਼ਟਰੀ ਮੰਚ 'ਤੇ ਕਬਜ਼ਾ ਕਰ ਲਿਆ।
ਰਜਨੀ ਕਹਿੰਦੀ ਹੈ ਕਿ ਉਸ ਦੀ ਕਾਮਯਾਬੀ ਪਿੱਛੇ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੈ। ਸੱਸ ਨੇ ਉਸ ਨੂੰ ਧੀ ਵਾਂਗ ਪਿਆਰ ਦਿੱਤਾ ਅਤੇ ਤਿੰਨ ਸਾਲ ਦੀ ਧੀ ਦੀ ਪੂਰੀ ਦੇਖਭਾਲ ਕੀਤੀ। ਰੈਸਲਿੰਗ ਕੋਚ ਸਨੂਜ ਨੇ ਉਸਦੀ ਡਾਇਟ ਅਤੇ ਫਿਟਨੈਸ ਵਿਚ ਪੂਰੀ ਮਦਦ ਕੀਤੀ।
ਹੁਣ ਰਜਨੀ ਦੀ ਨਿਗਾਹ ਉੜਨ ਪਰੀ ਪੀਟੀ ਓਸ਼ਾ ਦੇ ਰਿਕਾਰਡ 'ਤੇ ਹੈ, ਜਿਸ ਨੂੰ ਤੋੜ ਕੇ ਉਹ ਪੰਜਾਬ ਨੂੰ ਅੰਤਰਰਾਸ਼ਟਰੀ ਐਥਲੈਟਿਕਸ ਮੰਚ 'ਤੇ ਹੋਰ ਉੱਚਾਈਆਂ 'ਤੇ ਲੈ ਜਾਣਾ ਚਾਹੁੰਦੀ ਹੈ।