ਬਠਿੰਡਾ : ਸ਼ਹਿਰ ਦੇ ਪਰਸਰਾਮ ਨਗਰ ਵਿਚ ਗ੍ਰਿਫ਼ਤਾਰ ਕਰਨ ਗਈ ਪੁਲਿਸ ਪਾਰਟੀ ’ਤੇ ਫਾਈਰਿੰਗ ਕਰਦਿਆਂ ਇਕ ਥਾਣੇਦਾਰ ਨੂੰ ਜਖਮੀ ਕਰਕੇ ਫਰਾਰ ਹੋਏ ਲੁਟੇਰਿਆਂ ਨੂੰ ਪੁਲਿਸ ਨੇ ਐਤਵਾਰ ਦੀ ਅੱਧੀ ਰਾਤ ਨੂੰ ਪੁਲਿਸ ਮੁਕਾਬਲੇ ਬਾਅਦ ਗ੍ਰਿਫ਼ਤਾਰ ਕਰ ਲਿਆ। ਜਦੋਂ ਪੁਲਿਸ ਪਾਰਟੀ ਲੁਟੇਰਿਆਂ ਨੂੰ ਫੜ੍ਹਨ ਲਈ ਗੲਂੀ ਤਾਂ ਉਨ੍ਹਾਂ ਗੋਲੀ ਚਲਾ ਕੇ ਸੀਆਈਏ ਸਟਾਫ਼ ਇਕ ਦੇ ਥਾਣੇਦਾਰ ਸੁਖਪ੍ਰੀਤ ਸਿੰਘ ਨੂੰ ਜ਼ਖ਼ਮੀ ਕਰ ਦਿੱਤਾ ਅਤੇ ਫਰਾਰ ਹੋ ਗਏ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਜ਼ਿਲ੍ਹੇ ਅੰਦਰ ਮੁਸਤੈਦੀ ਵਧਾ ਦਿੱਤੀ।ਇਸ ਦੌਰਾਨ ਸੀਆਈਏ ਸਟਾਫ਼ ਦੇ ਏਐਸਆਈ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠਲੀ ਪੁਲਿਸ ਟੀਮ ਨੇ ਤਿੰਨ੍ਹਾਂ ਲੁਟੇਰਿਆਂ ਨੂੰ ਪਰਸਰਾਮ ਨਗਰ ਤੋਂ ਅੱਗੇ ਬਹਿਮਣ ਪੁਲ ਉੱਪਰ ਘੇਰ ਲਿਆ, ਪਰ ਲੁਟੇਰਿਆਂ ਨੇ ਮੁੜ ਪੁਲਿਸ ’ਤੇ ਫਾਈਰਿੰਗ ਕਰ ਦਿੱਤੀ। ਪੁਲਿਸ ਦੀ ਜਵਾਬੀ ਕਾਰਵਾਈ ਵਿਚ ਦੋ ਲੁਟੇਰੇ ਵੀ ਜਖਮੀ ਹੋ ਗਏ। ਮਾਮਲੇ ਦੀ ਜਾਣਕਾਰੀ ਦਿੰਦਿਆਂ ਬਠਿੰਡਾ ਦੀ ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਥਾਣਾ ਕੈਂਟ ਦੇ ਇਲਾਕੇ ਵਿਚ ਰਿਲਾਇੰਸ ਮਾਲ ਨਜਦੀਕ ਇਕ ਸਰਾਬ ਦੇ ਠੇਕੇ ’ਤੇ ਲੁੱਟ ਵਾਰਦਾਤ ਵਾਪਰੀ ਸੀ, ਜਿਸ ਵਿਚ ਮੋਟਰਸਾਈਕਲ ਸਵਾਰ ਦੋ ਲੁਟੇਰੇ ਕਰਿੰਦੇ ਕੋਲੋਂ ਹਥਿਆਰਾਂ ਦੀ ਨੋਕ ‘ਤੇ 10 ਹਜ਼ਾਰ ਰੁਪਏ ਦੀ ਨਗਦੀ ਤੇ ਮੋਬਾਇਲ ਲੁੱਟ ਕੇ ਲੈ ਗਏ ਸਨ। ਇਸ ਸਬੰਧ ਵਿਚ ਪਰਚਾ ਦਰਜ ਕਰਕੇ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਸੀ। ਐਤਵਾਰ ਦੇਰ ਸ਼ਾਮ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰੇ ਪਰਸਰਾਮ ਨਗਰ ਵਿਚ ਕਿਸੇ ਪੈਪਸੀ ਨਾਲ ਦੇ ਨੌਜਵਾਨ ਦੇ ਘਰ ਲੁਕੇ ਹਨ ਜਿਸ ਤੋਂ ਬਾਅਦ ਸੀਆਈਏ ਸਟਾਫ਼ ਇਕ ਦੇ ਥਾਣੇਦਾਰ ਸੁਖਪ੍ਰੀਤ ਸਿੰਘ ਦੀ ਅਗਵਾਈ ਹੇਠ ਸੀਆਈਏ ਅਤੇ ਥਾਣਾ ਕੈਂਟ ਦੀ ਟੀਮ ਪਰਸਰਾਮ ਨਗਰ ਇਲਾਕੇ ਵਿਚ ਰੋਹਿਤ ਕੁਮਾਰ ਉਰਫ਼ ਪੈਪਸੀ ਦੇ ਘਰ ਪੁੱਜੀ। ਇਸ ਦੌਰਾਨ ਉਥੇ ਦੋ ਨੌਜਵਾਨ ਮੌਕੇ ’ਤੇ ਪਾਏ ਗਏ, ਜਦ ਪੁਲਿਸ ਪਾਰਟੀ ਉਨ੍ਹਾਂ ਕੋਲੋਂ ਪੁਛਗਿੱਛ ਕਰਨ ਲੱਗੀ ਤਾਂ ਇੱਕ ਨੌਜਵਾਨ ਨੇ ਆਪਣੇ ਡੱਬ ਵਿੱਚੋਂ ਅਚਾਨਕ ਪਿਸਤੌਲ ਕੱਢ ਕੇ ਪੁਲਿਸ ਪਾਰਟੀ ’ਤੇ ਗੋਲੀ ਚਲਾ ਦਿੱਤੀ, ਜਿਹੜ ਕਿ ਥਾਣੇਦਾਰ ਸੁਖਪ੍ਰੀਤ ਸਿੰਘ ਦੇ ਪੈਰ ’ਤੇ ਲੱਗੀ। ਇਸ ਤੋਂ ਬਾਅਦ ਮੌਕੇ ਦਾ ਫ਼ਾਈਦਾ ਉਠਾਉਂਦਿਆਂ ਇਹ ਤਿੰਨੇਂ ਜਣੇ ਮੋਟਰਸਾਈਕਲ ’ਤੇ ਫ਼ਰਾਰ ਹੋ ਗਏ। ਇਸ ਦੌਰਾਨ ਜਖਮੀ ਥਾਣੇਦਾਰ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸਦੀ ਹਾਲਾਤ ਨੂੰ ਦੇਖਦਿਆਂ ਏਮਜ਼ ਰੈਫ਼ਰ ਕਰ ਦਿੱਤਾ ਗਿਆ। ਇਸਦੇ ਨਾਲ ਹੀ ਇਸ ਘਟਨਾ ਦਾ ਪਤਾ ਲੱਗਦੇ ਹੀ ਹਰਕਤ ਵਿਚ ਆਉਂਦਿਆਂ ਪੁਲਿਸ ਫ਼ੋਰਸ ਨੇ ਇਨ੍ਹਾਂ ਫ਼ਰਾਰ ਨੌਜਵਾਨਾਂ ਨੂੰ ਕਾਬੂ ਕਰਨ ਲਈ ਮਸ਼ਕਾਂ ਵਿੱਢ ਦਿੱਤੀਆਂ, ਜਿਸ ਤੋਂ ਬਾਅਦ ਅੱਧੀ ਰਾਤ ਨੂੰ ਸੀਆਈਏ ਦੇ ਥਾਣੇਦਾਰ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ ਮੁੜ ਇੰਨ੍ਹਾਂ ਨੂੰ ਘੇਰ ਲਿਆ।ਐਸਐਸਪੀ ਮੁਤਾਬਕ ਜਦ ਇੰਨ੍ਹਾਂ ਨੂੰ ਕਾਬੂ ਕਰਨ ਦੀ ਕੋਸਿਸ਼ ਕੀਤੀ ਤਾਂ ਮੁੜ ਇਕ ਨੌਜਵਾਨ ਨੇ ਪੁਲਿਸ ਪਾਰਟੀ ਉਪਰ ਫ਼ਾਈਰ ਕਰਨੇ ਸ਼ੁਰੂ ਕਰ ਦਿੱਤੇ ਤੇ ਜਵਾਬੀ ਕਾਰਵਾਈ ਵਿਚ ਦੋ ਜਣੇ ਜਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਕਾਬੂ ਕੀਤੇ ਲੁਟੇਰਿਆਂ ਦੀ ਪਛਾਣ ਅਮਰਜੀਤ ਸਿੰਘ ਵਾਸੀ ਕੋਠੇ ਅਮਰਪੁਰਾ ਅਤੇ ਰਾਜੀਵ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਅਤੇ ਰੋਹਿਤ ਕੁਮਾਰ ਵਾਸੀ ਪਰਸਰਾਮ ਨਗਰ ਵਜੋਂ ਹੋਈ ਹੈ। ਐਸਐਸਪੀ ਨੇ ਦੱਸਿਆ ਕਿ ਮੁਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਅਮਰਜੀਤ ਤੇ ਰਾਜੀਵ ਨੇ ਹੀ ਠੇਕੇ ਉਪਰੋਂ ਲੁੱਟ ਕੀਤੀ ਸੀ ਤੇ ਦੋਨਾਂ ਥਾਵਾਂ ‘ਤੇ ਪੁਲਿਸ ਪਾਰਟੀ ਉਪਰ ਅਮਰਜੀਤ ਸਿੰਘ ਨੇ ਗੋਲੀਆਂ ਚਲਾਈਆਂ ਸਨ। ਉਨ੍ਹਾਂ ਦੱਸਿਆ ਕਿ ਅਮਰਜੀਤ ਉਪਰ ਪਹਿਲਾਂ ਵੀ ਲੁੱਟ-ਖੋਹ ਦੇ ਤਿੰਨ ਪਰਚੇ ਦਰਜ ਹਨ। ਫ਼ਿਲਹਾਲ ਪੁਲਿਸ ਵੱਲੋਂ ਡੂੰਘਾਈ ਨਾਲ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।