ਮਾਨਸਾ: ਸ਼ੰਭੂ ਬਾਰਡਰ ’ਤੇ ਥਾਣੇ ਦੇ ਘਿਰਾਓ ਦੇ ਕੁਝ ਜ਼ਿਲ੍ਹਿਆਂ ਦੇ ਪ੍ਰੋਗਰਾਮ ਦੇ ਚੱਲਦਿਆਂ ਮਾਨਸਾ ਪੁਲਿਸ ਨੇ ਅੱਜ ਸਵੇਰੇ ਹੀ ਘਰਾਂ ‘ਚ ਛਾਪੇ ਮਾਰੀ ਕਰਦਿਆਂ ਬੀਕੇਯੂ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਸਮੇਤ ਦਰਜਨ ਦੇ ਕਰੀਬ ਆਗੂਆਂ ਨੂੰ ਚੁੱਕ ਥਾਣਿਆਂ ਤੇ ਚੌਕੀਆਂ ’ਚ ਡੱਕ ਦਿੱਤਾ ।ਬੀਕੇਯੂ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਵਾ ਗੁਰਚਰਨ ਸਿੰਘ ਭੀਖੀ, ਜਗਰਾਜ ਸਿੰਘ ਹੀਰੋਂ, ਸੁਖਦੇਵ ਸਿੰਘ ਕੋਟਲੀ, ਹਰਮੀਤ ਸਿੰਘ ਝੰਡਾ ਕਲਾਂ, ਬਲਵੀਰ ਸਿੰਘ ਝੰਡੂਕੇ, ਦੀਦਾਰ ਸਿੰਘ ਖਾਰਾ ਸਮੇਤ ਇੱਕ ਦਰਜਨ ਦੇ ਕਰੀਬ ਆਗੂਆਂ ਨੂੰ ਛਾਪੇਮਾਰੀ ਚੁੱਕ ਲਿਆ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਚੌਕੀ ਠੂਠਿਆਂਵਾਲੀ ’ਚ ਲਿਆਂਦਾ ਗਿਆ ਹੈ, ਜਦੋਂਕਿ ਇਸ ਦੇ ਇਲਾਵਾ ਕੁਝ ਨੂੰ ਕੋਟਧਰਮੂ ਚੌਕੀ, ਝੁਨੀਰ ਥਾਣਾ, ਭੀਖੀ ਤੇ ਸਰਦੂਲਗੜ੍ਹ ’ਚ ਲਿਜਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਦਾ ਕੋਈ ਪ੍ਰੋਗਰਾਮ ਨਹੀਂ ਸੀ। ਉਨ੍ਹਾਂ ਨੇ ਮਾਨਸਾ ਕੈਂਚੀਆਂ ਕੋਲ ਇੱਕ ਮੀਟਿੰਗ ਕਰਨੀ ਸੀ, ਪਰ ਸਵੇਰੇ 4 ਤੋਂ 5 ਵਜੇ ਤੱਕ ਹੀ ਆਗੂਆਂ ਨੂੰ ਚੁੱਕ ਲਿਆ ਗਿਆ। ਇਹ ਕਿਸਾਨਾਂ ਨਾਲ ਧੱਕੇਸ਼ਾਹੀ ਹੈ ਅਤੇ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸ਼ੰਭੂ ਬਾਰਡਰ ’ਤੇ ਥਾਣੇ ਦਾ ਘਿਰਾਓ ਉਥੇ ਨੇੜਲੇ ਦੋ ਕੁ ਜ਼ਿਲ੍ਹਿਆਂ ਵੱਲੋਂ ਕੀਤਾ ਜਾਣਾ ਸੀ, ਮਾਨਸਾ ਜ਼ਿਲ੍ਹੇ ਦਾ ਕੋਈ ਪ੍ਰੋਗਰਾਮ ਨਹੀਂ ਸੀ। ਜਥੇਬੰਦੀ ਵੱਲੋਂ ਉਨ੍ਹਾਂ ਨੂੰ ਕੋਈ ਸੁਨੇਹਾ ਨਹੀਂ ਆਇਆ ਸੀ।