ਤਰਨਤਾਰਨ : ਪਿੰਡ ਪਲਾਸੌਰ ਵਾਸੀ ਨੌਜਵਾਨ ਨੇ ਇਕ ਔਰਤ ਉੱਪਰ ਕੈਨੇਡਾ ਲਿਜਾਣ ਦੇ ਨਾਂ ’ਤੇ 22 ਲੱਖ ਦੀ ਠੱਗੀ ਮਾਰਨ ਦੇ ਦੋਸ਼ ਲਗਾਏ ਹਨ ਜਿਨ੍ਹਾਂ ਦੀ ਜਾਂਚ ਐੱਸਪੀ ਪੱਧਰ ਦੇ ਅਧਿਕਾਰੀ ਵੱਲੋਂ ਕੀਤੇ ਜਾਣ ਉਪਰੰਤ ਵਿਦੇਸ਼ ਗਈ ਔਰਤ, ਉਸ ਦੇ ਪਤੀ ਸਮੇਤ ਤਿੰਨ ਜਣਿਆਂ ਵਿਰੁੱਧ ਥਾਣਾ ਸਿਟੀ ਤਰਨਤਾਰਨ ਵਿਖੇ ਕੇਸ ਦਰਜ ਕੀਤਾ ਗਿਆ ਹੈ।ਪਲਾਸੌਰ ਵਾਸੀ ਨੌਜਵਾਨ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਰਿਆਲੀ ਕਲਾਂ ਵਾਸੀ ਰਮਨਜੀਤ ਕੌਰ, ਉਸ ਦੇ ਪਤੀ ਸਰਬਜੀਤ ਸਿੰਘ ਅਤੇ ਬਲਵਿੰਦਰ ਕੌਰ ਨਾਮਕ ਔਰਤ ਨੇ ਉਸ ਨੂੰ ਕੈਨੇਡਾ ਲਿਜਾਣ ਦੀ ਗੱਲ ਕੀਤੀ ਜਿਸ ਦੇ ਲਈ ਸਰਬਜੀਤ ਸਿੰਘ ਦੀ ਪਤਨੀ ਰਮਨਜੀਤ ਕੌਰ ਦਾ ਉਸ ਨਾਲ ਵਿਆਹ ਕਰਵਾ ਦਿੱਤਾ। ਉਕਤ ਨੌਜਵਾਨ ਦੇ 22 ਲੱਖ ਰੁਪਏ ਲਗਵਾ ਕੇ ਰਮਨਜੀਤ ਕੌਰ ਕੈਨੇਡਾ ਚਲੀ ਗਈ ਪਰ ਉਸ ਨੂੰ ਵਿਦੇਸ਼ ਨਹੀਂ ਲੈ ਕੇ ਗਈ। ਉਲਟਾ ਹੁਣ ਉਸ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। 22 ਅਕਤੂਬਰ 2024 ’ਚ ਦਿੱਤੀ ਗਈ ਉਕਤ ਸ਼ਿਕਾਇਤ ਦੀ ਪੜਤਾਲ ਐੱਸਪੀ ਇਨਵੈਸਟੀਗੇਸ਼ਨ ਵੱਲੋਂ ਕੀਤੇ ਜਾਣ ਉਪਰੰਤ ਰਮਨਜੀਤ ਕੌਰ, ਉਸ ਦੇ ਪਤੀ ਸਰਬਜੀਤ ਸਿੰਘ ਅਤੇ ਬਲਵਿੰਦਰ ਕੌਰ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਅਗਲੀ ਜਾਂਚ ਏਐੱਸਆਈ ਅਮਰਜੀਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ।