ਚੰਡੀਗੜ੍ਹ: ਇੰਡੀਅਨ ਓਵਰਸੀਜ਼ ਬੈਂਕ, ਪੰਜਾਬ ਨੈਸ਼ਨਲ ਬੈਂਕ ਅਤੇ ਬੈਂਕ ਆਫ ਬੜੌਦਾ ਨਾਲ ਕਰੀਬ 300 ਕਰੋੜ ਰੁਪਏ ਦੀ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਭਗੌੜੇ ਮੁਲਜ਼ਮ ਸੁਖਵਿੰਦਰ ਸਿੰਘ ਛਾਬੜਾ ਬਾਰੇ ਸੂਚਨਾ ਮਿਲੀ ਹੈ। ਈਡੀ ਲੰਬੇ ਸਮੇਂ ਤੋਂ ਮੁਲਜ਼ਮ ਦੀ ਭਾਲ ਕਰ ਰਹੀ ਸੀ ਅਤੇ ਹੁਣ ਪਤਾ ਲੱਗਾ ਹੈ ਕਿ ਉਹ ਥਾਈਲੈਂਡ ਵਿੱਚ ਲੁਕਿਆ ਹੋਇਆ ਹੈ। ਛਾਬੜਾ ਸਮੇਤ ਕਰੀਬ 50 ਮੁਲਜ਼ਮਾਂ ਖ਼ਿਲਾਫ਼ ਪੀਐਮਐਲਏ ਵਿਸ਼ੇਸ਼ ਅਦਾਲਤ ਵਿੱਚ ਮਨੀ ਲਾਂਡਰਿੰਗ ਦਾ ਕੇਸ ਚੱਲ ਰਿਹਾ ਹੈ। ਦੋਸ਼ ਹੈ ਕਿ ਇੰਡੀਅਨ ਓਵਰਸੀਜ਼ ਬੈਂਕ ਦੇ ਅਧਿਕਾਰੀਆਂ ਅਤੇ ਕੁਝ ਕਾਰੋਬਾਰੀਆਂ ਦੀ ਮਿਲੀਭੁਗਤ ਕਾਰਨ ਬੈਂਕਾਂ ਨੂੰ ਕਰੋੜਾਂ ਦਾ ਨੁਕਸਾਨ ਹੋਇਆ ਹੈ। ਦੋਸ਼ੀ ਬੈਂਕ ਅਧਿਕਾਰੀਆਂ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਅਤੇ ਹਾਂਗਕਾਂਗ ਦੀ ਕੰਪਨੀ ਨੂੰ ਫਾਇਦਾ ਪਹੁੰਚਾਇਆ। ਇਸ ਘਪਲੇ ਵਿੱਚ ਦਿੱਲੀ ਦੇ ਕਾਰੋਬਾਰੀ ਸੁਖੇਸ਼ਵਰ ਸਿੰਘ ਛਾਬੜਾ ਦਾ ਨਾਂ ਵੀ ਸਾਹਮਣੇ ਆਇਆ ਸੀ। ਉਸ ਦੇ ਖਾਤੇ ਵਿੱਚ ਬੈਂਕਾਂ ਤੋਂ ਕਰੋੜਾਂ ਰੁਪਏ ਦਾ ਕਰਜ਼ਾ ਵੀ ਸੀ ਜੋ ਵਾਪਸ ਨਹੀਂ ਕੀਤਾ ਗਿਆ। ਕਰੋੜਾਂ ਰੁਪਏ ਦੇ ਇਹ ਕਰਜ਼ੇ ਜਾਅਲੀ ਦਸਤਾਵੇਜ਼ਾਂ ਰਾਹੀਂ ਲਏ ਗਏ ਸਨ।ਈਡੀ ਨੇ ਮੁਲਜ਼ਮ ਛਾਬੜਾ ਦੇ ਮਾਮਲੇ ਸਬੰਧੀ ਚੰਡੀਗੜ੍ਹ ਸਥਿਤ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐਮਐਲਏ) ਦੀ ਵਿਸ਼ੇਸ਼ ਅਦਾਲਤ ਨੂੰ ਸੂਚਿਤ ਕੀਤਾ ਹੈ। ਹੁਣ ਈਡੀ ਵੱਲੋਂ ਗ੍ਰਹਿ ਮੰਤਰਾਲੇ ਦੀ ਮਦਦ ਨਾਲ ਮੁਲਜ਼ਮਾਂ ਨੂੰ ਭਾਰਤ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਫਿਲਹਾਲ ਈਡੀ ਦੀ ਵਿਸ਼ੇਸ਼ ਅਦਾਲਤ ਵੱਲੋਂ ਦੋਸ਼ੀ ਦੇ ਥਾਈਲੈਂਡ ਦੇ ਪਤੇ 'ਤੇ ਸੰਮਨ ਭੇਜੇ ਜਾਣਗੇ।
ਇਹ ਹੈ ਮਾਮਲਾ
8 ਅਗਸਤ 2016 ਨੂੰ ਦਿੱਲੀ ਸੀਬੀਆਈ ਨੇ ਇਸ ਘੁਟਾਲੇ ਦਾ ਪਰਦਾਫਾਸ਼ ਕੀਤਾ ਸੀ। ਇਲਜ਼ਾਮ ਸੀ ਕਿ ਇੰਡੀਅਨ ਓਵਰਸੀਜ਼ ਬੈਂਕ ਦੀ ਚੰਡੀਗੜ੍ਹ ਸ਼ਾਖਾ ਦੇ ਵਿਦੇਸ਼ ਵਿਭਾਗ ਵਿੱਚ ਤਾਇਨਾਤ ਸਹਾਇਕ ਮੈਨੇਜਰ ਆਸ਼ੂ ਮਹਿਰਾ ਅਤੇ ਹੋਰ ਅਧਿਕਾਰੀਆਂ ਨੇ ਮਿਲ ਕੇ ਹਾਂਗਕਾਂਗ ਦੀ ਇੱਕ ਕੰਪਨੀ ਨੂੰ ਫਾਇਦਾ ਪਹੁੰਚਾਇਆ, ਜਿਸ ਕਾਰਨ ਇੰਡੀਅਨ ਓਵਰਸੀਜ਼ ਬੈਂਕ ਦੀ ਦੁਬਈ ਸ਼ਾਖਾ ਸਮੇਤ ਪੰਜਾਬ ਨੈਸ਼ਨਲ ਬੈਂਕ ਅਤੇ ਬੈਂਕ ਆਫ ਬੜੌਦਾ ਦੀ ਬਾਹਮਾਂਸ ਬਰਾਂਚ ਨੂੰ 47.86 ਮਿਲੀਅਨ ਡਾਲਰ (ਲਗਪਗ 321 ਕਰੋੜ ਰੁਪਏ) ਦਾ ਨੁਕਸਾਨ ਹੋਇਆ ਹੈ। ਮਾਮਲੇ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਸੀਬੀਆਈ ਨੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ ਜਿਸ ਤੋਂ ਬਾਅਦ ਈਡੀ ਨੇ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ।