ਗੁਰੂ ਹਰਸਹਾਏ :ਸਥਾਨਕ ਪਿੰਡ ਵਿਰਕ ਖ਼ੁਰਦ ਕਰਕਾਂਦੀ ’ਚ ਐਤਵਾਰ ਨੂੰ ਪਾਈਪ ਨਾਲ ਲਟਕਦੀ ਮਿਲੀ ਬੱਚੇ ਦੀ ਲਾਸ਼ ਦੇ ਮਾਮਲੇ ’ਚ ਦਿਲ ਕੰਬਾ ਦੇਣ ਵਾਲਾ ਖ਼ੁਲਾਸਾ ਹੋਇਆ ਹੈ। ਜਾਂਚ ’ਚ ਪਤਾ ਲੱਗਿਆ ਹੈ ਕਿ ਬੱਚੇ ਨੇ ਫਾਹਾ ਲਾ ਕੇ ਖ਼ੁਦਕੁਸ਼ੀ ਕੀਤੀ ਸੀ। ਜ਼ਿਕਰਯੋਗ ਹੈ ਕਿ ਐਤਵਾਰ ਦੇਰ ਸ਼ਾਮ ਵਾਟਰ ਵਰਕਸ ਦੀ ਇਮਾਰਤ ਦੀ ਪਾਈਪ ਨਾਲ ਕਰੀਬ 10 ਸਾਲਾ ਬੱਚੇ ਦੀ ਲਾਸ਼ ਲਟਕਦੀ ਮਿਲੀ ਸੀ। ਏਨੇ ਛੋਟੇ ਬੱਚੇ ਦੀ ਇਸ ਹਾਲਤ ’ਚ ਮਿਲੀ ਲਾਸ਼ ਕਾਰਨ ਇਲਾਕੇ ’ਚ ਸਨਸਨੀ ਫੈਲ ਗਈ ਸੀ। ਪੁਲਿਸ ਜਾਂਚ ਕਰ ਰਹੀ ਸੀ ਕਿ ਬੱਚੇ ਲਾਸ਼ ਇੱਥੇ ਕਿਵੇਂ ਆਈ। ਮੰਗਲਵਾਰ ਨੂੰ ਜਾਂਚ ਤੋਂ ਬਾਅਦ ਬੱਚੇ ਦੀ ਪਛਾਣ ਕਰਨ ਵਾਸੀ ਅਰਾਈਆਂ ਵਾਲਾ ਦੇ ਤੌਰ ’ਤੇ ਹੋਈ ਹੈ। ਡੀਐੱਸਪੀ ਸੋਨੀ ਨੇ ਦੱਸਿਆ ਕਿ ਬੱਚੇ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਕਰਨ ਚੌਥੀ ਜਮਾਤ ਦਾ ਵਿਦਿਆਰਥੀ ਸੀ। ਉਸ ਦੇ ਹੱਥੋਂ ਡਿੱਗ ਕੇ ਮੋਬਾਈਲ ਫੋਨ ਟੁੱਟ ਗਿਆ ਸੀ, ਇਸ ਕਾਰਨ ਉਹ ਡਰ ਗਿਆ ਸੀ ਕਿ ਉਸ ਨੂੰ ਡਾਂਟ ਪਵੇਗੀ। ਇਸੇ ਡਰ ਕਾਰਨ ਉਸ ਨੇ ਪਾਈਪ ਲਾਈਨ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ। ਡੀਐੱਸਪੀ ਅਤੁਲ ਸੋਨੀ ਨੇ ਦੱਸਿਆ ਕਿ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ।