ਸੁਨਾਮ
ਸੋਮਵਾਰ ਨੂੰ ਸੁਨਾਮ ਦੇ ਬੱਸ ਅੱਡੇ 'ਤੇ ਪੀਆਰਟੀਸੀ ਸਰਕਾਰੀ ਬੱਸਾਂ ਦੀ ਘਾਟ ਕਾਰਨ ਸਵਾਰੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਕਈ ਘੰਟੇ ਬੱਸਾਂ ਨਾ ਆਉਣ ਕਾਰਨ ਸਵਾਰੀਆਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ। ਬਜ਼ੁਰਗ ਅੌਰਤਾਂ ਨੇ ਸਰਕਾਰ ਨੂੰ ਕੋਸਦੇ ਹੋਏ ਗੁੱਸਾ ਜ਼ਾਹਰ ਕੀਤਾ। ਬੱਸਾਂ ਦਾ ਇੰਤਜ਼ਾਰ ਕਰ ਰਹੀਆਂ ਅੌਰਤਾਂ ਸੁਰਜੀਤ ਕੌਰ, ਜਸਮੇਲ ਕੌਰ, ਜੰਗੀਰ ਕੌਰ, ਪਰਮਿੰਦਰ ਕੌਰ, ਕੁਲਦੀਪ ਕੌਰ ਅਤੇ ਬਲਵਿੰਦਰ ਕੌਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਸਰਕਾਰ ਵੱਲੋਂ ਧੂਰੀ ਵਿੱਚ ਰੈਲੀ ਕੀਤੀ ਜਾ ਰਹੀ ਹੈ ਅਤੇ ਇਸ ਰੈਲੀ ਨੇ ਉਨ੍ਹਾਂ ਨੂੰ ਪੇ੍ਸ਼ਾਨੀ ਵਿੱਚ ਪਾ ਦਿੱਤਾ ਹੈ। ਉਹ ਕਈ ਘੰਟਿਆਂ ਤੋਂ ਬੱਸ ਦੀ ਉਡੀਕ ਕਰ ਰਹੀਆਂ ਹਨ ਲੇਕਿਨ ਕੋਈ ਸਰਕਾਰੀ ਬੱਸ ਨਹੀਂ ਆ ਰਹੀ । ਅੌਰਤਾਂ ਨੇ ਸਰਕਾਰ ਖਿਲਾਫ ਆਪਣਾ ਗੁੱਸਾ ਕੱਿਢਆ ਹੈ। ਇਸੇ ਦੌਰਾਨ ਸ਼ੋ੍ਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸੁਨਾਮ ਹਲਕੇ ਦੇ ਇੰਚਾਰਜ਼ ਰਾਜਿੰਦਰ ਦੀਪਾ ਬੱਸ ਸਟੈਂਡ ਪੁੱਜੇ ਅਤੇ ਅੌਰਤਾਂ ਦੀਆਂ ਸਮੱਸਿਆਵਾਂ ਸੁਣਕੇ ਸਰਕਾਰ ਨੂੰ ਘੇਰਿਆ। ਦੀਪਾ ਨੇ ਕਿਹਾ ਕਿ 'ਆਪ' ਸਰਕਾਰ ਨੇ ਆਪਣੀ ਸਿਆਸਤ ਚਮਕਾਉਣ ਲਈ ਲੋਕਾਂ ਦੇ ਹਿੱਤਾਂ ਦੀ ਬਲੀ ਦਿੱਤੀ ਹੈ। ਰੈਲੀ ਵਿੱਚ ਸਰਕਾਰੀ ਬੱਸਾਂ ਦੀ ਵਰਤੋਂ ਕਰਨਾ ਅਤੇ ਲੁਧਿਆਣਾ ਦਿੱਲੀ ਮੁੱਖ ਮਾਰਗ ਨੂੰ ਬੰਦ ਕਰਨਾ ਬੇਹੱਦ ਮੰਦਭਾਗਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਦੇ ਪਵਿੱਤਰ ਦਿਹਾੜੇ ਮੌਕੇ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਨੂੰ ਪੇ੍ਸ਼ਾਨੀ ਹੋਈ ਹੈ। ਇਸ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ, ਘੱਟ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਥਿਤ ਤੌਰ ਤੇ ਸਰਕਾਰੀ ਸਮਾਗਮ ਉਲੀਕਕੇ ਲੋਕਾਂ ਦੇ ਟੈਕਸਾਂ ਦਾ ਪੈਸਾ ਵਰਤਿਆ ਜਾ ਰਿਹਾ ਹੈ, ਸੂਬੇ ਦੀ ਜਨਤਾ ਆਮ ਆਦਮੀ ਅਖਵਾਉਣ ਵਾਲਿਆਂ ਦੇ ਚਿਹਰੇ ਨੂੰ ਸਮਝ ਚੁੱਕੀ ਹੈ।