ਬਟਾਲਾ: ਕਸਬਾ ਵਡਾਲਾ ਗ੍ਰੰਥੀਆਂ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਦੀ ਖੁਸ਼ੀ 'ਚ ਸਜਾਏ ਨਗਰ ਕੀਰਤਨ ਦੌਰਾਨ ਉਸ ਵੇਲੇ ਕੁਦਰਤੀ ਭਾਣਾ ਵਾਪਰ ਗਿਆ ਜਦ ਪ੍ਰਸ਼ਾਦਿ ਵਰਤਾ ਰਹੇ ਇੱਕ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਕੇ 'ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਵਡਾਲਾ ਗ੍ਰੰਥੀਆਂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਮੌਕੇ ਸ਼ਰਧਾ ਉਤਸ਼ਾਹ ਅਤੇ ਖੁਸ਼ੀਆਂ ਨਾਲ ਕੱਢੇ ਜਾ ਰਹੇ ਨਗਰ ਕੀਰਤਨ ਵਿੱਚ ਉਸ ਵੇਲੇ ਮਾਯੂਸੀ ਛਾ ਗਈ ਜਦੋਂ ਨਗਰ ਕੀਰਤਨ ਵਿੱਚ ਪ੍ਰਸ਼ਾਦ ਵਰਤਾਉਣ ਦੀ ਸੇਵਾ ਕਰ ਰਹੇ ਇੱਕ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਕੇ 'ਤੇ ਮੌਤ ਹੋ ਗਈ । ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਨਗਰ ਦੇ ਬਾਜ਼ਾਰਾਂ 'ਚੋਂ ਗੁਜਰ ਰਿਹਾ ਸੀ ਤਾਂ ਗਲੀਆਂ ਵਿੱਚ ਬਿਜਲੀ ਦੀਆਂ ਨੀਵੀਆਂ ਤਾਰਾਂ ਨੂੰ ਡੰਡਿਆਂ ਨਾਲ ਕੁਝ ਨੌਜਵਾਨ ਉੱਪਰ ਚੁੱਕ ਕੇ ਪਾਲਕੀ ਸਾਹਿਬ ਵਾਲੀ ਟਰਾਲੀ ਲੰਘਾ ਰਹੇ ਸਨ ਕਿ ਅਚਾਨਕ ਇੱਕ ਤਾਰ ਨੰਗੀ ਹੋਣ ਕਰਕੇ ਟਰਾਲੀ ਵਿੱਚ ਕਰੰਟ ਆ ਗਿਆ ਭਾਵੇਂ ਪਾਲਕੀ ਸਾਹਿਬ ਵਾਲੀ ਟਰਾਲੀ ਵਿੱਚ ਕਈ ਸ਼ਰਧਾਲੂ ਸੇਵਾ ਕਰ ਰਹੇ ਸਨ ਅਤੇ ਗੁਰਦੁਆਰਾ ਸਾਹਿਬ ਤੇ ਗ੍ਰੰਥੀ ਦਵਿੰਦਰ ਸਿੰਘ ਦਾ 21 ਸਾਲਾ ਨੌਜਵਾਨ ਪੁੱਤਰ ਬਿਕਰਮਜੀਤ ਸਿੰਘ ਜੋ ਕਿ ਟਰਾਲੀ ਦੇ ਨਾਲ ਨਾਲ ਨੰਗੇ ਪੈਰ ਪੈਦਲ ਚੱਲਦਾ ਹੋਇਆ ਪ੍ਰਸ਼ਾਦ ਵਰਤਾਉਣ ਦੀ ਸੇਵਾ ਕਰ ਰਿਹਾ ਸੀ। ਉਸ ਨੂੰ ਜ਼ਬਰਦਸਤ ਕਰੰਟ ਲੱਗ ਗਿਆ, ਜਿਸ ਕਰਕੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ । ਇੱਥੇ ਇਹ ਵੀ ਦੱਸਣ ਯੋਗ ਹੈ ਕਿ ਕਰੰਟ ਆਉਣ ਨਾਲ ਕੁਝ ਟਰਾਲੀ ਉੱਪਰ ਬੈਠੇ ਕੁਝ ਨੌਜਵਾਨ ਸੇਵਾਦਾਰਾਂ ਨੂੰ ਵੀ ਝਟਕਾ ਲੱਗਾ। ਇਸ ਉਪਰੰਤ ਸੇਵਾਦਾਰਾਂ ਅਤੇ ਸਥਾਨਕ ਲੋਕਾਂ ਨੇ ਬਿਕਰਮਜੀਤ ਸਿੰਘ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਘਟਨਾ ਦੀ ਖਬਰ ਫੈਲਦਿਆਂ ਹੀ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ ਹੈ।