ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਵੱਲੋਂ 1923 ਵਿਚ ਸਥਾਪਿਤ ਕੀਤੇ ਗਏ 'ਬੁੰਗਾ ਮਸਤੂਆਣਾ ਸਾਹਿਬ' ਦਾ 100 ਸਾਲਾ ਸਥਾਪਨਾ ਦਿਵਸ 30 ਸਤੰਬਰ ਤੋਂ 2 ਅਕਤੂਬਰ ਨੂੰ ਬੁੰਗਾ ਮਸਤੂਆਣਾ ਸਾਹਿਬ ਤਲਵੰਡੀ ਸਾਬੋ ਵਿਖੇ ਬੜੇ ਪੇ੍ਮ, ਉਤਸ਼ਾਹ ਤੇ ਚੜ੍ਹਦੀ ਕਲਾ ਨਾਲ ਮਨਾਇਆ ਜਾ ਰਿਹਾ ਹੈ। ਸਮਾਗਮ ਵਿਚ ਕਲਗੀਧਰ ਟ੍ਸਟ ਬੜੂ ਸਾਹਿਬ ਗੁਰਦੁਆਰਾ ਜਨਮ ਅਸਥਾਨ ਚੀਮਾ ਵੱਲੋਂ ਸਾਰੀਆਂ ਸੇਵਾਵਾਂ 'ਚ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਗੁਰਦੁਆਰਾ ਜਨਮ ਅਸਥਾਨ ਚੀਮਾ ਤੋਂ 30 ਸਤੰਬਰ ਨੂੰ ਸਵੇਰੇ 6:30 ਵਜੇ ਮਹਾਨ ਨਗਰ ਕੀਰਤਨ ਆਰੰਭ ਹੋਵੇਗਾ ਜੋ ਕਿ ਸ਼ਾਮ ਨੂੰ ਸਾਢੇ 5 ਵਜੇ ਤੱਕ ਬੁੰਗਾ ਮਸਤੂਆਣਾ ਸਾਹਿਬ ਤਲਵੰਡੀ ਸਾਬੋ ਵਿਖੇ ਪਹੁੰਚ ਕੇ ਸਮਾਪਤ ਹੋਵੇਗਾ।
ਬੁੰਗਾ ਮਸਤੂਆਣਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਕਾਕਾ ਸਿੰਘ ਜੀ ਅਤੇ ਮਸਤੂਆਣਾ ਸੰਪਰਦਾ ਦੇ ਪ੍ਰਧਾਨ ਸੰਤ ਬਾਬਾ ਟੇਕ ਸਿੰਘ ਧਨੌਲਾ, 'ਨਗਰ ਕੀਰਤਨ' ਦਾ 'ਸੱਦਾ-ਪੱਤਰ' ਦੇਣ ਲਈ ਉਚੇਚੇ ਤੌਰ 'ਤੇ ਗੁਰਦੁਆਰਾ ਜਨਮ ਅਸਥਾਨ ਚੀਮਾ ਵਿਖੇ ਪਹੁੰਚੇ। ਭਾਈ ਜਗਜੀਤ ਸਿੰਘ ਕਾਕਾ ਵੀਰ ਜੀ,ਭਾਈ ਕਰਮਜੀਤ ਸਿੰਘ, ਨਗਰ ਦੀ ਹਾਜ਼ਰ ਸੰਗਤ ਤੇ ਪਤਵੰਤਿਆਂ ਵੱਲੋਂ ਮਹਾਂਪੁਰਸ਼ਾਂ ਨੂੰ 'ਜੀ ਆਇਆਂ' ਆਖਿਆ। ਸੰਤ ਬਾਬਾ ਕਾਕਾ ਸਿੰਘ ਤੇ ਸੰਤ ਬਾਬਾ ਟੇਕ ਸਿੰਘ ਨੇ ਕਲਗੀਧਰ ਟਰੱਸਟ ਤੇ ਨਗਰ ਦੀ ਸੰਗਤ ਵੱਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਤੇ ਸੰਗਤਾਂ ਦੇ ਉਤਸ਼ਾਹ ਦੀ ਸ਼ਲਾਘਾ ਕਰਦਿਆਂ ਉਹਨਾਂ ਦਾ ਧੰਨਵਾਦ ਵੀ ਕੀਤਾ। ਪੁੱਜੀਆਂ ਸ਼ਖ਼ਸੀਅਤਾਂ ਦਾ ਗੁਰਦੁਆਰਾ ਸਾਹਿਬ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਗੁਰਦੁਆਰਾ ਨਾਨਕਸਰ ਦੇ ਰਿਸੀਵਰ ਜਥੇਦਾਰ ਦਰਬਾਰਾ ਸਿੰਘ, ਗੁਰਜੰਟ ਸਿੰਘ ਮਾਨ, ਮਾਰਕੀਟ ਕਮੇਟੀ ਚੀਮਾ ਦੇ ਚੇਅਰਮੈਨ ਦਰਸ਼ਨ ਸਿੰਘ ਗੀਤੀ ਮਾਨ, ਜਥੇਦਾਰ ਲੀਲਾ ਸਿੰਘ, ਨਗਰ ਪੰਚਾਇਤ ਪ੍ਰਧਾਨ ਅਵਤਾਰ ਸਿੰਘ ਤਾਰੀ, ਸਰਬਜੀਤ ਸਿੰਘ ਬਾਗ. ਵਾਲਾ, ਕਾਂਗਰਸੀ ਆਗੂ ਤਾਰਾ ਸਿੰਘ, ਰਾਜਵਿੰਦਰ ਸਿੰਘ ਰਾਜੂ ਨੰਬਰਦਾਰ,ਕਾਕਾ ਸਿੰਘ, ਹਰਦੇਵ ਸਿੰਘ ਨਿੱਕਾ, ਦਰਸ਼ਨ ਸਿੰਘ ਬਾਬੇ ਕਾ, ਜਗਤਾਰ ਸਿੰਘ ਬਾਬੇ ਕਾ, ਸਤਿਗੁਰ ਸਿੰਘ ਵਾਲੀਆ, ਕਪੂਰ ਸਿੰਘ ਅਤੇ ਮਿੱਠਾ ਸਿੰਘ ਮਾਨ ਆਦਿ ਹਾਜ਼ਰ ਸਨ।