ਚੰਡੀਗੜ੍ਹ :ਪੰਜਾਬ ਰੋਡਵੇਜ਼ ਦੇ ਕੱਚੇ ਕਾਮਿਆਂ ਦੀ ਹੜਤਾਲ ਖ਼ਤਮ ਹੋ ਗਈ ਹੈ। ਜਾਣਕਾਰੀ ਅਨੁਸਾਰ ਪੰਜਾਬ ਰੋਡਵੇਜ਼ ਪਨਬਸ ਕੰਟ੍ਰੈਕਟ ਯੂਨੀਅਨ ਦੀ 29 ਸਤੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਤੈਅ ਹੋਈ ਹੈ। ਕੈਬਨਿਟ ਮੰਤਰੀ ਲਾਲਜੀਤ ਭੁੱਲ ਨੇ ਹਰ ਸਾਲ 5 ਫ਼ੀਸਦ ਤਨਖ਼ਾਹ ਵਾਧੇ ਦਾ ਭਰੋਸਾ ਦਿੱਤਾ ਹੈ। ਇਸ ਤੋਂ ਇਲਾਵਾ ਸਰਕਾਰ ਬਰਖ਼ਾਸਤ ਮੁਲਾਜ਼ਮਾਂ ਨੂੰ 15 ਦਿਨਾਂ ਦੇ ਅੰਦਰ ਬਹਾਲ ਕਰਨ ਲਈ ਵੀ ਰਾਜ਼ੀ ਹੋ ਗਈ ਹੈ। ਦਰਅਸਲ ਵੱਡੀ ਗਿਣਤੀ ਰੂਟਾਂ 'ਤੇ ਹੜਤਾਲੀ ਮੁਲਾਜ਼ਮ ਹੀ ਬੱਸਾਂ ਚਲਾਉਂਦੇ ਹਨ, ਇਸ ਲਈ ਲੋਕਾਂ ਦੀ ਖੱਜਲ-ਖੁਆਰੀ ਰੋਕਣ ਲਈ ਮੀਟਿੰਗ ਤੈਅ ਕੀਤੀ ਗਈ ਹੈ।
ਜ਼ਿਕਰਯੋਗ ਹੈ ਅੱਜ ਪੰਜਾਬ ਰੋਡਵੇਜ਼ ਪਨਬੱਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਆਗੂਆਂ ਦੀ ਚੰਡੀਗੜ੍ਹ ਵਿਖੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨਾਲ ਮੀਟਿੰਗ ਸੀ। ਯੂਨੀਅਨ ਨੇ ਐਲਾਨ ਕੀਤਾ ਹੋਇਆ ਸੀ ਕਿ ਜੇਕਰ ਮੀਟਿੰਗ 'ਚ ਕੋਈ ਹੱਲ ਨਾ ਨਿਕਲਿਆ ਤਾਂ ਅਗਲਾ ਫੈਸਲਾ ਸਖ਼ਤ ਲਿਆ ਜਾਵੇਗਾ। ਇਸ ਸਬੰਧੀ ਪਹਿਲਾਂ ਹੀ ਕਾਮਿਆਂ ਵੱਲੋਂ ਬੱਸਾਂ ਰੋਕ ਕੇ ਬੱਸ ਅੱਡਿਆਂ ਤੇ ਡਿੱਪੂਆਂ 'ਤੇ ਇਕੱਠੇ ਹੋ ਕੇ ਰੋਸ਼ ਜ਼ਾਹਰ ਕੀਤਾ ਗਿਆ। ਪੱਕੇ ਮੁਲਾਜ਼ਮ ਤੇ ਇਨ੍ਹਾਂ ਤੋਂ ਅਲੱਗ ਜਥੇਬੰਦੀਆਂ ਦੇ ਕਰਮਚਾਰੀਆਂ ਵੱਲੋਂ ਤਾਂ ਡਿਊਟੀ ਕੀਤੀ ਜਾ ਰਹੀ ਹੈ ਪਰ ਵੱਡੀ ਗਿਣਤੀ 'ਚ ਇਹ ਹੜਤਾਲੀ ਮੁਲਾਜ਼ਮ ਹੀ ਰੂਟਾਂ ਤੇ ਬੱਸਾਂ ਚਲਾ ਰਹੇ ਸਨ।
3200 ਬੱਸਾਂ ਦਾ ਚੱਕਾ ਰਿਹਾ ਜਾਮ
ਲਗਪਗ 7200 ਕੱਚੇ ਕਾਮਿਆਂ ਦੀ ਹੜਤਾਲ ਕਾਰਨ ਸੂਬੇ ਭਰ 'ਚ 3200 ਬੱਸਾਂ ਦਾ ਚੱਕਾ ਜਾਮ ਹੋ ਗਿਆ ਜਿਸ ਨਾਲ ਦੂਰ-ਦੁਰਾਡੇ ਤੋਂ ਆਪਣੇ ਕੰਮਾਂਕਾਰਾਂ ਲਈ ਘਰੋਂ ਨਿਕਲਣ ਵਾਲੇ ਲੋਕ ਕਈ-ਕਈ ਘੰਟਿਆਂ ਦਾ ਸਮਾਂ ਲਗਾ ਕੇ ਆਪਣੀਆਂ ਮੰਜਿਲਾਂ 'ਤੇ ਪਹੁੰਚੇ। ਵੱਡੀ ਗਿਣਤੀ 'ਚ ਲੋਕ ਬੱਸ ਅੱਡਿਆਂ 'ਤੇ ਖੱਜਲ ਖੁਆਰ ਹੁੰਦੇ ਆਮ ਦੇਖੇ ਗਏ।