ਖੇਤਾਂ 'ਚੋਂ ਕਿਸਾਨਾਂ ਦੀਆਂ ਮੋਟਰਾਂ ਤੋਂ ਕੇਬਲਾਂ ਕੱਟਣ ਦੇ ਮਾਮਲੇ ਦਿਨੋਂ-ਦਿਨ ਵਧਦੇ ਜਾ ਰਹੇ ਹਨ, ਜਿਸ ਨਾਲ ਕਿਸਾਨਾਂ ਦਾ ਜਿੱਥੇ ਭਾਰੀ ਆਰਥਿਕ ਨੁਕਸਾਨ ਹੋ ਰਿਹਾ ਹੈ ਉਥੇ ਕਿਸਾਨਾਂ ਨੂੰ ਖੱਜਲ-ਖੁਆਰੀ ਵਧੇਰੇ ਹੋ ਰਹੀ ਹੈ। ਲੋਕ ਆਪਣੀ ਪੱਧਰ 'ਤੇ ਪਹਿਰੇ ਲਾ ਕੇ ਚੋਰਾਂ ਨੂੰ ਫੜ੍ਹ ਰਹੇ ਹਨ। ਪਿੰਡ ਰੋਗਲਾ 'ਚ ਕਿਸਾਨਾਂ ਵੱਲੋਂ ਕੇਬਲ ਚੋਰ ਗਰੋਹ ਦੇ ਦੋ ਸਾਥੀ ਫੜ ਕੇ ਲਿਆਂਦੇ ਗਏ। ਇਕੱਠੇ ਹੋਏ ਕਿਸਾਨਾਂ ਨੇ ਦੱਸਿਆ ਕਿ ਪਿੰਡਾਂ ਵਿੱਚ ਮੋਟਰਾਂ ਕੇਬਲ ਚੋਰੀ ਹੋਣ ਦੀਆਂ ਵਾਰਦਾਤਾਂ ਆਏ ਦਿਨ ਵਧ ਰਹੀਆਂ ਹਨ। ਮਹਿੰਗੇ ਭਾਅ ਦੀਆਂ ਕੇਬਲਾਂ ਕੱਟੀਆਂ ਜਾ ਰਹੀਆਂ ਹਨ ਪਰ ਪ੍ਰਸ਼ਾਸਨ ਵੱਲੋਂ ਕੀਤੀ ਕਾਰਵਾਈ ਕਿਧਰੇ ਨਜ਼ਰ ਨਹੀਂ ਆ ਰਹੀ। ਲੋਕਾਂ ਵਲੋਂ ਉਕਤ ਤਾਰਾਂ ਚੋਰੀ ਕਰਨ ਵਾਲੇ ਕੌਹਰੀਆਂ ਪੁਲਿਸ ਦੇ ਹਵਾਲੇ ਕਰ ਦਿੱਤੇ।
ਲੋਕਾਂ ਨੇ ਦੱਸਿਆ ਕਿ ਦੋ ਜਣੇ ਤਾਰਾਂ ਦੇ ਵੱਡੇ ਜਖ਼ੀਰੇ ਸਮੇਤ ਫੜੇ ਗਏ ਜਦਕਿ ਇਨ੍ਹਾਂ ਦੇ ਦੋ ਸਾਥੀ ਭੱਜਣ 'ਚ ਕਾਮਯਾਬ ਹੋ ਗਏ। ਲੋਕਾਂ ਵੱਲੋਂ ਪੁਲਿਸ ਪ੍ਰਤੀ ਦੇ ਵਤੀਰੇ ਪ੍ਰਤੀ ਨਾਰਾਜ਼ਗੀ ਜ਼ਾਹਿਰ ਕੀਤੀ ਗਈ।
ਗੁਰਦੇਵ ਸਿੰਘ ਇੰਚਾਰਜ ਪੁਲਿਸ ਚੌਕੀ ਕੌਹਰੀਆਂ ਨੇ ਦੱਸਿਆ ਕਿ ਦੋ ਜਣਿਆਂ ਨੂੰ ਕਾਬੂ ਕਰ ਲਿਆ ਗਿਆ ਹੈ। ਉਨ੍ਹਾਂ ਤੋਂ ਪੁੱਛਗਿੱਛ ਕਰ ਕੇ ਬਾਕੀ ਸਾਥੀਆਂ ਦੀ ਭਾਲ ਕੀਤੀ ਜਾਵੇਗੀ। ਪੁੱਛਗਿੱਛ ਕਰਨ ਉਪਰੰਤ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
ਕਿਸਾਨ ਆਗੂ ਦਿਲਬਾਗ ਸਿੰਘ ਹਰੀਗੜ੍ਹ ਨੇ ਕਿਹਾ ਕਿ ਹਰ ਰੋਜ ਕਿਸਾਨਾਂ ਦੀਆਂ ਮੋਟਰਾਂ ਤੋਂ ਕੇਬਲ ਤਾਰਾਂ ਚੋਰੀ ਹੋ ਰਹੀਆਂ ਹਨ ਪਰ ਪ੍ਰਸਾਸ਼ਨ ਕੋਈ ਕਾਰਵਾਈ ਨਹੀਂ ਕਰ ਰਿਹਾ। ਕਿਸਾਨ ਆਪਣੀ ਪੱਧਰ 'ਤੇ ਖੇਤਾਂ 'ਚ ਪਹਿਰੇ ਲਾਉਣ ਲਈ ਮਜਬੂਰ ਹਨ। ਚੋਰਾਂ ਦੇ ਹੌਸਲੇ ਦਿਨੋ ਦਿਨ ਵਧਦੇ ਜਾ ਰਹੇ ਹਨ। ਉਨਾਂ ਕਿਹਾ ਕਿ ਜਿਸ ਵੀ ਕਿਸਾਨ ਦੀ ਕੇਬਲ ਚੋਰੀ ਹੁੰਦੀ ਹੈ ਉਹ ਪੁਲਿਸ ਨੂੰ ਲਿਖਤੀ ਦਰਖਾਸਤ ਜ਼ਰੂਰ ਦੇਵੇ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਚੋਰਾਂ ਨਾਲ ਸਖ਼ਤੀ ਨਾਲ ਨਜਿੱਠੇ ਤਾਂ ਚੋਰੀ ਦੀਆਂ ਵਾਰਦਾਤਾਂ ਘਟ ਸਕਦੀਆਂ ਹਨ।