ਬਠਿੰਡਾ : ਸ਼ਹਿਰ ਦੇ ਸ਼ਹੀਦ ਸੰਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਅਧਿਆਪਕਾਂ ਵੱਲੋਂ ਸਕੂਲ ਦੇ ਵਿਦਿਆਰਥੀਆਂ ਦੇ ਗੁੱਟਾਂ ਵਿਚ ਪਾਏ ਕੜੇ ਲਹਾਉਣ ਦਾ ਮਾਮਲਾ ਪੂਰੀ ਤਰ੍ਹਾਂ ਗਰਮਾ ਗਿਆ ਹੈ। ਮੈਂਬਰ ਪਾਰਲੀਮੈਂਟ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੜੇ ਉਤਰਵਾਉਣ ਵਾਲੇ ਸਕੂਲ ਪ੍ਰਬੰਧਕਾਂ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕੜੇ ਲੁਹਾਏ ਜਾਣ ਦੀ ਵਾਇਰਲ ਹੋਈ ਵੀਡੀਓ ਨੂੰ ਆਪਣੇ ਫੇਸਬੁੱਕ ਪੇਜ ’ਤੇ ਸ਼ੇਅਰ ਕਰ ਕੇ ਲਿਖਿਆ ਹੈ ਕਿ ਪੰਜਾਬ ਦੀ ਧਰਤੀ ਜਿੱਥੇ ਦਸਮ ਗੁਰੂ ਸਾਹਿਬ ਨੇ ਖਾਲਸਾ ਪੰਥ ਦੀ ਸਿਰਜਣਾ ਕਰ ਕੇ ਸਿੱਖਾਂ ਨੂੰ ਪੰਜ ਕੱਕਾਰਾਂ ਦੀ ਅਦੁੱਤੀ ਦਾਤ ਰਾਹੀਂ ਵਿਲੱਖਣ ਪਛਾਣ ਬਖ਼ਸ਼ੀ ਸੀ। ਅੱਜ ਉਸੇ ਪੰਜਾਬ ਦੀ ਧਰਤੀ ਉੱਤੇ ਕੱਕਾਰਾਂ 'ਤੇ ਹਮਲੇ ਹੋ ਰਹੇ ਹਨ।
ਪਿਛਲੇ ਦਿਨੀਂ ਸਿੱਖ ਖਿਡਾਰੀਆਂ ਨੂੰ ਦਸਤਾਰ ਉੱਤੇ ਹੈਲਮੇਟ ਨਾ ਪਹਿਨਣ ਕਰ ਕੇ ਖੇਡ ਮੁਕਾਬਲੇ 'ਚੋਂ ਬਾਹਰ ਕੱਢ ਦਿੱਤਾ ਗਿਆ। ਲੋਕਤੰਤਰੀ ਦੇਸ਼ ਵਿਚ ਰਹਿੰਦਿਆਂ ਕਿਸੇ ਵੀ ਕੌਮ ਦੇ ਧਾਰਮਿਕ ਚਿੰਨ੍ਹਾਂ ਉੱਤੇ ਅਜਿਹੇ ਹਮਲੇ ਸਾਜਿਸ਼ੀ, ਖ਼ਤਰਨਾਕ ਅਤੇ ਤਣਾਅ ਪੈਦਾ ਕਰਨ ਵਾਲੇ ਹਨ। ਇਕ ਸਿੱਖ ਮੁੱਖ ਮੰਤਰੀ ਦੇ ਹੁੰਦਿਆਂ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਅਤੇ ਸੰਸਥਾਵਾਂ ਨੂੰ ਵਾਰ ਵਾਰ ਨਿਸ਼ਾਨੇ 'ਤੇ ਲਿਆ ਜਾਣਾ ਭਗਵੰਤ ਮਾਨ ਸਰਕਾਰ ਦੇ ਸਿੱਖ ਵਿਰੋਧੀ ਰਵੱਈਏ ਦਾ ਪ੍ਰਗਟਾਅ ਹੈ। ਦੋਸ਼ੀ ਸਕੂਲ ਦੇ ਪ੍ਰਬੰਧਕਾਂ ਖ਼ਿਲਾਫ਼ ਤੁਰੰਤ ਕਰਵਾਈ ਕੀਤੀ ਜਾਣੀ ਚਾਹੀਦੀ ਹੈ।